ਬਰਨਾਲਾ: ਕੇਂਦਰ ਸਰਕਾਰ ਵਲੋਂ ਬਣਾਏ ਤਿੰਨ ਖੇਤੀ ਕਾਨੂੰਨਾਂ ਖਿਲਾਫ਼ ਦਿੱਲੀ ਵਿਖੇ ਲਗਾਤਾਰ ਕਿਸਾਨਾਂ ਦਾ ਅੰਦੋਲਨ ਜਾਰੀ ਹੈ। ਇਸ ਅੰਦੋਲਨ ਦੌਰਾਨ ਜਿੱਥੇ ਪੰਜਾਬ ਦੇ ਪਿੰਡਾਂ ਵਿੱਚੋਂ ਕਿਸਾਨ ਵਾਰੋ ਵਾਰੀ ਦਿੱਲੀ ਮੋਰਚੇ 'ਚ ਹਾਜ਼ਰੀ ਲਵਾ ਰਹੇ ਹਨ, ਪਰ ਕੁੱਝ ਕਿਸਾਨ ਆਗੂਆਂ 'ਚ ਕਿਸਾਨ ਸੰਘਰਸ਼ ਦਾ ਜਨੂੰਨ ਏਨਾ ਜਿਆਦਾ ਹੈ ਕਿ ਉਹ ਆਪਣੇ ਘਰ ਬਾਰ ਛੱਡ ਕੇ ਕਿਸਾਨੀ ਸੰਘਰਸ਼ ਨੂੰ ਸਮਰਪਿੱਤ ਹੋ ਚੁੱਕੇ ਹਨ। ਇਹਨਾਂ ਕਿਸਾਨ ਆਗੂਆਂ ਵਿੱਚੋਂ ਇੱਕ ਹੈ ਜਗਸੀਰ ਸਿੰਘ ਛੀਨੀਵਾਲ। ਜੋ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਬਰਨਾਲਾ ਜ਼ਿਲ੍ਹੇ ਦਾ ਪ੍ਰਧਾਨ ਹੈ।
ਜਗਸੀਰ ਪਿਛਲੇ 100 ਦਿਨਾਂ 'ਚ ਇੱਕ ਦਿਨ ਵੀ ਪਿੰਡ ਨਹੀਂ ਮੁੜਿਆ। ਉਹ ਮੋਰਚੇ ਵਿੱਚ ਆਪਣੇ 100 ਦਿਨ ਪੂਰੇ ਹੋਣ ਉਪਰੰਤ ਬਰਨਲਾ ਪੁੱਜਾ, ਜਿੱਥੇ ਉਸਦਾ ਜੱਥੇਬੰਦੀ ਦੇ ਆਗੂਆਂ ਅਤੇ ਵਰਕਰਾਂ ਵਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ। ਜਗਸੀਰ ਨੇ ਦੱਸਿਆ ਕਿ ਕਿਸਾਨਾਂ ਦੇ ਹੌਂਸਲੇ 100 ਦਿਨਾਂ ਬਾਅਦ ਵੀ ਬੁਲੰਦ ਹਨ। ਕਣਕ ਦੀ ਵਾਢੀ ਨੂੰ ਲੈ ਕੇ ਸੰਘਰਸ਼ 'ਚ ਕਿਸਾਨਾਂ ਦੀ ਹਾਜ਼ਰੀ ਜ਼ਰੂਰੀ ਕਰਨ ਦੇ ਮੱਦੇਨਜ਼ਰ ਕਿਸਾਨਾਂ ਦੀਆਂ ਡਿਊਟੀਆਂ ਲਗਾਉਣ ਲਈ ਸਿਰਫ਼ 7 ਦਿਨ ਲਈ ਹੀ ਪਿੰਡ ਆਇਆ ਹੈ ਅਤੇ ਸੱਤ ਦਿਨਾਂ ਬਾਅਦ ਮੁੜ ਦਿੱਲੀ ਮੋਰਚੇ ਵਿੱਚ ਪਹੁੰਚੇਗਾ। ਉਹਨਾਂ ਕਿਹਾ ਕਿ ਇਨ੍ਹਾਂ ਸੱਤ ਦਿਨਾਂ 'ਚ ਉਹ ਸੰਘਰਸ਼ ਦੀ ਅਗਲੀ ਰਣਨੀਤੀ ਬਣਾਉਣਗੇ ਅਤੇ ਖੇਤੀ ਕਾਨੂੰਨ ਰੱਦ ਕਰਵਾਏ ਬਿਨ੍ਹਾਂ ਸੰਘਰਸ਼ ਖ਼ਤਮ ਨਹੀਂ ਕਰਨਗੇ।
ਉਨ੍ਹਾਂ ਕਿਹਾ ਕਿ ਦੇਸ਼ ਦੇ ਲੱਖਾਂ ਕਿਸਾਨ ਦਿੱਲੀ ਮੋਰਚੇ ਵਿੱਚ ਡਟੇ ਹੋਏ ਹਨ। ਸੰਯੁਕਤ ਮੋਰਚੇ ਵਲੋਂ ਕਿਸਾਨ ਆਗੂਆਂ ਦੀਆਂ ਕਣਕ ਦੀ ਵਾਢੀ ਨੂੰ ਲੈ ਕੇ ਡਿਊਟੀਆਂ ਲਗਾਈਆਂ ਗਈਆਂ ਹਨ। ਜਿਸ ਨੂੰ ਲੈ ਕੇ ਜ਼ਿਲ੍ਹਾ ਪੱਧਰੀ ਮੀਟਿੰਗ ਕੀਤੀ ਗਈ ਹੈ ਤਾਂ ਕਿ ਵਾਢੀ ਦੇ ਸੀਜ਼ਨ ਦੌਰਾਨ ਕਿਸਾਨੀ ਸੰਘਰਸ਼ ਉਪਰ ਕੋਈ ਅਸਰ ਨਾ ਪਵੇ। ਉਹਨਾਂ ਕਿਹਾ ਕਿ ਸੰਘਰਸ਼ ਨੂੰ ਤੇਜ਼ ਕਰਨ ਲਈ ਚੋਣ ਮੈਦਾਨ ਵਾਲੇ ਸੂਬਿਆਂ 'ਚ ਕਿਸਾਨ ਜੱਥੇਬੰਦੀਆਂ ਕਿਸਾਨਾਂ ਦੀਆਂ ਰੈਲੀਆਂ ਕਰਨ ਜਾ ਰਹੀਆਂ ਹਨ। ਜਿਸ ਤਹਿਤ ਭਾਜਪਾ ਨੂੰ ਦੇਸ਼ ਭਰ 'ਚ ਘੇਰਿਆ ਜਾ ਰਿਹਾ ਹੈ। ਹਰ ਹਾਲਤ 'ਚ ਖੇਤੀ ਕਾਨੂੰਨ ਰੱਦ ਹੋਣਗੇ ਅਤੇ ਕਿਸਾਨਾਂ ਦੀ ਜਿੱਤ ਹੋਵੇਗੀ।
ਇਹ ਵੀ ਪੜ੍ਹੋ:ਬ੍ਰਿਟਿਸ਼ ਸੰਸਦ 'ਚ ਗੂੰਜਿਆ ਕਿਸਾਨਾਂ ਦਾ ਮੁੱਦਾ, ਪੰਜਾਬ 'ਚ ਭਖੀ ਸਿਆਸਤ