ਬਰਨਾਲਾ: ਪੰਜਾਬ ਵਿੱਚ ਝੋਨੇ ਦੀ ਪਰਾਲੀ ਦਾ ਮਸਲਾ ਕਾਫੀ ਗੰਭੀਰ ਮੁੱਦਾ ਬਣਿਆ ਹੋਇਆ ਹੈ। ਜਿੱਥੇ ਸਰਕਾਰ ਕਿਸਾਨ ਨੂੰ ਪਰਾਲੀ ਨਾ ਸਾੜਣ ਲਈ ਪ੍ਰੇਰਿਤ ਕਰ ਰਹੀ ਹੈ ਉੱਥੇ ਹੀ ਕਿਸਾਨ ਪਰਾਲੀ ਸਾੜਣ 'ਤੇ ਅੜੇ ਹੋਏ ਹਨ। ਕਿਸਾਨਾਂ ਨੂੰ ਪਰਾਲੀ ਨਾ ਸਾੜਣ ਲਈ ਪੰਜਾਬ ਸਰਕਾਰ ਵੱਲੋਂ ਪਿੰਡਾਂ ਵਿੱਚ ਬੈਨਰ ਲਗਾਏ ਜਾ ਰਹੇ ਹਨ। ਬਰਨਾਲਾ ਦੇ ਪਿੰਡ ਠੀਕਰੀਵਾਲ ਅਤੇ ਰਾਏਸਰ ਵਿੱਚ ਕਿਸਾਨਾਂ ਨੇ ਸਰਕਾਰੀ ਬੈਨਰਾਂ ਨੂੰ ਪਾੜਿਆ ਤੇ ਬੈਨਰਾਂ ਨੂੰ ਅੱਗ ਲਗਾਈ ਦਿੱਤੀ ਹੈ ਜਿਸ ਦੀ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ। ਪਿੰਡ ਠੀਕਰੀਵਾਲਾ ਵਿੱਚ ਇੱਕ ਬੈਨਰ ਲਗਾਉਣ ਆਏ ਟੈਂਪੂ ਦਾ ਪਿੰਡ ਦੇ ਕਿਸਾਨਾਂ ਵੱਲੋਂ ਘਿਰਾਓ ਕੀਤਾ ਗਿਆ ਤੇ ਟੈਂਪੂ ਵਿੱਚ ਪਏ ਬੈਨਰਾਂ ਨੂੰ ਕਿਸਾਨਾਂ ਨੇ ਸਾੜ ਦਿੱਤਾ।
ਪਹਿਲੀ ਵਾਇਰਲ ਵੀਡੀਓ ਪਿੰਡ ਠੀਕਰੀਵਾਲ ਦੀ ਹੈ, ਜਿਸ ਵਿੱਚ ਲੋਕ ਟੈਂਪੂ ਤੋਂ ਬੈਨਰ ਕੱਢ ਕੇ ਪਾੜ ਰਹੇ ਹਨ ਤੇ ਟੈਂਪੂ ਚਾਲਕ ਲੋਕਾਂ ਦੇ ਵਿੱਚ ਦੀ ਟੈਂਪੂ ਕੱਢ ਕੇ ਭੱਜਦਾ ਦਿਖਾਈ ਦੇ ਰਿਹਾ ਹੈ। ਕਿਸਾਨਾਂ ਵੱਲੋਂ ਕੀਤੀ ਗਈ ਅਜਿਹੀ ਕਾਰਵਾਈ ਪਰਾਲੀ ਨੂੰ ਲੈ ਕੇ ਸਰਕਾਰ ਪ੍ਰਤੀ ਰੋਸ ਨੂੰ ਦਿਖਾ ਰਹੀ ਹੈ।
ਦੂਜੀ ਵਾਇਰਲ ਵੀਡੀਓ ਪਿੰਡ ਰਾਏਸਰ ਦੀ ਹੈ ਜੋ ਕਿ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ। ਇਸ ਵਿੱਚ ਵਾਇਰਲ ਵੀਡੀਓ ਵਿੱਚ ਨੌਜਵਾਨ ਸਰਕਾਰੀ ਬੋਰਡਾਂ ਨੂੰ ਅੱਗ ਲਗਾ ਰਹੇ ਹਨ। ਨੌਜਵਾਨ ਵਾਇਰਲ ਵੀਡੀਓ ਵਿੱਚ ਕਹਿ ਰਹੇ ਹਨ ਕਿ ਸਰਕਾਰ ਪਰਾਲੀ ਨੂੰ ਅੱਗ ਨਾ ਲਾਉਣ ਤੋਂ ਮਨਾਂ ਕਰ ਰਹੀ ਹੈ ਪਰ ਸਰਕਾਰ ਨੇ ਪਾਰਲੀ ਨਾ ਸਾੜਣ ਉੱਤੇ ਜੋ ਮੁਆਵਜ਼ਾ ਦੇਣ ਦੀ ਗੱਲ ਕਹੀ ਹੈ ਉਸ ਨੂੰ ਉਹ ਪੂਰਾ ਨਹੀਂ ਕਰ ਰਹੀ ਹੈ।
ਜ਼ਿਕਰਯੋਗ ਹੈ ਕਿ ਜਿਸ ਤਰ੍ਹਾਂ ਕਿਸਾਨਾਂ ਵੱਲੋਂ ਪਰਾਲੀ ਨਾ ਸਾੜਣ ਦੇ ਸਰਕਾਰੀ ਬੋਰਡਾਂ ਉੱਤੇ ਗੁੱਸਾ ਕੱਢਿਆ ਜਾ ਰਿਹਾ ਹੈ। ਇਸ ਤੋਂ ਸਰਕਾਰ ਵਿਰੁੱਧ ਕਿਸਾਨਾਂ ਦੇ ਗੁੱਸੇ ਦੀ ਝਲਕ ਸਾਹਮਣੇ ਆ ਰਹੀ ਹੈ। ਇਸ ਕਰਕੇ ਆਉਣ ਵਾਲੇ ਦਿਨਾਂ ਵਿੱਚ ਝੋਨੇ ਦੀ ਪਰਾਲੀ ਨੂੰ ਸਾੜਣ ਦਾ ਮਸਲਾ ਕਾਫ਼ੀ ਗੰਭੀਰ ਹੁੰਦਾ ਦਿਖਾਈ ਦੇ ਰਹੇ ਹਨ।