ਬਰਨਾਲਾ : ਸਾਵਧਾਨ! ਜ਼ਰਾ ਸੰਭਲ ਕੇ ਚੱਲੋ, ਅੱਗੇ ਬਰਨਾਲਾ ਸ਼ਹਿਰ ਦੀ ਹੱਦ ਸ਼ੁਰੂ ਹੁੰਦੀ ਹੈ। ਇਹ ਚੇਤਾਵਨੀ ਬਰਨਾਲਾ ਸ਼ਹਿਰ ਦਾ ਵਿਕਾਸ ਦੇ ਰਿਹਾ ਹੈ।
ਜਾਣਕਾਰੀ ਮੁਤਾਬਕ ਪਿਛਲੇ ਕਰੀਬ 3-4 ਸਾਲ ਤੋਂ ਸ਼ਹਿਰ ਵਿੱਚ ਸੀਵਰੇਜ਼ ਪਾਉਣ ਦਾ ਕੰਮ ਚੱਲ ਰਿਹਾ ਹੈ। ਜਿਸ ਕਾਰਨ ਚਾਰੇ ਪਾਸਿਓਂ ਸ਼ਹਿਰ ਦੀਆਂ ਸੜਕਾਂ ਬੁਰੀ ਤਰ੍ਹਾਂ ਪੁੱਟੀਆਂ ਹੋਈਆਂ ਹਨ। ਸ਼ਹਿਰ ਦੇ ਲਗਭਗ ਸਾਰੇ ਆਉਣ-ਜਾਣ ਵਾਲੇ ਰਸਤੇ ਪੁੱਟੇ ਹੋਏ ਹਨ। ਜਿਸ ਕਰਕੇ ਸ਼ਹਿਰ ਵਿੱਚ ਦਾਖ਼ਲ ਹੋਣਾ ਕਿਸੇ ਖਤਰੇ ਨੂੰ ਮੁੱਲ ਲੈਣ ਤੋਂ ਘੱਟ ਨਹੀਂ ਹੈ, ਕਿਉਂਕਿ ਪੁੱਟੇ ਹੋਏ ਰਸਤਿਆਂ ਵਿੱਚ ਮੀਂਹ ਪੈਣ ਕਾਰਨ ਵੱਡੇ-ਵੱਡੇ ਖੱਡੇ ਬਣ ਚੁੱਕੇ ਹਨ ਅਤੇ ਸੜਕਾਂ ਉੱਪਰ ਖੜਾ ਪਾਣੀ ਛੱਪੜ ਦਾ ਭੁਲੇਖਾ ਪਾ ਰਿਹਾ ਹੈ।
ਇਹਨਾਂ ਟੁੱਟੀਆਂ ਸੜਕਾਂ 'ਤੇ ਡਿੱਗ ਕੇ ਕਈ ਲੋਕ ਹਾਦਸਿਆਂ ਦਾ ਸ਼ਿਕਾਰ ਬਣ ਚੁੱਕੇ ਹਨ। ਸ਼ਹਿਰ ਦੇ ਸੱਤਾਧਾਰੀਆਂ ਵੱਲੋਂ ਪਿਛਲੇ ਤਿੰਨ ਸਾਲਾਂ ਤੋਂ ਰਿਕਾਰਡ ਤੋੜ ਵਿਕਾਸ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ, ਪਰ ਵਿਕਾਸ ਅਜੇ ਬਰਨਾਲਾ ਸ਼ਹਿਰ ਦੇ ਨੇੜੇ ਤੇੜੇ ਵੀ ਦਿਖਾਈ ਨਹੀਂ ਦੇ ਰਿਹਾ।
ਇਹ ਵੀ ਪੜ੍ਹੋ : ਬੇਮੌਸਮਾ ਮੀਂਹ : ਅੰਨ ਦਾਤੇ 'ਤੇ ਕੁਦਰਤ ਦਾ ਕਹਿਰ
ਇਸ ਸਬੰਧੀ ਬਰਨਾਲਾ ਨਿਵਾਸੀਆਂ ਦਾ ਕਹਿਣਾ ਹੈ ਕਿ ਲੰਬੇ ਸਮੇਂ ਤੋਂ ਸ਼ਹਿਰ ਵਿੱਚ ਸੀਵਰੇਜ ਪਾਉਣ ਕਰਕੇ ਸੜਕਾਂ ਪੁੱਟੀਆਂ ਹੋਈਆਂ ਹਨ। ਜਿਹਨਾਂ ਕਰਕੇ ਰੋਜ਼ਾਨਾ ਸੜਕ ਹਾਦਸੇ ਹੁੰਦੇ ਹਨ ਅਤੇ ਕੀਮਤੀ ਜਾਨਾਂ ਮੌਤ ਦੇ ਮੂੰਹ ਵਿੱਚ ਜਾ ਰਹੀਆਂ ਹਨ।
ਲੋਕਾਂ ਦਾ ਘਰਾਂ ਤੋਂ ਬਾਹਰ ਨਿਕਲਣਾ ਵੀ ਮੁਸ਼ਕਿਲ ਹੋ ਚੁੱਕਾ ਹੈ। ਦੁਕਾਨਦਾਰਾਂ ਦੇ ਰੁਜ਼ਗਾਰ ਠੱਪ ਹੁੰਦੇ ਜਾ ਰਹੇ ਹਨ। ਬੱਚਿਆਂ ਨੂੰ ਸਕੂਲ ਜਾਣ ਵਿੱਚ ਭਾਰੀ ਪ੍ਰੇਸ਼ਾਨੀ ਆਉਂਦੀ ਹੈ। ਠੇਕੇਦਾਰ ਅਤੇ ਸੀਵਰੇਜ ਪਾ ਰਹੀ ਕੰਪਨੀ ਵਲੋਂ ਕੰਮ ਕਰਨ ਸਮੇਂ ਲਾਪਰਵਾਹੀ ਵਰਤੀ ਜਾ ਰਹੀ ਹੈ। ਜਿਸ ਕਰਕੇ ਮੀਂਹ ਪੈਣ ਕਾਰਨ ਰਸਤਿਆਂ ਵਿੱਚ ਟੋਏ ਪੈ ਚੁੱਕੇ ਹਨ ਅਤੇ ਹਾਦਸੇ ਵਾਪਰ ਰਹੇ ਹਨ। ਉਹਨਾਂ ਕਿਹਾ ਕਿ ਸੱਤਾਧਾਰੀ ਕਾਗਜਾਂ ਵਿੱਚ ਹੀ ਵਿਕਾਸ ਕਰ ਰਹੇ ਹਨ, ਪਰ ਅਸਲ ਵਿੱਚ ਰੱਤਾ ਭਰ ਵੀ ਵਿਕਾਸ ਨਹੀਂ ਹੋਇਆ। ਉਹਨਾਂ ਮੰਗ ਕੀਤੀ ਕਿ ਵਿਕਾਸ ਦੀ ਚਾਲ ਤੇਜ਼ ਕਰਕੇ ਜਲਦ ਤੋਂ ਜਲਦ ਸੜਕਾਂ ਬਣਾਈਆਂ ਜਾਣ ਤਾਂ ਕਿ ਲੋਕਾਂ ਨੂੰ ਰਾਹਤ ਮਿਲ ਸਕੇ।