15288316_BNL
ਬਰਨਾਲਾ: ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੁਣ ਆਪਣੇ ਫਾਰਮ ਚ ਡ੍ਰੈਗਨ ਫਰੂਟ ਦੀ ਖੇਤੀ ਕਰਨਗੇ। ਇਸ ਸਬੰਧੀ ਬਕਾਇਦਾ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਸ਼ਨਿੱਚਰਵਾਰ ਬਾਅਦ ਦੁਪਹਿਰ ਪਿੰਡ ਠੁੱਲੇਵਾਲ (ਬਰਨਾਲਾ) ਦੇ ਔਲਖ ਡ੍ਰੈਗਨ ਫ਼ਾਰਮ ਵਿਚ ਪਹੁੰਚ ਕੇ ਇਸਦੀ ਖੇਤੀ ਸਬੰਧੀ ਜਾਣਕਾਰੀ ਹਾਸਲ ਕੀਤੀ। ਸ਼ਨਿੱਚਰਵਾਰ ਸ਼ਾਮ ਨੂੰ 6 ਵਜੇ ਦੇ ਕਰੀਬ ਬਾਦਲ ਔਲਖ ਡ੍ਰੈਗਨ ਫਾਰਮ ਠੁੱਲੇਵਾਲ ਵਿਖੇ ਪੁੱਜੇ ਤੇ ਕਰੀਬ ਅੱਧਾ ਪੌਣਾ ਘੰਟਾ ਉਨ੍ਹਾਂ ਡ੍ਰੈਗਨ ਦੀ ਖੇਤੀ ਕਰਨ ਵਾਲੇ ਸਤਨਾਮ ਸਿੰਘ ਤੋਂ ਡ੍ਰੈਗਨ ਖੇਤੀ ਸੰਬੰਧੀ ਗੱਲਬਾਤ ਕੀਤੀ।
ਇਸ ਮੌਕੇ ਸਤਨਾਮ ਸਿੰਘ ਨੇ ਬਾਦਲ ਨੂੰ ਦੱਸਿਆ ਕਿ ਉਹ ਪਿਛਲੇ ਚਾਰ ਸਾਲਾਂ ਤੋਂ ਡ੍ਰੈਗਨ ਫਰੂਟ ਦੀ ਖੇਤੀ ਕਰ ਰਹੇ ਹਨ। ਇਸ ਨਾਲ ਜਿੱਥੇ ਪਾਣੀ ਦੀ ਬੱਚਤ ਹੁੰਦੀ ਹੈ ਉਥੇ ਮੁਨਾਫਾ ਵੀ ਚੰਗਾ ਹੁੰਦਾ ਹੈ। ਉਨ੍ਹਾਂ ਬਾਦਲ ਨੂੰ ਦੱਸਿਆ ਕਿ ਇਕ ਏਕੜ ਵਿਚ 500 ਪਿੱਲਰ ਉੱਪਰ 2 ਹਜ਼ਾਰ ਬੂਟਾ ਡ੍ਰੈਗਨ ਫਰੂਟ ਦਾ ਲੱਗ ਜਾਂਦਾ ਹੈ। ਮੰਡੀਆਂ ਤੇ ਬਾਜ਼ਾਰ ਚ ਡ੍ਰੈਗਨ ਫਰੂਟ ਦੀ ਮੰਗ ਬਹੁਤ ਜ਼ਿਆਦਾ ਹੈ। ਪੂਰੀ ਗੱਲਬਾਤ ਕਰਨ ਉਪਰੰਤ ਬਾਦਲ ਨੇ ਕਿਹਾ ਕਿ ਉਹ ਦੋ ਏਕੜ ਚ ਡ੍ਰੈਗਨ ਫਰੂਟ ਦੀ ਖੇਤੀ ਸ਼ੁਰੂ ਕਰਨਗੇ ਇਸ ਤੋਂ ਬਾਅਦ ਰਕਬਾ ਵਧਾਇਆ ਵੀ ਜਾ ਸਕਦਾ।
ਪੱਤਰਕਾਰਾਂ ਨਾਲ ਗੱਲਬਾਤ ਕਰਨ ਤੋਂ ਟਾਲਾ ਵੱਟ ਗਏ ਬਾਦਲ: ਇਸ ਮੌਕੇ ਪੱਤਰਕਾਰਾਂ ਨੇ ਜਦੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਗੱਲ ਕਰਨੀ ਚਾਹੀ ਤਾਂ ਉਹ ਪੱਤਰਕਾਰਾਂ ਨਾਲ ਗੱਲ ਕਰਨ ਤੋਂ ਟਲਦੇ ਰਹੇ। ਆਪ ਸਰਕਾਰ ਵੱਲੋਂ ਪੰਚਾਇਤੀ ਜ਼ਮੀਨਾਂ ਤੋਂ ਛੁਡਵਾਏ ਜਾ ਰਹੇ ਨਾਜਾਇਜ਼ ਕਬਜ਼ਿਆਂ ਸਬੰਧੀ ਸਵਾਲ ਦੇ ਜਵਾਬ 'ਚ ਬਾਦਲ ਨੇ ਕਿਹਾ ਕਿ ਚੰਗੀ ਗੱਲ ਹੈ ਕਿ ਪੰਚਾਇਤੀ ਜ਼ਮੀਨਾਂ ਤੋਂ ਕਬਜ਼ੇ ਛਡਵਾਉਣੇ ਚਾਹੀਦੇ ਹਨ। ਜਦੋਂ ਬਾਦਲ ਨੂੰ ਪੁੱਛਿਆ ਕਿ ਅਕਾਲੀ ਸਰਕਾਰਾਂ ਸਮੇਂ ਇਹ ਨਾਜਾਇਜ਼ ਕਬਜ਼ੇ ਕਿਉਂ ਨਹੀਂ ਛੁਡਵਾਏ ਗਏ ਤਾਂ ਬਾਦਲ ਨੇ ਕਿਹਾ ਕਿ ਕਾਕਾ ਸਰਕਾਰਾਂ ਨੇ ਬਹੁਤ ਦੇਖਣਾ ਹੁੰਦਾ। ਇਸ ਤੋਂ ਬਾਅਦ ਬਾਦਲ ਪੱਤਰਕਾਰਾਂ ਦੇ ਹਰੇਕ ਸਵਾਲ ਨੂੰ ਟਾਲਦਿਆਂ ਅਕਾਲੀ ਆਗੂਆਂ ਤੇ ਵਰਕਰਾਂ ਨਾਲ ਗੱਲਬਾਤ ਕਰ ਕੇ ਚਲੇ ਗਏ।
ਬਾਦਲ ਦਾ ਮਜ਼ਾਕੀਆਂ ਲਹਿਜ਼ਾ ਅਜੇ ਵੀ ਬਰਕਰਾਰ: ਹਰ ਗੱਲ ਨੂੰ ਮਜ਼ਾਕ ਨਾਲ ਟਾਲਣ ਲਈ ਜਾਣੇ ਜਾਂਦੇ ਪ੍ਰਕਾਸ਼ ਸਿੰਘ ਬਾਦਲ ਪਿੰਡ ਠੁੱਲੇਵਾਲ ਵਿਖੇ ਮਜਾਕੀਆਂ ਮੂਡ 'ਚ ਦਿਖੇ। ਇਸ ਮੌਕੇ ਇਸਤਰੀ ਅਕਾਲੀ ਦਲ ਦੀ ਸਾਬਕਾ ਜ਼ਿਲ੍ਹਾ ਪ੍ਰਧਾਨ ਬੀਬੀ ਜਸਵਿੰਦਰ ਕੌਰ ਠੁੱਲੇਵਾਲ ਤੇ ਜ਼ਿਲ੍ਹਾ ਪ੍ਰਧਾਨ ਬੀਬੀ ਬੇਅੰਤ ਕੌਰ ਖਹਿਰਾ ਨੇ ਜਦੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਅਕਾਲੀ ਆਗੂਆਂ ਤੇ ਵਰਕਰਾਂ ਨਾਲ ਜਾਣ ਪਹਿਚਾਣ ਕਰਵਾਈ ਤਾਂ ਬਾਦਲ ਨੇ ਮਜ਼ਾਕੀਆ ਲਹਿਜੇ 'ਚ ਕਿਹਾ ਹੁਣ ਸਾਰੇ ਆਗੂ ਤੇ ਵਰਕਰ ਮੈਨੂੰ 100-100 ਬੂਟਾ ਡ੍ਰੈਗਨ ਫਰੂਟਾਂ ਦਾ ਲੈ ਕੇ ਦਿਓ l ਇਸ ਉਪਰੰਤ ਬਾਦਲ ਨੇ ਕਿਹਾ ਕਿ ਅਜਿਹੀ ਕੋਈ ਗੱਲ ਨਹੀਂ ਉਹ ਤਾਂ ਮਜ਼ਾਕ ਕਰ ਰਹੇ ਹਨ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਬਾਬਾ ਟੇਕ ਸਿੰਘ ਧਨੌਲਾ, ਸਾਬਕਾ ਚੇਅਰਮੈਨ ਰੁਪਿੰਦਰ ਸਿੰਘ ਸੰਧੂ, ਜ਼ਿਲ੍ਹਾ ਪ੍ਰਧਾਨ ਯਾਦਵਿੰਦਰ ਸਿੰਘ ਬਿੱਟੂ ਦੀਵਾਨਾ, ਜਸਪ੍ਰੀਤ ਸਿੰਘ ਸਿੱਧੂ ਜੱਸਾ ਤੇ ਜਥੇਦਾਰ ਨਾਥ ਸਿੰਘ ਹਮੀਦੀ ਹਾਜਰ ਸਨ।