ਬਰਨਾਲਾ: ਅੱਜ ਦੇਸ਼ ਭਰ ਵਿੱਚ ਦੀਵਾਲੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸੇ ਤਹਿਤ ਬਰਨਾਲਾ ਦੇ ਬਾਜ਼ਾਰਾਂ ਵਿੱਚ ਭਾਰੀ ਰੌਣਕ ਹੈ ਅਤੇ ਬਾਜ਼ਾਰ ਪੂਰੀ ਤਰ੍ਹਾਂ ਨਾਲ ਸਜਾਏ ਗਏ ਹਨ। ਪਰ ਦੀਵਾਲੀ ਮੌਕੇ ਪਟਾਖਿਆਂ ਦੀ ਖਰੀਦਦਾਰੀ ਬਰਨਾਲਾ ਦੇ ਬਾਜ਼ਾਰਾਂ ਵਿੱਚ ਬੰਦ ਹੈ। ਜਦਕਿ ਇਸ ਲਈ ਬਰਨਾਲਾ ਦੇ ਪ੍ਰਸ਼ਾਸਨ ਵਲੋਂ ਪਟਾਖਾ ਮਾਰਕੀਟ ਅਲੱਗ ਤੌਰ ’ਤੇ ਬਣਾਈ ਗਈ ਹੈ।
ਪ੍ਰਸ਼ਾਸਨ ਵਲੋਂ ਪਟਾਖੇ ਵੇਚਣ ਲਈ ਸਿਰਫ 20 ਲਾਇਸੰਸ ਸ਼ਹਿਰ ਬਰਨਾਲਾ ਦੇ ਦੁਕਾਨਦਾਰਾਂ ਨੂੰ ਦਿੱਤੇ ਗਏ ਹਨ ਅਤੇ ਸ਼ਹਿਰ ਦੇ 25 ਏਕੜ ਵਿੱਚ ਪਟਾਖੇ ਵੇਚਣ ਲਈ ਦੁਕਾਨਾਂ ਲਗਾਈਆਂ ਗਈਆਂ ਹਨ। ਉੱਥੇ ਇਸ ਪਟਾਖਾ ਮਾਰਕੀਟ ਵਿੱਚ ਅੱਗ ਦੀਆਂ ਘਟਨਾਵਾਂ ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਅਤੇ ਸਿਹਤ ਵਿਭਾਗ ਵਲੋਂ ਇੱਕ ਐਂਬੂਲੈਂਸ ਵੀ ਖੜੀ ਕੀਤੀ ਗਈ ਹੈ।
ਇਸ ਮੌਕੇ ਫਾਇਰ ਬ੍ਰਿਗੇਡ ਵਿਭਾਗ ਦੇ ਅਧਿਕਾਰੀ ਇਕਬਾਲ ਸਿੰਘ ਅਤੇ ਸਤਿੰਦਰਪਾਲ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਹਦਾਇਤਾਂ ਅਨੁਸਾਰ ਹੀ ਇਹ ਸ਼ਹਿਰ ਤੋਂ ਬਾਹਰ ਪਟਾਖੇ ਵੇਚਣ ਲਈ ਦੁਕਾਨਾਂ ਲੱਗੀਆਂ ਹਨ, ਜਿਸ ਲਈ ਬਾਕਾਇਦਾ ਲਾਇਸੰਸ ਜਾਰੀ ਕੀਤੇ ਗਏ ਹਨ। ਉਹਨਾਂ ਕਿਹਾ ਕਿ ਦੀਵਾਲੀ ਮੌਕੇ ਅੱਗ ਦੀਆਂ ਘਟਨਾਵਾਂ ਨੂੰ ਰੋਕਣ ਲਈ ਉਹਨਾਂ ਨੇ ਪੁਖਤਾ ਪ੍ਰਬੰਧ ਕੀਤੇ ਹਨ। ਇਸ ਲਈ ਬਰਨਾਲਾ ਸ਼ਹਿਰ ਦੇ ਨਾਲ ਨਾਲ ਧਨੌਲਾ, ਭਦੌੜ, ਤਪਾ ਮੰਡੀ ਅਤੇ ਮਹਿਲ ਕਲਾਂ ਵਿਖੇ ਵੀ ਫਾਇਰ ਵਿਭਾਗ ਦੇ ਮੁਲਾਜ਼ਮ ਤੇ ਗੱਡੀਆਂ ਤੈਨਾਤ ਕੀਤੀਆਂ ਗਈਆਂ ਹਨ।
ਇਸ ਮੌਕੇ ਗੱਲਬਾਤ ਦੌਰਾਨ ਦੁਕਾਨਦਾਰਾਂ ਨੇ ਪ੍ਰਸ਼ਾਸਨ ਦੇ ਇਸ ਵੱਖਰੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਬਾਜ਼ਾਰ ਵਿੱਚ ਪਟਾਖੇ ਵੇਚਣ ਮੌਕੇ ਅੱਗ ਲੱਗਣ ਨਾਲ ਵੱਡੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ। ਜਿਸ ਕਰਕੇ ਇਸ ਤਰ੍ਹਾਂ ਪਟਾਖਾ ਮਾਰਕੀਟ ਬਣਾ ਕੇ ਚੰਗਾ ਕੰਮ ਕੀਤਾ ਹੈ।
ਉਹਨਾਂ ਦੱਸਿਆ ਕਿ ਇਸ ਮਾਰਕੀਟ ਵਿੱਚ ਵੀ ਪ੍ਰਸ਼ਾਸਨ, ਫਾਇਰ ਬ੍ਰਿਗੇਡ ਵਿਭਾਗ ਵਲੋਂ ਚੰਗੇ ਪ੍ਰਬੰਧ ਕੀਤੇ ਗਏ ਹਨ। ਜਿੱਥੇ ਫਾਇਰ ਬ੍ਰਿਗੇਡ ਦੀ ਗੱਡੀ, ਐਂਬੂਲੈਂਸ ਇਸ ਜਗ੍ਹਾ ਖੜੀ ਕੀਤੀ ਗਈ ਹੈ। ਉੱਥੇ ਦੁਕਾਨਾਂ ਲਈ ਵੀ ਫਾਇਰ ਸੇਫਟੀ ਪ੍ਰਬੰਧ ਕੀਤੇ ਗਏ ਹਨ। ਉਹਨਾਂ ਦੱਸਿਆ ਕਿ ਪਟਾਖਿਆਂ ਦੀ ਵਿਕਰੀ ਪਹਿਲਾਂ ਦੇ ਮੁਕਾਬਲੇ ਬਹੁਤ ਘੱਟ ਹੈ। ਜਿਸਦਾ ਕਾਰਨ ਮਹਿੰਗਾਈ ਹੈ। ਪਹਿਲਾਂ ਵਾਂਗ ਲੋਕ ਪਟਾਖੇ ਖਰਦੀਣ ਨਹੀਂ ਆ ਰਹੇ।
ਇਹ ਵੀ ਪੜੋ: ਦੀਵਾਲੀ ਦੇ ਤਿਉਹਾਰ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਰਹੇ ਹਨ ਸ਼ਰਧਾਲੂ