ਬਰਨਾਲਾ: ਖੇਤੀ ਕਾਨੂੰਨਾਂ ਦੇ ਖਿਲਾਫ ਵਿੱਢੇ ਕਿਸਾਨੀ ਸੰਘਰਸ਼ 'ਚ ਕਿਸਾਨਾਂ ਨੇ ਨਵੇਂ ਸਾਲ ਨੂੰ ਸੰਘਰਸ਼ੀ ਮੈਦਾਨ 'ਚ ਸੰਗਰਾਮੀ ਮੁਬਾਰਕ ਆਖੀ। ਕਿਸਾਨਾਂ ਨੇ ਨਵੇਂ ਸਾਲ ਦੀ ਸਵੇਰ ਆਪਣੇ ਹੱਕਾਂ ਲਈ ਲੜਦਿਆਂ ਦੇਖੀ।
ਰੇਲਵੇ ਸਟੇਸ਼ਨ 'ਚ ਧਰਨੇ ਨੂੰ ਤਿੰਨ ਮਹੀਨੇ
ਸਥਾਨਕ ਰੇਲਵੇ ਸਟੇਸ਼ਨ 'ਚ ਖੇਤੀ ਕਾਨੂੰਨਾਂ ਦੇ ਖਿਲਾਫ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਤਿੰਨ ਮਹੀਨੇ ਹੋ ਗਏ ਹਨ। 1 ਅਕਤੂਬਰ ਨੂੰ ਉਨ੍ਹਾਂ ਨੇ ਰੇਲਵੇ ਲਾਈਨਾਂ ਮਲ੍ਹਣੀਆਂ ਸ਼ੁਰੂ ਕੀਤੀਆਂ ਸੀ। ਪੱਟੜੀਆਂ ਤੋਂ ਸ਼ੁਰੂ ਹੋਇਆ ਸੰਘਰਸ਼ ਪਲੇਟਫਾਰਮ ਰਾਹੀਂ ਰੇਲਵੇ ਪਾਰਕਿੰਗ 'ਚ ਭੁੱਖ ਹੜਤਾਲ ਵਜੋਂ ਸੰਘਰਸ਼ ਜਾਰੀ ਹੈ।
ਮੋਦੀ ਹਕੂਮਤ ਦੇ ਖਿਲਾਫ ਆਵਾਜ਼
- ਕਿਸਾਨ ਆਗੂਆਂ ਬਲਵੰਤ ਸਿੰਘ ਉੱਪਲੀ, ਗੁਰਦੇਵ ਸਿੰਘ ਮਾਂਗੇਵਾਲ, ਗੁਰਮੇਲ ਰਾਮ, ਕਰਨੈਲ ਸਿੰਘ ਗਾਂਧੀ, ਨਛੱਤਰ ਸਿੰਘ ਸਹੌਰ, ਬਾਰਾ ਸਿੰਘ ਬਦਰਾ, ਅਮਰਜੀਤ ਕੌਰ, ਜਸਵਿੰਦਰ ਸਿੰਘ ਮੰਡੇਰ, ਜਸਮੇਲ ਸਿੰਘ ਕਾਲੇਕੇ, ਨੇਕਦਰਸ਼ਨ ਸਿੰਘ ਆਦਿ ਨੇ ਕਿਹਾ ਕਿ ਤਿੰਨ ਮਹੀਨੇ ਪਹਿਲਾਂ ਜਿਹੜੀ ਮੋਦੀ ਹਕੂਮਤ ਲੋਕਾਂ ਦੀ ਹੱਕੀ ਆਵਾਜ਼ ਨੂੰ ਟਿੱਚ ਕਰਕੇ ਜਾਣਦੀ ਸੀ।
- ਮੋਦੀ ਹਕੂਮਤ ਦਾ ਭਰਮ ਸੀ ਕਿ ਹਕੂਮਤ ਦੇ ਹੰਕਾਰੀ ਰਥ ਨੂੰ ਰੋਕਣ ਵਾਲੇ ਰਾਹ ਦੇ ਰੋੜੇ ਖਤਮ ਕਰ ਦਿੱਤੇ ਜਾਣਗੇ, ਪਰ ‘ਹਰ ਮਿੱਟੀ ਦੀ ਆਪਣੀ ਖਸਲਤ, ਹਰ ਮਿੱਟੀ ਕੁੱਟਿਆਂ ਨੀਂ ਭੁਰਦੀ, ਹਰ ਫੱਟੜ ਮੱਥਾ ਨੀਂ ਝੁਕਦਾ ਤੇ ਬੰਨ ਲਾਇਆਂ ਹਰ ਛੱਲ ਨੀਂ ਰੁਕਦੀ’। ਖੇਤੀ ਵਿਰੋਧੀ ਕਾਨੂੰਨਾਂ ਨੂੰ ਮੁਕੰਮਲ ਰੂਪ ’ਚ ਰੱਦ ਕਰਾਉਣ ਅਤੇ ਘੱਟੋ-ਘੱਟ ਕੀਮਤ ਉੱਪਰ ਫਸਲਾਂ ਦੀ ਖ੍ਰੀਦ ਦੀ ਗਰੰਟੀ ਕਰਨ ਦੀ ਅਹਿਮ ਬੁਨਿਆਦੀ ਮੰਗ ਦੀ ਪ੍ਰਾਪਤੀ ਲਈ ਸੰਘਰਸ ਜਾਰੀ ਰਹੇਗਾ।