ਬਰਨਾਲਾ: ਜ਼ਿਲ੍ਹੇ ਦੇ ਪਿੰਡ ਚੀਮਾ-ਜੋਧਪੁਰ ਦੇ ਬੱਸ ਅੱਡੇ ਉਪਰ ਗੈਰ ਕਾਨੂੰਨੀ ਕੱਟ ਰਸਤੇ ਦੇ ਮਾਮਲੇ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਅਗਵਾਈ ਵਿੱਚ ਸੰਘਰਸ਼ ਦੀ ਸ਼ੁਰੂਆਤ ਕਰ ਦਿੱਤੀ ਗਈ। ਕਿਸਾਨ ਜਥੇਬੰਦੀ ਵੱਲੋਂ ਬੱਸ ਅੱਡੇ ’ਤੇ ਬਰਨਾਲਾ ਤੋਂ ਫਰੀਦਕੋਟ ਅਤੇ ਮੋਗਾ ਨੂੰ ਜਾਂਦੇ ਸਾਂਝੇ ਰੋਡ ਦਾ ਇੱਕ ਪਾਸਾ ਜਾਮ ਕਰ ਦਿੱਤਾ ਗਿਆ। 2 ਘੰਟੇ ਤੱਕ ਕੋਈ ਸੁਣਵਾਈ ਨਾ ਹੋਣ ’ਤੇ ਕੌਮੀ ਹਾਈਵੇ ਦੇ ਦੋਵੇਂ ਪਾਸਿਆਂ ’ਤੇ ਧਰਨਾ ਲਗਾ ਕੇ ਚੱਕਾ ਜਾਮ ਕਰ ਦਿੱਤਾ ਗਿਆ। ਜਿਸ ਤੋਂ ਬਾਅਦ ਤਹਿਸੀਲਦਾਰ ਬਰਨਾਲਾ ਦਿੱਵਿਆ ਸਿੰਗਲਾ ਮੌਕੇ ’ਤੇ ਪਹੁੰਚੀ। ਜਿਹਨਾਂ ਨੇ ਕੱਟ ਦੇ ਪੱਕੇ ਹੱਲ ਲਈ 3 ਦਿਨ ਦਾ ਸਮਾਂ ਮੰਗਿਆ। ਜਿਸ ਤੋਂ ਬਾਅਦ ਸੜਕ ਦਾ ਇੱਕ ਪਾਸਾ ਚਾਲੂ ਕਰ ਦਿੱਤਾ ਗਿਆ।
ਗੈਰ ਕਾਨੂੰਨੀ ਕੱਟ: ਇਸ ਮੌਕੇ ਗੱਲਬਾਤ ਕਰਦਿਆਂ ਜਥੇਬੰਦੀ ਆਗੂ ਸੰਦੀਪ ਸਿੰਘ ਚੀਮਾ ਗੁਰਨਾਮ ਭੋਤਨਾ ਦਰਸ਼ਨ ਸਿੰਘ ਚੀਮਾ ਅਤੇ ਜਗਜੀਤ ਜੱਗੀ ਢਿੱਲੋਂ ਨੇ ਕਿਹਾ ਕਿ ਸਾਡੇ ਦੋ ਪਿੰਡਾਂ ਚੀਮਾ ਅਤੇ ਜੋਧਪੁਰ ਦੇ ਵਿਚਕਾਰ ਦੀ ਕੌਮੀ ਹਾਈਵੇ ਲੰਘਦਾ ਹੈ। ਦੋਵੇਂ ਪਿੰਡਾਂ ਦਾ ਬੱਸ ਅੱਡਾ ਸਰਕਾਰੀ ਸੈਕੰਡਰੀ ਸਕੂਲ ਅਤੇ ਬੈਂਕ ਸਾਂਝੀ ਹੈ। ਪਰ ਇਸ ਨਵੇਂ ਬਣੇ ਹਾਈਵੇ ਤੋਂ ਦੋਵੇਂ ਪਿੰਡਾਂ ਨੂੰ ਸਹੀ ਤਰੀਕੇ ਕੱਟ ਨਹੀਂ ਛੱਡਿਆ ਗਿਆ। ਆਰਜ਼ੀ ਤੌਰ ’ਤੇ ਗੈਰ ਕਾਨੂੰਨੀ ਤਰੀਕੇ ਛੱਡੇ ਗਏ ਕੱਟ ਕਾਰਨ ਵੱਡੀ ਗਿਣਤੀ ਵਿੱਚ ਸੜਕ ਹਾਦਸੇ ਵਾਪਰਨ ਕਰਕੇ ਕਈ ਲੋਕਾਂ ਦੀ ਜਾਨ ਚੁੱਕੀ ਹੈ। ਬੱਸ ਅੱਡੇ ਉਪਰ ਸੜਕ ਵਿਚਕਾਰ ਇੱਕ ਕੰਧ ਕੱਢੀ ਹੋਈ ਹੈ ਜਿਸ ਕਰਕੇ ਸਕੂਲੀ ਬੱਚਿਆਂ ਬਜ਼ੁਰਗਾਂ ਅਤੇ ਆਮ ਲੋਕਾਂ ਨੂੰ ਸੜਕ ਪਾਰ ਕਰਨ ਵਿੱਚ ਭਾਰੀ ਦਿੱਕਤ ਆਉਂਦੀ ਹੈ।
ਤਿੱਖੇ ਪ੍ਰਦਰਸ਼ਨ ਦੀ ਚਿਤਾਵਨੀ: ਉਨ੍ਹਾਂ ਕਿਹਾ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਇਸਦੇ ਹੱਲ ਲਈ ਅਨੇਕਾਂ ਮੰਗ ਪੱਤਰ ਅਤੇ ਅਪੀਲਾਂ ਹੋ ਚੁੱਕੀਆਂ ਹਨ। ਪਰ ਕੋਈ ਸੁਣਵਾਈ ਨਹੀਂ ਕੀਤੀ ਗਈ, ਜਿਸ ਕਰਕੇ ਇਸ ਰਸਤੇ ਦਾ ਹੱਲ ਕਰਵਾਉਣ ਲਈ ਬੀਕੇਯੂ ਉਗਰਾਹਾਂ ਦੀ ਅਗਵਾਈ ਵਿੱਚ ਉਹਨਾਂ ਨੂੰ ਸੜਕ ’ਤੇ ਬੈਠਣਾ ਪਿਆ ਹੈ। ਉਹਨਾਂ ਕਿਹਾ ਕਿ ਇਸ ਗੈਰ ਕਾਨੂੰਨੀ ਕੱਟ ਦੇ ਹੱਲ ਲਈ ਅੰਡਰਬ੍ਰਿਜ਼ ਬਣਾਇਆ ਜਾਣਾ ਚਾਹੀਦਾ ਹੈ। ਇਸੇ ਮੰਗ ਨੂੰ ਲੈ ਕੇ ਸੜਕ ਉਪਰ ਇੱਕ ਪਾਸੇ ਟੈਂਟ ਲਗਾ ਕੇ ਪੱਕਾ ਧਰਨਾ ਸ਼ੁਰੂ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਤਹਿਸੀਲਦਾਰ ਬਰਨਾਲਾ ਦੇ ਭਰੋਸੇ ਅਨੁਸਾਰ ਜੇਕਰ 3 ਦਿਨਾਂ ਅੰਦਰ ਕੋਈ ਹੱਲ ਨਾ ਕੀਤਾ ਤਾਂ ਉਹ ਸੜਕ ਦੇ ਦੋਵੇਂ ਪਾਸੇ ਜਾਮ ਕਰਕੇ ਸੰਘਰਸ਼ ਨੂੰ ਹੋਰ ਤੇਜ਼ ਅਤੇ ਤਿੱਖਾ ਕਰਨ ਲਈ ਮਜਬੂਰ ਹੋਣਗੇ। ਇਸ ਧਰਨੇ ਵਿੱਚ ਗ੍ਰਾਮ ਪੰਚਾਇਤ ਚੀਮਾ ਆਜ਼ਾਦ ਕਲੱਬ ਸ਼ਿਵ ਮੰਦਰ ਕਮੇਟੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਔਰਤਾਂ ਅਤੇ ਪਿੰਡ ਵਾਸੀ ਮੌਜੂਦ ਸਨ।