ਬਰਨਾਲਾ: ਸ਼ਹਿਰ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਤਿੰਨ ਦਿਨ ਡੀਸੀ ਦਫ਼ਤਰ ਅੱਗੇ ਧਰਨਾ ਲਾਇਆ। ਕਿਸਾਨਾਂ ਨੇ 2 ਰਾਤਾਂ ਤੇ 2 ਦਿਨ ਡੀਸੀ ਦਫ਼ਤਰ ਅੱਗੇ ਹੀ ਗੁਜ਼ਾਰੇ। ਧਰਨੇ ਦੇ ਆਖ਼ਰੀ ਦਿਨ ਕਿਸਾਨਾਂ ਨੇ ਮੰਗਾਂ ਨੂੰ ਲੈ ਕੇ ਸੰਘਰਸ਼ ਨੂੰ ਹੋਰ ਤਿੱਖਾ ਕਰਨ ਦਾ ਹੋਕਾ ਦਿੰਦਿਆਂ ਧਰਨਾ ਸਮਾਪਤ ਕਰ ਦਿੱਤਾ।
ਇਸ ਮੌਕੇ ਗੱਲਬਾਤ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਝੋਨੇ ਦੀ ਪਰਾਲੀ ਕਿਸਾਨਾਂ ਲਈ ਵੱਡੀ ਸਮੱਸਿਆ ਬਣ ਚੁੱਕੀ ਹੈ, ਪਰ ਸਰਕਾਰ ਜਾਣ ਬੁੱਝ ਕੇ ਇਸ ਦਾ ਹੱਲ ਨਹੀਂ ਕਰ ਰਹੀ। ਇਸ ਦੇ ਨਾਲ ਹੀ ਕਿਸਾਨਾਂ ਦੇ ਪਰਾਲੀ ਨੂੰ ਅੱਗ ਲਾਉਣ 'ਤੇ ਸਰਕਾਰ ਨੇ ਉੁਨ੍ਹਾਂ 'ਤੇ ਪਰਚੇ ਦਰਜ ਕੀਤੇ ਹਨ, ਜਿਸ ਨੂੰ ਰੱਦ ਕੀਤਾ ਜਾਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਭਾਰਤ ਵਿੱਚ ਵੀ ਚੀਨ ਦੀ ਤਰ੍ਹਾਂ ਹੀ ਪਰਾਲੀ ਨੂੰ ਯੋਗ ਪ੍ਰਬੰਧਾਂ ਲਈ ਵਰਤਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਇਸੇ ਤਰ੍ਹਾਂ ਅੱਗੇ ਵੀ ਜਾਰੀ ਰਹਿਣਗੇ।