ਬਰਨਾਲਾ: ਭਾਰਤੀ ਕਿਸਾਨ ਯੂਨੀਅਨ ਤੇ ਵੱਖ-ਵੱਖ ਕਿਸਾਨ ਜੱਥੇਬੰਦੀਆਂ ਵੱਲੋਂ 15 ਸਤੰਬਰ ਨੂੰ ਪਟਿਆਲਾ ਵਿਖੇ ਲਗਾਏ ਜਾਣ ਵਾਲੇ ਸੰਕੇਤਕ ਧਰਨੇ ਸਬੰਧੀ ਮੀਟਿੰਗ ਕੀਤੀ। ਇਸ ਦੌਰਾਨ ਉਨ੍ਹਾਂ ਧਰਨੇ ਲਾਉਣ ਬਾਰੇ ਰੂਪ-ਰੇਖਾ ਤਿਆਰ ਕੀਤੀ।
14 ਸਤੰਬਰ ਤੋਂ ਚੱਲਣ ਵਾਲੇ ਸੰਸਦ ਸੈਸ਼ਨ ਵਿੱਚ ਕੇਂਦਰ ਸਰਕਾਰ ਇਨ੍ਹਾਂ ਆਰਡੀਨੈਂਸਾਂ ਨੂੰ ਇੱਕ ਕਾਨੂੰਨ ਦਾ ਰੂਪ ਦੇਣ ਜਾ ਰਹੀ ਹੈ। ਇਸ ਦੇ ਸਬੰਧ 'ਚ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ, ਸਿੱਧੂਪੁਰ ਅਤੇ ਹੋਰਨਾਂ ਕਿਸਾਨ ਜਥੇਬੰਦੀਆਂ ਵੱਲੋਂ ਸਾਂਝਾ ਸੰਘਰਸ਼ ਮੋਰਚਾ ਉਲੀਕਿਆ ਜਾ ਰਿਹਾ ਹੈ। ਕਿਸਾਨ ਜੱਥੇਬੰਦੀਆਂ ਨੇ ਇਨ੍ਹਾਂ ਆਰਡੀਨੈਂਸਾਂ ਦੇ ਵਿਰੋਧ 'ਚ 15 ਸਤੰਬਰ ਨੂੰ ਪਟਿਆਲਾ ਵਿਖੇ ਧਰਨਾ ਪ੍ਰਦਰਸ਼ਨ ਤੇ ਪੰਜਾਬ ਦੀਆਂ ਸੜਕਾਂ ਜਾਮ ਕਰਨ ਦਾ ਐਲਾਨ ਕੀਤਾ ਹੈ। ਕਿਸਾਨ ਆਗੂਆਂ ਵੱਲੋਂ ਪੰਜਾਬ ਦੇ ਸੰਸਦ ਮੈਂਬਰਾਂ ਨੂੰ ਚਿਤਾਵਨੀ ਦਿੱਤੀ ਗਈ ਹੈ ਕਿ ਜੇਕਰ ਉਨ੍ਹਾਂ ਨੇ ਖੇਤੀ ਆਰਡੀਨੈਂਸਾਂ ਦੇ ਹੱਕ ਵਿੱਚ ਵੋਟ ਪਾਈ ਤਾਂ ਪਿੰਡਾਂ ਵਿੱਚ ਆਉਣ ਤੇ ਉਨ੍ਹਾਂ ਨੂੰ ਘੇਰਿਆ ਜਾਵੇਗਾ। ਇਸ ਦੇ ਨਾਲ ਬਰਨਾਲਾ ਵਿੱਚ ਵੀ ਦੋ ਥਾਵਾਂ 'ਤੇ ਰੋਡ ਜਾਮ ਕੀਤੇ ਜਾਣਗੇ। ਬਰਨਾਲਾ ਲੁਧਿਆਣਾ ਰੋਡ ਉੱਪਰ ਮਹਿਲ ਕਲਾਂ ਵਿਖੇ ਅਤੇ ਬਰਨਾਲਾ ਤੋਂ ਬਾਜਾਖਾਨਾ ਅਤੇ ਮੋਗਾ ਨੂੰ ਜਾਣ ਵਾਲੀ ਸਾਂਝੀ ਸੜਕ 'ਤੇ ਰੋਡ ਜਾਮ ਕਰਕੇ ਕੇਂਦਰ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।
ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਦੇ ਆਗੂਆਂ ਜਗਸੀਰ ਸਿੰਘ ਤੇ ਰੂਪ ਸਿੰਘ ਨੇ ਦੱਸਿਆ ਕਿ ਇਹ ਖੇਤੀ ਆਰਡੀਨੈਂਸ ਪੂਰੀ ਤਰ੍ਹਾਂ ਕਿਸਾਨ ਵਿਰੋਧੀ ਹਨ। ਇਹ ਆਰਡੀਨੈਂਸ ਕਿਸਾਨਾਂ ਲਾਭਕਾਰੀ ਨਹੀਂ ਸਗੋਂ ਮੌਤ ਦੇ ਵਾਰੰਟ ਹਨ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਕੋਰੋਨਾ ਮਹਾਂਮਾਰੀ ਦੌਰਾਨ ਲੌਕਡਾਊਨ ਦੀ ਆੜ 'ਚ ਆਪਣੀ ਨੀਤੀਆਂ ਕਿਸਾਨਾਂ 'ਤੇ ਥੋਪਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ 'ਚ ਹੀ ਨਹੀਂ ਸਗੋਂ ਦੇਸ਼ ਭਰ ਦੀ ਕਿਸਾਨ ਜੱਥੇਬੰਦੀਆਂ ਵੱਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ। ਇਸ ਨੂੰ ਲੈ ਕੇ ਕਿਸਾਨ ਲਗਾਤਾਰ ਸੰਘਰਸ਼ ਕਰ ਰਹੇ ਹਨ। ਕਿਸਾਨ ਆਗੂਆਂ ਨੇ ਕਿਹਾ ਕਿ ਜੇਕਰ ਪੰਜਾਬ ਦਾ ਕੋਈ ਵੀ ਸੰਸਦ ਮੈਂਬਰ ਖੇਤੀ ਆਰਡੀਨੈਂਸਾਂ ਦੇ ਹੱਕ 'ਚ ਵੋਟ ਪਾਵੇਗਾ ਤਾਂ ਕਿਸਾਨਾਂ ਤੇ ਲੋਕਾਂ ਵੱਲੋਂ ਉਸ ਦਾ ਬਾਈਕਾਟ ਕੀਤਾ ਜਾਵੇਗਾ। ਇਸ ਤੋਂ ਇਲਾਵਾ ਉਨ੍ਹਾਂ ਹਰਿਆਣਾ ਦੇ ਕਿਸਾਨਾਂ ਉੱਤੇ ਕੀਤੇ ਗਏ ਲਾਠੀਚਾਰਜ ਦੀ ਨਿਖੇਧੀ ਕੀਤੀ।