ਬਰਨਾਲਾ: ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਸੰਘਰਸ਼ ਜਾਰੀ ਹੈ। ਇਸ ਸੰਘਰਸ਼ ਲਈ 26 ਜਨਵਰੀ ਨੂੰ ਦਿੱਲੀ ਦੀਆਂ ਸੜਕਾਂ 'ਤੇ ਕੀਤੀ ਜਾਣ ਵਾਲੀ ਕਿਸਾਨਾਂ ਦੀ ਟਰੈਕਟਰ ਪਰੇਡ ਲਈ ਹਜ਼ਾਰਾਂ ਕਿਸਾਨ ਆਪੋ-ਆਪਣੇ ਸਾਧਨਾਂ ਰਾਹੀਂ ਦਿੱਲੀ ਨੂੰ ਰਵਾਨਾ ਹੋ ਰਹੇ ਹਨ। ਸਥਾਨਕ ਕਿਸਾਨ ਗੁਰਚਰਨ ਸਿੰਘ ਇਸ ਪਰੇਡ ਵਿੱਚ ਸ਼ਾਮਲ ਹੋਣ ਲਈ ਆਪਣੀ ਮਾਰੂਤੀ ਗੱਡੀ ਨੂੰ ਵਿਸੇਸ਼ ਤੌਰ 'ਤੇ ਤਿਆਰ ਕਰਕੇ ਦਿੱਲੀ ਲਈ ਰਵਾਨਾ ਹੋਇਆ ਹੈ।
ਸਾਂਝੀਵਾਲਤਾ ਦਾ ਸੰਦੇਸ਼
ਕਿਸਾਨ ਚਰਨ ਸਿੰਘ ਨੇ ਦੱਸਿਆ ਕਿ ਦਿੱਲੀ ਦੀ ਪਰੇਡ ਵਿੱਚ ਸ਼ਾਮਲ ਹੋਣ ਲਈ ਉਸ ਨੇ ਆਪਣੀ ਮਾਰੂਤੀ ਗੱਡੀ ਦੇ ਸਾਰੇ ਪਾਸਿਆਂ ਦੇ ਕਿਸਾਨੀ ਸੰਘਰਸ਼ ਨੂੰ ਸਮਰਪਤ ਸਟਿੱਕਰ ਲਗਾਏ ਗਏ ਹਨ, ਜਿਸ ਵਿੱਚ "ਕਿਸਾਨ ਏਕਤਾ", "ਨੋ ਫਾਰਮਰ ਨੋ ਫੂਡ" ਦੇ ਨਾਅਰੇ ਲਿਖੇ ਗਏ ਹਨ।
ਇਸਤੋਂ ਇਲਾਵਾ ਗੱਡੀ 'ਤੇ ਚਾਰੇ ਧਰਮਾਂ ਨੂੰ ਸਮਰਪਤ ਇੱਕ ਸਾਂਝਾ ਝੰਡਾ ਲਗਾਇਆ ਗਿਆ ਹੈ। ਇਸ ਝੰਡੇ ਦੇ ਚਾਰੇ ਧਰਮਾਂ ਦੇ ਧਾਰਮਿਕ ਨਿਸ਼ਾਨ ਬਣਾਏ ਗਏ ਹਨ ਤਾਂ ਕਿ ਕਿਸਾਨੀ ਸੰਘਰਸ਼ ਵਿੱਚ ਸਾਂਝੀਵਾਲਤਾ ਦਾ ਸੰਦੇਸ਼ ਦਿੱਤਾ ਜਾ ਸਕੇ।
ਇਸ ਸੰਘਰਸ਼ ਵਿੱਚ ਸਾਰੇ ਧਰਮਾਂ ਨਾਲ ਸਬੰਧਤ ਕਿਸਾਨ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਉਹ ਇਸ ਤੋਂ ਪਹਿਲਾਂ ਵੀ ਦਿੱਲੀ ਵਿਖੇ ਬਰਨਾਲਾ ਤੋਂ ਟਰੈਕਟਰ ਨੂੰ ਬੈਕ ਗੇਅਰ ਪਾ ਕੇ ਜਾ ਚੁੱਕਾ ਹੈ। ਹੁਣ ਉਹ ਆਪਣੀ ਇਸ ਗੱਡੀ ਨੂੰ ਤਿਆਰ ਕਰਕੇ ਸਪੈਸ਼ਲ 26 ਜਨਵਰੀ ਦੀ ਪਰੇਡ ਵਿੱਚ ਸ਼ਾਮਲ ਹੋਵੇਗਾ ਅਤੇ ਖੇਤੀ ਕਾਨੂੰਨ ਰੱਦ ਹੋਣ ਤੋਂ ਬਾਅਦ ਹੀ ਘਰ ਵਾਪਸ ਪਰਤੇਗਾ।