ਬਰਨਾਲਾ: ਖੇਤੀ ਕਾਨੂੰਨਾਂ ਵਿਰੁੱਧ ਕੜਾਕੇ ਦੀ ਠੰਢ ਵਿੱਚ ਵੀ ਕਿਸਾਨਾਂ ਵੱਲੋਂ ਦਿੱਲੀ ਦੀ ਹੱਦ ਬਰਨਾਲਾ ’ਤੇ ਮੋਰਚੇ ਲਗਾਤਾਰ ਜਾਰੀ ਰੱਖੇ ਹੋਏ ਹਨ। ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੀਆਂ ਮੰਗਾਂ ਵੱਲ ਧਿਆਨ ਨਾ ਦੇਣ ਕਾਰਨ ਕਿਸਾਨ ਜੱਥੇਬੰਦੀਆਂ ਵੱਲੋਂ ਸੰਘਰਸ਼ ਤੇਜ਼ ਕਰਨ ਦਾ ਐਲਾਨ ਕੀਤਾ ਗਿਆ ਹੈ।
ਹਜ਼ਾਰਾਂ ਦੀ ਗਿਣਤੀ 'ਚ ਲੋਕ ਅੰਦੋਲਨ ਵਿੱਚ ਹੋ ਰਹੇ ਸ਼ਾਮਿਲ
ਇਸ ਤਹਿਤ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਪੰਜਾਬ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਅੰਦੋਲਨ ਵਿੱਚ ਸ਼ਾਮਿਲ ਹੋ ਰਹੇ ਹਨ। ਇਸੇ ਤਹਿਤ ਜੱਥੇਬੰਦੀ ਦੀ ਅਗਵਾਈ ਵਿੱਚ ਕਿਸਾਨ ਖਨੌਰੀ ਅਤੇ ਡੱਬਵਾਲੀ ਬਾਰਡਰ ਰਾਹੀਂ ਦਿੱਲੀ ਵੱਲ ਰਵਾਨਾ ਹੋਣਗੇ। ਇਸ ਸਬੰਧੀ ਜੱਥੇਬੰਦੀ ਆਗੂਆਂ ਵੱਲੋਂ ਰਾਸ਼ਨ ਸਮੇਤ ਹੋਰ ਤਿਆਰੀਆਂ ਮੁਕੰਮਲ ਕੀਤੀਆਂ ਜਾ ਰਹੀਆਂ ਹਨ।
ਇਸ ਸਬੰਧੀ ਯੂਨੀਅਨ ਆਗੂਆਂ ਨੇ ਦੱਸਿਆ ਕਿ ਬਰਨਾਲਾ ਤੋਂ ਟਰੈਕਟਰ ਟਰਾਲੀਆਂ, ਬੱਸਾਂ, ਗੱਡੀਆਂ ਰਾਹੀਂ ਵੱਡਾ ਕਾਫ਼ਲਾ ਦਿੱਲੀ ਜਾ ਰਿਹਾ ਹੈ। ਇਸ ਨੂੰ ਲੈ ਕੇ ਰਾਸ਼ਨ ਵਗੈਰਾ ਦੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਕਿਸਾਨਾਂ ਦੇ ਕਾਫ਼ਲੇ ਬਰਨਾਲਾ ਜ਼ਿਲ੍ਹੇ ਦੇ ਪਿੰਡਾਂ ਤੋਂ ਚੱਲ ਕੇ 10 ਵਜੇ ਖਨੌਰੀ ਬਾਰਡਰ ’ਤੇ ਪਹੁੰਚਣਗੇ। ਇਥੇ ਸਮੁੱਚੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਕਿਸਾਨ ਇਕੱਠੇ ਹੋ ਕੇ ਦਿੱਲੀ ਵੱਲ ਨੂੰ ਚਾਲੇ ਪਾਉਣਗੇ। ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨ ਰੱਦ ਹੋਣ ਤੱਕ ਕਿਸਾਨ ਸੰਘਰਸ਼ ਜਾਰੀ ਰੱਖਣਗੇ।