ਬਰਨਾਲਾ: ਜ਼ਿਲ੍ਹੇ ਦੇ ਤਰਕਸ਼ੀਲ ਭਵਨ ਵਿਖੇ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਦੀ ਸੂਬਾ ਕਮੇਟੀ ਦੀ ਮੀਟਿੰਗ ਜੋਗਿੰਦਰ ਸਿੰਘ ਉਗਰਾਹਾਂ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਅਹਿਮ ਫੈਸਲੇ ਕੀਤੇ ਗਏ। ਜਿਸ ਵਿੱਚ ਜੱਥੇਬੰਦੀ ਦੇ ਕਈ ਅਹਿਮ ਫੈਸਲੇ ਲਏ ਗਏ। ਇਹਨਾਂ ਫੈਸਲਿਆਂ ਦੀ ਜਾਣਕਾਰੀ ਦਿੰਦੇ ਹੋਏ ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਲੰਬੇ ਸਮੇਂ ਤੋਂ ਜਥੇਬੰਦੀ ਵਿੱਚ ਦੁਫੇੜਬਾਜ਼ ਤੇ ਫੁੱਟਪਾਊ ਸਰਗਰਮੀਆਂ ਕਰ ਰਹੇ ਸੂਬਾ ਮੀਤ ਪ੍ਰਧਾਨ ਜਸਵਿੰਦਰ ਸਿੰਘ ਲੌਂਗੋਵਾਲ ਨੂੰ ਜਥੇਬੰਦੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਖਾਰਜ ਕਰ ਦਿੱਤਾ ਗਿਆ ਹੈ।
ਇਹ ਵੀ ਪੜੋ: ਗੰਨੇ ਦੀ ਆਰਗੈਨਿਕ ਖੇਤੀ ਨੇ ਕਿਸਾਨ ਕੀਤਾ ਮਾਲਾਮਾਲ
ਉਨ੍ਹਾਂ ਕਿਹਾ ਕਿ ਸੂਬਾ ਮੀਤ ਪ੍ਰਧਾਨ ਰਹਿੰਦਿਆਂ ਜਸਵਿੰਦਰ ਸਿੰਘ ਲੌਂਗੋਵਾਲ ਦਿੱਲੀ ਮੋਰਚੇ ਤੋਂ ਲੈ ਕੇ ਹੀ ਧੜੇਬੰਦਕ ਤੇ ਫੁੱਟਪਾਊ ਸਰਗਰਮੀਆਂ ਕਰਦਾ ਆ ਰਿਹਾ ਸੀ, ਪਰ ਅੱਜ ਕੱਲ੍ਹ ਤਾਂ ਉਸਦੀ ਸਮੁੱਚੀ ਸਰਗਰਮੀ ਜਥੇਬੰਦੀ ਵਿੱਚ ਰਹਿ ਕੇ ਇਸ ਨੂੰ ਅੰਦਰੋਂ ਢਾਹ ਲਾਉਣ ਵਾਲੀ ਰਹੀ ਹੈ | ਜਿਸ ਦੌਰਾਨ ਉਹ ਬਲਾਕ, ਜਿਲ੍ਹੇ ਅਤੇ ਸੂਬੇ ਦੇ ਸਰਬਸੰਮਤੀ ਨਾਲ ਹੋਏ ਫੈਸਲਿਆਂ ਦਾ ਸ਼ਰੇਆਮ ਉਲੰਘਣ ਕਰਕੇ ਜਥੇਬੰਦੀ ਚੋਂ ਕੱਢੇ ਗਏ ਸਿਰੇ ਦੇ ਖਰੂਦੀ ਤੇ ਭ੍ਰਿਸ਼ਟ ਬੰਦਿਆਂ ਦੀ ਡਟ ਕੇ ਹਮਾਇਤ ਕਰਦਾ ਰਿਹਾ ਹੈ ਅਤੇ ਜਥੇਬੰਦੀ ਦੇ ਅਦਾਰਿਆਂ ਤੋਂ ਬਾਹਰ ਜਨਤਕ ਪੱਧਰ 'ਤੇ ਪ੍ਰਚਾਰ ਕਰਦਾ ਰਿਹਾ ਹੈ>
ਸੂਬਾ ਪ੍ਰਧਾਨ ਤੇ ਸੂਬਾ ਕਮੇਟੀ ਵੱਲੋਂ ਬਾਰ ਬਾਰ ਮਿਲੀਆਂ ਸਖ਼ਤ ਚਿਤਾਵਨੀਆਂ ਦੇ ਬਾਵਜੂਦ ਉਹ ਨਾ ਸਿਰਫ ਵੱਖ ਵੱਖ ਪਿੰਡਾਂ ਦੀਆਂ ਗੈਰ-ਵਿਧਾਨਕ ਮੀਟਿੰਗਾਂ ਬੁਲਾਉਂਦਾ ਤੇ ਕਮੇਟੀਆਂ ਬਣਾਉਂਦਾ ਰਿਹਾ ਹੈ, ਨਾ ਸਿਰਫ ਵੱਖ-ਵੱਖ ਪਿੰਡਾਂ ਨੂੰ ਜਥੇਬੰਦੀ ਦਾ ਫੰਡ ਨਾ ਉਗਰਾਹੁਣ, ਜਥੇਬੰਦੀ ਦੀਆਂ ਮੀਟਿੰਗਾਂ ਵਿਚ ਨਾ ਜਾਣ ਅਤੇ ਇਸਦੇ ਵੱਡੇ ਇਕੱਠਾਂ ਵਿੱਚ ਸ਼ਾਮਲ ਨਾ ਹੋਣ ਲਈ ਉਕਸਾਉਂਦਾ ਰਿਹਾ ਹੈ, ਸਗੋਂ 10 ਦਸੰਬਰ 2022 ਦੀ ਅਜਿਹੀ ਗੈਰ ਜਥੇਬੰਦਕ ਮੀਟਿੰਗ ਨੂੰ ਸ਼ਰੇਆਮ ਵਾਇਰਲ ਕਰਕੇ ਤਾਂ ਉਹ ਜਥੇਬੰਦੀ ਨੂੰ ਆਮ ਜਨਤਾ ਅੰਦਰ ਬਦਨਾਮੀ ਤੇ ਨਮੋਸ਼ੀ ਦੇ ਮੂੰਹ ਧੱਕਣ ਤੱਕ ਗਿਆ ਹੈ। ਇਹਨਾਂ ਕਾਰਨਾਂ ਕਰਕੇ ਉਸਦੀ ਮੁੱਢਲੀ ਮੈਂਬਰਸ਼ਿਪ ਖ਼ਾਰਜ ਕਰਦਿਆਂ ਸੂਬਾ ਕਮੇਟੀ ਨੇ ਸਫ਼ਾਂ ਨੂੰ ਅਪੀਲ ਕੀਤੀ ਹੈ ਕਿ ਜਸਵਿੰਦਰ ਸਿੰਘ ਲੌਂਗੋਵਾਲ ਜਥੇਬੰਦੀ ਦੀ ਦਰੁਸਤ ਲਾਈਨ ਤੋਂ ਪੂਰੀ ਤਰ੍ਹਾਂ ਉੱਖੜ ਗਿਆ ਹੈ, ਉਹ ਉਸਦੀ ਸਰਾਸਰ ਗਲਤ ਤੇ ਫੁੱਟਪਾਊ ਲਾਈਨ ਦੇ ਬਹਿਕਾਵੇ ਚ ਆਉਣ ਦੀ ਥਾਂ ਜਥੇਬੰਦੀ ਦੀ ਪਹਿਲਾਂ ਵਰਗੀ ਧੜੇਬੰਦੀ-ਮੁਕਤ ਏਕਤਾ ਤੇ ਚੜ੍ਹਦੀਕਲਾ ਲਈ ਡਟ ਕੇ ਅੱਗੇ ਆਉਣ।
ਉਨ੍ਹਾਂ ਦੱਸਿਆ ਕਿ ਮੀਟਿੰਗ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਦੇਸ਼ ਵਿਆਪੀ ਸੱਦੇ 'ਤੇ 26 ਜਨਵਰੀ ਨੂੰ ਜੀਂਦ ਵਿਖੇ ਕੀਤੀ ਜਾ ਰਹੀ 6 ਉੱਤਰੀ ਸੂਬਿਆਂ ਦੇ ਕਿਸਾਨਾਂ ਦੀ ਮਹਾਂ ਰੈਲੀ ਦੀ ਪੂਰਨ ਕਾਮਯਾਬੀ ਲਈ ਪੰਜਾਬ ਭਰ ਵਿੱਚ ਜ਼ੋਰਦਾਰ ਤਿਆਰੀ ਮੁਹਿੰਮ ਦੁਆਰਾ ਵਿਸ਼ਾਲ ਲਾਮਬੰਦੀ ਦੀ ਠੋਸ ਵਿਉਂਤਬੰਦੀ ਵੀ ਉਲੀਕੀ (Kisan Maha Rallies to be held on January 26) ਗਈ। ਇਸ ਵਿਉਂਤਬੰਦੀ ਤਹਿਤ ਕਿਸਾਨਾਂ, ਖਾਸ ਕਰਕੇ ਕਿਸਾਨ ਔਰਤਾਂ ਦੀਆਂ ਜ਼ਿਲ੍ਹਾ, ਬਲਾਕ ਤੇ ਪਿੰਡ ਪੱਧਰੀਆਂ ਤਿਆਰੀ ਮੀਟਿੰਗਾਂ ਕੀਤੀਆਂ ਜਾਣਗੀਆਂ।
ਇਸ ਤੋਂ ਇਲਾਵਾ ਨੁੱਕੜ ਨਾਟਕ, ਝੰਡਾ ਮਾਰਚ, ਕਾਫ਼ਲਾ ਮਾਰਚ ਆਦਿ ਢੰਗ ਤਰੀਕੇ ਵੀ ਅਪਣਾਏ ਜਾਣਗੇ। ਪੰਜਾਬ ਭਰ ਅੰਦਰ ਬਲਾਕ ਪੱਧਰੀਆਂ ਕਿਸਾਨ ਕਾਨਫਰੰਸਾਂ ਵੀ ਜਥੇਬੰਦ ਕੀਤੀਆਂ ਜਾਣਗੀਆਂ। ਇਹ ਫੈਸਲਾ ਵੀ ਕੀਤਾ ਗਿਆ ਕਿ ਜਾਨਲੇਵਾ ਪ੍ਰਦੂਸ਼ਣ ਦਾ ਗੜ੍ਹ ਬਣੀ ਜ਼ੀਰਾ ਸ਼ਰਾਬ ਫੈਕਟਰੀ ਵਿਰੁੱਧ ਚੱਲ ਰਹੇ ਪੱਕੇ ਮੋਰਚੇ ਵਿੱਚ ਜਥੇਬੰਦੀ ਵੱਲੋਂ ਲਗਾਤਾਰ ਕੀਤੀ ਜਾ ਰਹੀ ਸ਼ਮੂਲੀਅਤ ਨੂੰ ਯਕੀਨੀ ਬਣਾਉਣ ਅਤੇ ਉਸ ਇਲਾਕੇ ਦੇ ਪੀੜਤ ਲੋਕਾਂ ਦੀਆਂ ਲਾਮਬੰਦੀਆਂ ਨੂੰ ਜ਼ਰ੍ਹਬਾਂ ਦੇਣ ਦੀ ਮੁਹਿੰਮ ਵਿੱਚ ਵੀ ਨਿੱਗਰ ਯੋਗਦਾਨ ਪਾਇਆ ਜਾਵੇਗਾ।
ਇਹ ਵੀ ਪੜੋ: ਸ਼ਹੀਦ ਕਾਂਸਟੇਬਲ ਕੁਲਦੀਪ ਸਿੰਘ ਦਾ ਹੋਇਆ ਅੰਤਿਮ ਸੰਸਕਾਰ, ਪਿੱਛੇ ਰਹਿ ਗਏ ਮਾਂ ਤੇ ਦਾਦਾ