ਬਰਨਾਲਾ: ਸੰਯੁਕਤ ਕਿਸਾਨ ਮੋਰਚਾ ਵੱਲੋਂ ਆਪਣੇ ਪੜਾਅਵਾਰ ਸੰਘਰਸ਼ ਨੂੰ ਅੱਗੇ ਵਧਾਉਂਦਿਆਂ 26 ਮਾਰਚ ਨੂੰ ਮੁਕੰਮਲ ਭਾਰਤ ਬੰਦ ਦੇ ਸੱਦੇ ਨੂੰ ਸਫ਼ਲ ਬਨਾਉਣ ਲਈ ਤਿਆਰੀਆਂ ਪੂਰੇ ਯੋਜਨਾਬੱਧ ਢੰਗ ਨਾਲ ਚੱਲ ਰਹੀਆਂ ਹਨ। ਇਸ ਬੰਦ ਲਈ ਕਿਸਾਨਾਂ ਨੂੰ ਬਰਨਾਲਾ ਸ਼ਹਿਰ ਵਿੱਚੋਂ ਹਰ ਵਰਗ ਦਾ ਭਰਵਾਂ ਸਾਥ ਮਿਲ ਰਿਹਾ ਹੈ।
ਬੀਕੇਯੂ ਏਕਤਾ ਡਕੌਂਦਾ ਦੇ ਸੂਬਾ ਆਗੂ ਬਲਵੰਤ ਸਿੰਘ ਉੱਪਲੀ, ਗੁਰਦੇਵ ਸਿੰਘ ਮਾਂਗੇਵਾਲ, ਬਾਬੂ ਸਿੰਘ ਖੁੱਡੀਕਲਾਂ, ਪਰਮਿੰਦਰ ਸਿੰਘ ਹੰਢਿਆਇਆ, ਹਰਚਰਨ ਸਿੰਘ ਚਹਿਲ ਨੇ ਦੱਸਿਆ ਕਿ ਅੱਜ ਦਾਣਾ ਮੰਡੀ ਆੜ੍ਹਤੀਆਂ, ਸਬਜੀ ਮੰਡੀ ਆੜ੍ਹਤੀਆਂ, ਰੇੜੀ ਫੜ੍ਹੀ ਮਜਦੂਰ ਯੂਨੀਅਨ, ਵਪਾਰਕ ਅਦਾਰਿਆਂ, ਦੁਕਾਨਦਾਰਾਂ ਦੇ ਆਗੂਆਂ ਨੂੰ ਅਪੀਲ ਕਰਦੇ ਸਮੇਂ ਕਿਹਾ ਕਿ ਮੋਦੀ ਹਕੂਮਤ ਵੱਲੋਂ ਖੇਤੀ/ਪੇਂਡੂ/ਸ਼ਹਿਰੀ ਕਾਰੋਬਾਰ ਦੇ ਉਜਾੜੇ ਲਈ ਲਿਆਂਦੇ ਕਾਲੇ ਕਾਨੂੰਨਾਂ ਖਿਲ਼ਾਫ ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਹੇਠ ਲੱਖਾਂ ਕਿਸਾਨ ਲਗਾਤਾਰ ਚਾਰ ਮਹੀਨੇ ਤੋਂ ਦਿੱਲੀ ਦੇ ਸਿੰਘ, ਟਿੱਕਰੀ, ਗਾਜੀਪੁਰ ਬਾਰਡਰਾਂ ਉੱਪਰ ਬੈਠੇ ਹਨ।
ਮੋਦੀ ਹਕੂਮਤ ਦੀ ਕੈਬਿਨੇਟ ਨੇ ਕਿਸਾਨ ਜਥੇਬੰਦੀਆਂ ਨਾਲ 11 ਗੇੜ ਦੀ ਗੱਲਬਾਤ ਚਲਾਉਣ ਤੋਂ ਬਾਅਦ 22 ਜਨਵਰੀ ਤੋਂ ਗੱਲਬਾਤ ਦੇ ਦਰ ਬੰਦ ਕਰ ਲਏ ਹਨ। ਇਨ੍ਹਾਂ ਕਾਲੇ ਕਾਨੂੰਨਾਂ ਨੂੰ ਲਾਗੂ ਕਰਨ ਲਈ ਮੋਦੀ ਹਕੂਮਤ ਤਰਲੋਮੱਛੀ ਹੋ ਰਹੀ ਹੈ।
ਹੁਣ ਸੰਸਦੀ ਕਮੇਟੀ ਰਾਹੀਂ ਜਰੂਰੀ ਵਸਤਾਂ ਸੋਧ ਬਿਲ ਲਾਗੂ ਕਰਨ ਲਈ ਸਿਫਾਰਸ਼ਾਂ ਕਰਵਾ ਕੇ ਰੱਸੇ ਪੈੜੇ ਵੱਟਣ ਦੀ ਨਵੀਂ ਸਾਜਿਸ਼ ਰਚ ਰਹੀ ਹੈ। ਕਿਸਾਨ/ਲੋਕ ਸੰਘਰਸ਼ ਨੇ 300 ਦੇ ਕਰੀਬ ਕਿਸਾਨਾਂ ਦਾ ਬਲੀ ਲੈ ਲਈ ਹੈ। ਮੋਦੀ ਹਕੂਮਤ ਦੀ ਇਸ ਹਠਧਰਮੀ ਨੂੰ ਤੋੜਨ ਲਈ ਇਸ ਤੋਂ ਪਹਿਲਾਂ ਵੀ ਦੇ ਵਾਰ ਸਫਲ ਪੰਜਾਬ ਬੰਦ ਕੀਤੇ ਜਾ ਚੁੱਕੇ ਹਨ।
ਹੁਣ ਜਦ ਇਸ ਕਿਸਾਨ/ਲੋਕ ਸੰਘਰਸ਼ ਦੇ ਚਾਰ ਮਹੀਨੇ ਪੂਰੇ ਹੋਣ ਸਮੇਂ ਭਾਰਤ ਬੰਦ (ਸਵੇਰ 6 ਵਜੇ ਤੋਂ ਸ਼ਾਮ 6 ਵਜੇ ਤੱਕ) ਕੀਤਾ ਜਾ ਰਿਹਾ ਹੈ ਤਾਂ ਹਰ ਵਿਅਕਤੀ ਚਾਹੇ ਉਹ ਕਿਸੇ ਵੀਮ ਕਿੱਤੇ ਨਾਲ ਸਬੰਧਤ ਹੋਵੇ, ਨੂੰ ਮੋਦੀ ਹਕੂਮਤ ਦੇ ਹੱਲੇ ਖਿਲ਼ਾਫ ਸੰਘਰਸ਼ ਦੇ ਮੈਦਾਨ ਵਿੱਚ ਨਿੱਤਰਨਾ ਚਾਹੀਦਾ ਹੈ ਕਿਉਂਕਿ ਇਹ ਕਾਨੂੰਨ ਕਿਸਾਨਾਂ ਸਮੇਤ ਸਮੁੱਚੇ ਮਿਹਨਤਕਸ਼ ਤਬਕਿਆਂ ਨੂੰ ਤਬਾਹੀ ਵੱਲ ਧੱਕਣਗੇ। ਆਗੂਆਂ ਨੇ ਦੱਸਿਆ ਕਿ ਹਰ ਵਰਗ ਵੱਲੋਂ ਉਨ੍ਹਾਂ ਨੂੰ ਭਾਰਤ ਬੰਦ ਦੌਰਾਨ ਸਾਥ ਦੇਣ ਦਾ ਵਿਸ਼ਵਾਸ ਦੁਆਇਆ ਗਿਆ ਹੈ।