ਬਰਨਾਲਾ: ਪਾਵਰਕਾਮ ਵੱਲੋਂ ਖੇਤੀ ਸੈਕਟਰ ਲਈ 1 ਅਕਤੂਬਰ ਤੋਂ ਬਿਜਲੀ ਸਪਲਾਈ ਤਿੰਨ ਸਿਫ਼ਟਾਂ ’ਚ 8 ਘੰਟੇ ਦੀ ਥਾਂ ਇੱਕ ਦਿਨ ਛੱਡ ਕੇ 10 ਘੰਟੇ ਕਰ ਦਿੱਤੀ ਗਈ। ਬਿਜਲੀ ਸਪਲਾਈ ਵਿੱਚ ਹੋਏ ਬਦਲਾਅ ਕਾਰਨ ਕਿਸਾਨਾਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਸ ਕਰਕੇ ਕਿਸਾਨ ਇਸ ਦਾ ਵਿਰੋਧ ਕਰ ਰਹੇ ਹਨ। ਇਸ ਨਵੀਂ ਨੀਤੀ ਤਹਿਤ ਸਹੀ ਬਿਜਲੀ ਸਪਲਾਈ ਨਾ ਮਿਲਣ 'ਤੇ ਅਤੇ ਅਧਿਕਾਰੀਆਂ ਵੱਲੋਂ ਕੋਈ ਸੁਣਵਾਈ ਨਾ ਹੋਣ 'ਤੇ 5 ਪਿੰਡਾਂ ਦੇ ਕਿਸਾਨਾਂ ਨੇ ਪੱਖੋਕੇ ਗਰਿੱਡ ਦਾ ਘਿਰਾਓ ਕੀਤਾ ਤੇ ਦੇਰ ਰਾਤ ਬਰਨਾਲਾ-ਅੰਮ੍ਰਿਤਸਰ ਕੌਮੀ ਮਾਰਗ ਜਾਮ ਕੀਤਾ।
ਕਿਸਾਨ ਆਗੂਆਂ ਨੇ ਕਿਹਾ ਕਿ ਪਾਵਰਕਾਮ ਨੇ ਖੇਤੀ ਸਪਲਾਈ ਦਾ ਸਮਾਂ ਬਦਲ ਕੇ ਕਿਸਾਨਾਂ ਨੂੰ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਹੈ। ਇੱਕ ਦਿਨ ਛੱਡ ਕੇ 10 ਘੰਟੇ ਬਿਜਲੀ ਦੇਣ ਦੇ ਦਾਅਵੇ ਕੀਤੇ ਜਾ ਰਹੇ ਹਨ। ਪਰ 10 ਘੰਟਿਆਂ ਵਿੱਚੋਂ ਸਿਰਫ਼ 2 ਘੰਟੇ ਬਿਜਲੀ ਮਿਲ ਰਹੀ ਹੈ। ਬਾਕੀ ਅੱਠ ਘੰਟੇ ਬਿਜਲੀ ਪਾਵਰਕੱਟ ਦੇ ਨਾਮ ’ਤੇ ਬਿਜਲੀ ਬੰਦ ਕੀਤੀ ਜਾ ਰਹੀ ਹੈ। ਪਿੰਡ ਚੀਮਾ, ਕੈਰੇ, ਪੱਖੋਕੇ, ਚੀਮਾ, ਬਖਤਗੜ੍ਹ ਅਤੇ ਮੱਲ੍ਹੀਆਂ ਦੇ ਕਿਸਾਨਾਂ ਨਾਲ ਅਜਿਹਾ ਹੋ ਚੁੱਕਿਆ ਹੈ। ਇਸ ਕਾਰਨ ਉਨ੍ਹਾਂ ਦੀ ਝੋਨੇ ਦੀ ਫ਼ਸਲ ਦਾ ਨੁਕਸਾਨ ਹੋਣਾ ਸ਼ੁਰੂ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧ ਵਿੱਚ ਉਨ੍ਹਾਂ ਦੀ ਗਰਿੱਡ ਅੱਗੇ ਸੁਣਵਾਈ ਨਾ ਹੋਣ 'ਤੇ ਮਜ਼ਬੂਰੀ ਵੱਸ ਕੌਮੀ ਮਾਰਗ ਜਾਮ ਕਰਨਾ ਪਿਆ ਹੈ।
ਕਿਸਾਨਾਂ ਨੇ ਸੂਬਾ ਸਰਕਾਰ ’ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਖੇਤੀ ਕਾਨੂੰਨ ਦੇ ਵਿਰੋਧ ’ਚ ਕਿਸਾਨਾਂ ਦੇ ਚੱਲ ਰਹੇ ਸੰਘਰਸ਼ ਨੂੰ ਤਾਰਪੀੜੋ ਕਰਨ ਲਈ ਅਜਿਹੀਆਂ ਕਾਰਵਾਈਆਂ ਨੂੰ ਅੰਜ਼ਾਮ ਦਿੱਤਾ ਜਾ ਰਿਹਾ ਹੈ। ਕਿਸਾਨ ਜੱਥੇਬੰਦੀਆਂ ਖੇਤੀ ਬਿੱਲ ਰੱਦ ਕਰਵਾਉਣ ਲਈ ਮੋਰਚੇ ਲਗਾ ਕੇ ਬੈਠੀਆਂ ਹਨ, ਪਰ ਪਾਵਰਕਾਮ ਨੇ ਚੁੱਪ ਚਪੀਤੇ ਬਿਜਲੀ ਦਾ ਸਮਾਂ ਬਦਲ ਕੇ ਕਿਸਾਨਾਂ ਨੂੰ ਖੱਜਲ੍ਹ ਖੁਆਰ ਕਰਨਾ ਸ਼ੁਰੂ ਕਰ ਦਿੱਤਾ ਹੈ। ਪਰ ਕਿਸਾਨਾ ਸਰਕਾਰ ਅਤੇ ਪਾਵਰਕਾਮ ਦੀ ਇਸ ਧੱਕੇਸ਼ਾਹੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।