ਬਰਨਾਲਾ: ਕਣਕ ਦੀ ਖਰੀਦ ਨੂੰ ਲੈ ਕੇ ਮੰਡੀਆਂ ਦਾ ਸੀਜਨ ਲਗਾਤਾਰ ਜਾਰੀ ਹੈ। ਪਰ ਦਾਣਾ ਮੰਡੀਆਂ ਵਿੱਚ ਮਾੜੇ ਪ੍ਰਬੰਧਾਂ ਕਾਰਨ ਕਿਸਾਨਾਂ ਨੂੰ ਖੱਜਲ ਖੁਆਰ ਹੋਣਾ ਪੈ ਰਿਹਾ ਹੈ। ਪਿਛਲੇ ਕਈ ਦਿਨਾਂ ਤੋਂ ਦਾਣਾ ਮੰਡੀਆਂ ਵਿੱਚ ਬਾਰਦਾਨੇ ਦੀ ਘਾਟ ਕਾਰਨ ਫਸਲ ਦੀ ਖਰੀਦ ਰੁਕ ਚੁੱਕੀ ਹੈ। ਜਿਸ ਤੋਂ ਦੁਖੀ ਕਿਸਾਨਾਂ ਵੱਲੋਂ ਸੜਕਾਂ ’ਤੇ ਰੋਸ ਪ੍ਰਦਰਸ਼ਨ ਕੀਤਾ ਗਿਆ। ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਅਗਵਾਈ ਵਿੱਚ ਕਈ ਪਿੰਡਾਂ ਦੇ ਕਿਸਾਨਾਂ ਵੱਲੋਂ ਬਰਨਾਲਾ ਅੰਮ੍ਰਿਤਸਰ ਨੈਸ਼ਨਲ ਹਾਈਵੇ 'ਤੇ ਪਿੰਡ ਟੱਲੇਵਾਲ ਵਿਖੇ ਨਹਿਰ ਦੇ ਪੁਲ ’ਤੇ ਚੱਕਾ ਜਾਮ ਕਰਕੇ ਪੰਜਾਬ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ।
ਇਸ ਮੌਕੇ ਕਿਸਾਨਾਂ ਨੇ ਕਿਹਾ ਕਿ ਸਰਕਾਰ ਵੱਲੋਂ ਦਾਣਾ ਮੰਡੀਆਂ ਵਿਚ ਪ੍ਰਬੰਧਾਂ ਦੇ ਕੀਤੇ ਜਾ ਰਹੇ ਦਾਅਵੇ ਝੂਠੇ ਹਨ। ਕਈ ਕਈ ਦਿਨਾਂ ਤੋਂ ਕਿਸਾਨ ਫ਼ਸਲ ਵੇਚਣ ਲਈ ਮੰਡੀਆਂ ਵਿੱਚ ਰੁਲ ਰਹੇ ਹਨ। ਸਰਕਾਰ ਵੱਲੋਂ ਦਾਣਾ ਮੰਡੀਆਂ ਵਿੱਚ ਦਸ ਦਿਨ ਦੇਰੀ ਨਾਲ ਕਣਕ ਦੀ ਖਰੀਦ ਹੋਣ ਦੇ ਬਾਵਜੂਦ ਬਾਰਦਾਨੇ ਦੇ ਪ੍ਰਬੰਧ ਤੱਕ ਨਹੀਂ ਕਰ ਸਕੀ। ਜਿਸ ਕਰਕੇ ਫ਼ਸਲ ਦੀ ਖਰੀਦ ਰੁਕ ਚੁੱਕੀ ਹੈ। ਪੰਜਾਬ ਅਤੇ ਕੇਂਦਰ ਸਰਕਾਰ ਦੋਵੇਂ ਰਲ ਕੇ ਸਰਕਾਰੀ ਮੰਡੀਆਂ ਨੂੰ ਖ਼ਤਮ ਕਰਨਾ ਚਾਹੁੰਦੇ ਹਨ ਅਤੇ ਕਿਸਾਨਾਂ ਨੂੰ ਮੰਡੀਆਂ ਵਿੱਚ ਖੱਜਲ ਖੁਆਰ ਕਰ ਕੇ ਪ੍ਰਾਈਵੇਟ ਮੰਡੀਆਂ ਵਿੱਚ ਫ਼ਸਲ ਵੇਚਣ ਲਈ ਮਜਬੂਰ ਕਰ ਰਹੇ ਹਨ। ਪਰ ਕਿਸਾਨ ਸਰਕਾਰ ਦੀ ਇਸ ਚਾਲ ਨੂੰ ਕਾਮਯਾਬ ਨਹੀਂ ਹੋਣ ਦੇਣਗੇ। ਉਨ੍ਹਾਂ ਕਿਹਾ ਕਿ ਜਿੰਨਾ ਸਮਾਂ ਮੰਡੀਆਂ ਵਿੱਚ ਬਾਰਦਾਨੇ ਦੀ ਘਾਟ ਪੂਰੀ ਕਰਕੇ ਫ਼ਸਲ ਦੀ ਖ਼ਰੀਦ ਸ਼ੁਰੂ ਨਹੀਂ ਕੀਤੀ ਜਾਂਦੀ, ਉਨ੍ਹਾਂ ਸਮਾਂ ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ।
ਇਹ ਵੀ ਪੜੋ: DSGMC ਦੀਆਂ ਚੋਣਾਂ ਤੋਂ ਪਹਿਲਾਂ ਪੱਛਮੀ ਬੰਗਾਲ ਦੀਆਂ ਚੋਣਾਂ ਕਿਉਂ ਨਹੀਂ ਕੀਤੀਆਂ ਰੱਦ: ਜਥੇਦਾਰ