ਬਰਨਾਲਾ: ਖੇਤੀ ਕਾਨੂੰਨਾਂ ਦੇ ਵਿਰੁੱਧ ਕਿਸਾਨਾਂ ਦਾ ਸੰਘਰਸ਼ ਲਗਾਤਾਰ ਜਾਰੀ ਹੈ। ਇਸੇ ਸੰਘਰਸ਼ ਦੇ ਚਲਦਿਆਂ ਸੰਯੁਕਤ ਕਿਸਾਨ ਮੋਰਚੇ ਵੱਲੋਂ 18 ਫਰਵਰੀ ਨੂੰ ਦੇਸ਼ ਭਰ ਵਿੱਚ ਰੇਲਵੇ ਚੱਕਾ ਜਾਮ ਕਰਨ ਦਾ ਐਲਾਨ ਕੀਤਾ ਗਿਆ ਸੀ। ਜਿਸ ਦੇ ਚੱਲਦਿਆਂ ਬਰਨਾਲਾ ਵਿਖੇ ਦੋ ਥਾਵਾਂ 'ਤੇ ਕਿਸਾਨ ਜਥੇਬੰਦੀਆਂ ਵੱਲੋਂ ਬਠਿੰਡਾ-ਅੰਬਾਲਾ ਰੇਲਵੇ ਟਰੈਕ ਜਾਮ ਕੀਤਾ ਗਿਆ।
21 ਫਰਵਰੀ ਨੂੰ ਬਰਨਾਲਾ ਵਿਖੇ ਮਹਾਂ-ਪੰਚਾਇਤ ਦਾ ਦਿੱਤਾ ਗਿਆ ਹੈ ਸੱਦਾ
ਇਸ ਮੌਕੇ ਗੱਲਬਾਤ ਕਰਦਿਆਂ ਕਿਸਾਨ ਚਮਕੌਰ ਸਿੰਘ ਨੈਣੇਵਾਲ ਨੇ ਕਿਹਾ ਕਿ ਅੱਜ ਦਾ ਰੇਲ ਰੋਕਣ ਦਾ ਪ੍ਰੋਗਰਾਮ ਸਫ਼ਲ ਰਿਹਾ ਹੈ। ਵੱਡੀ ਗਿਣਤੀ ਵਿੱਚ ਕਿਸਾਨ ਅਤੇ ਔਰਤਾਂ ਰੇਲਾਂ ਦੇ ਚੱਕੇ ਜਾਮ ਵਿੱਚ ਸ਼ਾਮਲ ਹੋਣ ਲਈ ਪਹੁੰਚੇ ਹਨ। ਭਾਵੇਂ ਕੇਂਦਰ ਸਰਕਾਰ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਤੋਂ ਪਿੱਛੇ ਨਹੀਂ ਹਟ ਰਹੀ। ਪਰ ਕਿਸਾਨਾਂ ਦੇ ਹੌਸਲੇ ਵੀ ਬੁਲੰਦ ਹਨ, ਜਿਸ ਦੇ ਚੱਲਦਿਆਂ ਅੱਜ ਦੇਸ਼ ਭਰ ਵਿਚ ਚੱਕੇ ਜਾਮ ਦੇ ਸੱਦੇ ਨੂੰ ਭਾਰੀ ਹੁੰਗਾਰਾ ਮਿਲ ਰਿਹਾ ਹੈ। ਇਸ ਸੰਘਰਸ਼ ਨੂੰ ਹੋਰ ਤਿੱਖਾ ਤੇ ਤੇਜ਼ ਕਰਨ ਲਈ ਇੱਕੀ ਫਰਵਰੀ ਨੂੰ ਬਰਨਾਲਾ ਦੀ ਦਾਣਾ ਮੰਡੀ ਵਿਚ ਮਹਾਂ ਪੰਚਾਇਤ ਦਾ ਸੱਦਾ ਦਿੱਤਾ ਗਿਆ ਹੈ। ਜਿਸ ਵਿਚ ਲੱਖਾਂ ਦੀ ਗਿਣਤੀ ਵਿੱਚ ਪੰਜਾਬ ਭਰ ਤੋਂ ਕਿਸਾਨ ਔਰਤਾਂ ਅਤੇ ਮਜ਼ਦੂਰ ਪਹੁੰਚਣਗੇ।
ਪੰਜਾਬ ’ਚ ਭਾਜਪਾ ਦਾ ਹੋ ਚੁੱਕਿਆ ਹੈ ਪੂਰੀ ਤਰ੍ਹਾ ਸਫ਼ਾਇਆ: ਸੰਦੀਪ ਸਿੰਘ ਚੀਮਾ
ਇਸ ਦੌਰਾਨ ਕਿਸਾਨ ਆਗੂ ਸੰਦੀਪ ਸਿੰਘ ਚੀਮਾ ਨੇ ਕਿਹਾ ਕਿ ਕਿਸਾਨੀ ਸੰਘਰਸ਼ ਦਾ ਲਗਾਤਾਰ ਅਸਰ ਹੁੰਦਾ ਦਿਖਾਈ ਦੇ ਰਿਹਾ ਹੈ ਨਗਰ ਕੌਂਸਲ ਚੋਣਾਂ ਦੌਰਾਨ ਭਾਜਪਾ ਦਾ ਪੂਰੀ ਤਰ੍ਹਾਂ ਸਫ਼ਾਇਆ ਹੋਇਆ ਹੈ, ਹੋਰ ਤਾਂ ਹੋਰ ਬਰਨਾਲਾ ਜ਼ਿਲ੍ਹੇ ਵਿੱਚ ਇੱਕ ਵੀ ਸੀਟ ਭਾਜਪਾ ਪਾਰਟੀ ਜਿੱਤ ਨਹੀਂ ਸਕੀ।