ਬਰਨਾਲਾ: ਕਣਕ ਦੀ ਵਾਢੀ ਦਾ ਸੀਜਨ ਪੂਰੇ ਜ਼ੋਰਾਂ 'ਤੇ ਚੱਲ ਰਿਹਾ ਹੈ। ਪਰ ਦਾਣਾ ਮੰਡੀਆਂ ਵਿੱਚ ਬਾਰਦਾਨੇ ਦੀ ਘਾਟ ਨੇ ਕਿਸਾਨਾਂ ਦੀਆਂ ਸਮੱਸਿਆਵਾਂ ਵਧਾ ਦਿੱਤੀਆਂ ਹਨ। ਬਰਨਾਲਾ ਜ਼ਿਲ੍ਹੇ ਦੇ ਪਿੰਡਾਂ ਵਿੱਚ ਦਾਣਾ ਮੰਡੀਆਂ ਵਿੱਚ ਬਾਰਦਾਨੇ ਦੀ ਵੱਡੀ ਘਾਟ ਹੋਣ ਕਾਰਨ ਕਿਸਾਨਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸੇ ਦੇ ਚੱਲਦਿਆਂ ਹੀ ਕਿਸਾਨਾਂ ਨੇ ਪੰਜਾਬ ਅਤੇ ਕੇਂਦਰ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ।
ਇਸ ਮੌਕੇ ਕਿਸਾਨਾਂ ਨੇ ਕਿਹਾ ਕਿ ਇਸ ਵਾਰ ਪਹਿਲਾਂ ਹੀ ਦਸ ਦਿਨ ਦੇਰੀ ਨਾਲ ਕਣਕ ਦੀ ਖ਼ਰੀਦ ਸ਼ੁਰੂ ਹੋਣ ਕਰਕੇ ਉਨ੍ਹਾਂ ਦੀ ਫਸਲ ਦਾ ਝਾੜ ਘੱਟ ਗਿਆ ਹੈ। ਦੂਜੇ ਪਾਸੇ ਹੁਣ ਕਈ ਦਿਨਾਂ ਤੋਂ ਮੰਡੀਆਂ ਵਿੱਚ ਬੈਠੇ ਕਿਸਾਨਾਂ ਦੀ ਨਾ ਤਾਂ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਅਤੇ ਨਾ ਹੀ ਸਰਕਾਰ ਸਾਰ ਨਹੀਂ ਲੈ ਰਹੀ। ਮੰਡੀਆਂ ਵਿੱਚ ਪੀਣ ਵਾਲੇ ਪਾਣੀ ਅਤੇ ਕੋਰੋਨਾ ਸਬੰਧੀ ਵੀ ਕੋਈ ਪ੍ਰਬੰਧ ਨਹੀਂ ਹਨ। ਬਾਰਦਾਨਾ ਨਾ ਆਉਣ ਕਰਕੇ ਕਿਸਾਨ ਆਪਣੀ ਫਸਲ ਨਹੀਂ ਵੇਚ ਸਕਦੇ।
ਸੜਕਾਂ ਕਰਾਂਗੇ ਜਾਮ- ਕਿਸਾਨ
ਕਿਸਾਨਾਂ ਦਾ ਇਹ ਵੀ ਕਹਿਣਾ ਹੈ ਕਿ ਸਾਨੂੰ ਸਰਕਾਰ ਅਤੇ ਕੁਦਰਤ ਦੋਵਾਂ ਦੀ ਮਾਰ ਝੱਲਣੀ ਪੈ ਰਹੀ ਹੈ। ਕਿਉਂਕਿ ਇੱਕ ਪਾਸੇ ਕਿਸਾਨ ਦਿੱਲੀ ਵਿਖੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਲੜਾਈ ਲੜ ਰਹੇ ਹਨ, ਉੱਥੇ ਦੂਜੇ ਪਾਸੇ ਮੌਸਮ ਬੇਈਮਾਨ ਹੈ ਅਤੇ ਮੰਡੀਆਂ ਵਿੱਚ ਮੀਂਹ ਪੈਣ 'ਤੇ ਕੋਈ ਪ੍ਰਬੰਧ ਨਹੀਂ ਹਨ। ਫ਼ਸਲਾਂ ਦੀ ਸੰਭਾਲ ਲਈ ਕਿਸਾਨਾਂ ਨੂੰ ਆਪਣੇ ਪੱਧਰ 'ਤੇ ਹੀ ਪ੍ਰਬੰਧ ਕਰਨੇ ਪੈ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਅਤੇ ਪ੍ਰਸ਼ਾਸਨ ਨੇ ਬਾਰਦਾਨੇ ਦੇ ਕੋਈ ਪ੍ਰਬੰਧ ਨਾ ਕੀਤੇ ਤਾਂ ਉਹ ਆਉਣ ਵਾਲੇ ਦਿਨਾਂ ਵਿੱਚ ਸੜਕਾਂ ਜਾਮ ਕਰਨ ਲਈ ਮਜਬੂਰ ਹੋਣਗੇ।
ਇਹ ਵੀ ਪੜੋ: ਜ਼ਮੀਨੀ ਝਗੜਿਆਂ ਦੇ ਮਾਮਲਿਆਂ ’ਚ ਕਬਜ਼ਾਧਾਰੀ ਚੁੱਕਦੇ ਹਨ ਫਾਇਦਾ- ਕਾਨੂੰਨੀ ਮਾਹਰ
ਉਧਰ ਦਾਣਾ ਮੰਡੀਆਂ ਵਿੱਚ ਕੰਮ ਕਰ ਰਹੇ ਮਜ਼ਦੂਰਾਂ ਨੇ ਦੱਸਿਆ ਕਿ ਕਣਕ ਦੀ ਫਸਲ ਦੀ ਸਫ਼ਾਈ ਦਾ ਕੰਮ ਨਿਪਟ ਗਿਆ ਹੈ। ਪਰ ਬਾਰਦਾਨਾ ਨਾ ਆਉਣ ਕਰਕੇ ਉਹ ਵਿਹਲੇ ਬੈਠੇ ਹਨ। ਜਿਸ ਕਰਕੇ ਸਰਕਾਰ ਨੂੰ ਚਾਹੀਦਾ ਹੈ ਕਿ ਜਲਦ ਤੋਂ ਜਲਦ ਬਾਰਦਾਨਾ ਭੇਜਿਆ ਜਾਵੇ ਤਾਂ ਕਿ ਮੰਡੀਆਂ ਦਾ ਕੰਮ ਚੱਲ ਸਕੇ।