ਬਰਨਾਲਾ : ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵਲੋਂ ਪੁਲਿਸ ਪ੍ਰਸ਼ਾਸ਼ਨ ਅਤੇ ਨਗਰ ਕੌਂਸਲ ਬਰਨਾਲਾ ਵਿਰੁੱਧ ਬਰਨਾਲਾ ਸ਼ਹਿਰ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ। ਇਹ ਪ੍ਰਦਰਸ਼ਨ ਇੱਕ ਕਿਸਾਨ ਆਗੂ ਦੀ ਨਗਰ ਕੌਸ਼ਲ ਅਧਿਕਾਰੀਆਂ ਵਲੋਂ ਕੀਤੀ ਗਈ ਕੁੱਟਮਾਰ ਦੇ ਰੋਸ ਵਿੱਚ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ਪੁਲਿਸ ਪ੍ਰਸ਼ਾਸ਼ਨ ਨੇ ਕੋਈ ਸੁਣਵਾਈ ਨਾ ਕਰਨ ਦੇ ਇਲਜਾਮ ਵੀ ਲਗਾਏ ਹਨ। ਪ੍ਰਦਰਸ਼ਨਕਾਰੀ ਕਿਸਾਨਾਂ ਨੇ ਦੋਸ਼ ਲਗਾਏ ਕਿ ਇੱਕ ਸ਼ਿਕਾਇਤ ਦੇ ਮਾਮਲੇ ਵਿੱਚ ਕਿਸਾਨ ਆਗੂ ਵਾਹਿਗੁਰੂ ਸਿੰਘ ਨਗਰ ਕੌਂਸਲ ਦਫ਼ਤਰ ਗਏ ਹਨ, ਜਿੱਥੇ ਨਗਰ ਕੌਂਸਲ ਦੇ ਜੇਈ ਅਤੇ ਉਸਦੇ ਸਾਥੀ ਕਰਮਚਾਰੀਆਂ ਨੇ ਕਿਸਾਨ ਆਗੂ ਦੀ ਕੁੱਟਮਾਰ ਕੀਤੀ ਪਰ ਪੁਲਿਸ ਨੇ ਕਈ ਦਿਨਾਂ ਬਾਅਦ ਕੋਈ ਕਾਰਵਾਈ ਨਹੀਂ ਕੀਤੀ। ਇਸ ਕਰਕੇ ਉਹ ਅੱਜ ਰੋਸ ਪ੍ਰਦਰਸ਼ਨ ਲਈ ਮਜਬੂਰ ਹਨ। ਜੇਕਰ ਅਜੇ ਵੀ ਕੋਈ ਕਾਰਵਾਈ ਨਾ ਕੀਤੀ ਤਾਂ ਸੰਘਰਸ਼ ਤੇਜ਼ ਅਤੇ ਤਿੱਖਾ ਕਰਨ ਦੀ ਚੇਤਾਵਨੀ ਵੀ ਦਿੱਤੀ ਗਈ।
ਕਿਸਾਨ ਆਗੂ ਨਾਲ ਕੁੱਟਮਾਰ : ਪ੍ਰਦਰਸ਼ਨਕਾਰੀ ਕਿਸਾਨ ਆਗੂਆਂ ਬਲਵੰਤ ਸਿੰਘ ਉਪਲੀ ਅਤੇ ਬਾਬੂ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਜੱਥੇਬੰਦੀ ਦੇ ਆਗੂ ਵਾਹਿਗੁਰੂ ਸਿੰਘ ਦੀ ਨਗਰ ਕੌਸ਼ਲ ਅਧਿਕਾਰੀਆਂ ਵਲੋਂ ਕੁੱਟਮਾਰ ਕੀਤੀ ਗਈ ਹੈ। ਇਸ ਸ਼ਿਕਾਇਤ ਸਬੰਧੀ ਜਦੋਂ ਉਹ ਕੁੱਝ ਦਿਨ ਪਹਿਲਾਂ ਨਗਰ ਕੌਂਸਲ ਦਫ਼ਤਰ ਗਿਆ ਸੀ ਤਾਂ ਨਗਰ ਕੌਂਸਲ ਦੇ ਇੱਕ ਜੇਈ ਨੇ ਕੌਂਸਲ ਦੇ ਕਰਮਚਾਰੀਆਂ ਤੋਂ ਕਿਸਾਨ ਆਗੂ ਦੀ ਕੁੱਟਮਾਰ ਕਰਵਾਈ। ਕਿਸਾਨ ਆਗੂ ਦੀ ਪੱਗ ਉਤਾਰ ਕੇ ਇਸਦੀ ਬੇਇਜ਼ਤੀ ਕੀਤੀ ਗਈ। ਉਹਨਾਂ ਕਿਹਾ ਕਿ ਪਿਛਲੇ 6 ਦਿਨਾਂ ਤੋਂ ਕਿਸਾਨ ਆਗੂ ਦੀ ਹੋਈ ਕੁੱਟਮਾਰ ਅਤੇ ਦੁਰਵਿਵਹਾਰ ਦੀ ਕੋਈ ਕਾਰਵਾਈ ਨਹੀਂ ਕੀਤੀ ਗਈ। ਇਸ ਸਬੰਧੀ ਉਹ ਡੀਸੀ ਅਤੇ ਐਸਐਸਪੀ ਬਰਨਾਲਾ ਨੂੰ ਵੀ ਮਿਲੇ ਹਨ। ਡੀਸੀ ਬਰਨਾਲਾ ਨੇ ਭਾਵੇਂ ਸਾਡੀ ਕੋਈ ਸੁਣਵਾਈ ਨਹੀਂ ਕੀਤੀ, ਜਦਕਿ ਐਸਐਸਪੀ ਬਰਨਾਲਾ ਦੇ ਕਾਨੂੰਨੀ ਕਾਰਵਾਈ ਦਾ ਭਰੋਸਾ ਦਿੱਤਾ ਹੈ। ਉਹਨਾਂ ਕਿਹਾ ਕਿ ਸਾਡੀ ਮੰਗ ਹੈ ਕਿ ਜੇਈ ਉਰ ਜਿੱਥੇ ਕਾਨੂੰਨੀ ਕਾਰਵਾਈ ਕੀਤੀ ਜਾਵੇ, ਉਥੇ ਉਸਨੂੰ ਨੌਕਰੀ ਤੋਂ ਤੁਰੰਤ ਸਸਪੈਂਡ ਕੀਤਾ ਜਾਵੇ। ਇਸ ਮੰਗ ਨੂੰ ਲੈ ਕੇ ਉਹ ਆਪਣਾ ਸੰਘਰਸ਼ ਜਾਰੀ ਰੱਖਣਗੇ।
ਇਸ ਸਬੰਧੀ ਜੇਈ ਨੇ ਕਿਹਾ ਕਿ ਉਹ 14 ਜੂਨ ਨੂੰ ਆਪਣਾ ਆਮ ਦਿਨਾਂ ਵਾਂਗ ਦਫ਼ਤਰ ਵਿੱਚ ਕੰਮ ਕਰ ਰਹੇ ਸੀ। ਜਿਸ ਦੌਰਾਨ ਇੱਕ ਵਿਅਕਤੀ ਦਫ਼ਤਰ ਆਇਆ ਅਤੇ ਉਸਨੇ ਆਪਣੀ ਗੱਲ ਦੱਸਦੇ ਹੋਏ ਆਸਥਾ ਕਲੋਨੀ ਸਬੰਧੀ ਸ਼ਿਕਾਇਤ ਦੱਸੀ। ਇਸ ਸਬੰਧੀ ਪੂਰੀ ਜਾਂਚ ਕਰਕੇ ਉਸਦੀ ਸਿਕਾਇਤ ਉੱਤੇ ਕਾਰਵਾਈ ਦਾ ਭਰੋਸਾ ਦਿੱਤਾ ਗਿਆ। ਉਕਤ ਵਿਅਕਤੀ ਵਲੋਂ ਬਾਅਦ ਵਿੱਚ ਕਿਸੇ ਜੱਥੇਬੰਦੀ ਦਾ ਹਵਾਲਾ ਦੇ ਕੇ ਦਬਕਾ ਮਾਰਨ ਦੀ ਕੋਸਿਸ਼ ਕੀਤੀ ਅਤੇ ਆਪਣੀ ਜੱਥੇਬੰਦੀ ਦੇ ਆਗੂਆਂ ਨੂੰ ਸੱਦ ਲਿਆ। ਉਕਤ ਕਿਸਾਨ ਆਗੂ ਦੀ ਕੁੱਟਮਾਰ ਸਬੰਧੀ ਉਹਨਾਂ ਕਿਹਾ ਕਿ ਕਿਸੇ ਵਿਅਕਤੀ ਦੀ ਕੋਈ ਕੁੱਟਮਾਰ ਨਹੀਂ ਕੀਤੀ ਗਈ। ਬਲਕਿ ਉਕਤ ਵਿਅਕਤੀ ਆਪਣੇ ਸਾਥੀਆਂ ਤੋਂ ਇੱਕ ਸੱਟ ਮਾਰ ਕੇ ਹਸਪਤਾਲ ਦਾਖ਼ਲ ਹੋਇਆ ਹੈ।