ਬਰਨਾਲਾ: ਪੰਜਾਬ ਵਿੱਚ ਕਿਸਾਨਾਂ ਦੀ ਕਰਜ਼ੇ ਕਰਕੇ ਖ਼ੁਦਕੁਸ਼ੀਆਂ ਦੇ ਮਾਮਲਿਆਂ ਨੂੰ ਆਏ ਦਿਨ ਚੁੱਕਿਆ ਜਾਂਦਾ ਪਰ ਦੂਜੇ ਪਾਸੇ ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਪੰਜਾਬ ਵਿੱਚ ਲੱਖਾਂ ਹੀ ਕਿਸਾਨ ਅਜਿਹੇ ਵੀ ਨੇ ਜੋ ਜ਼ਮੀਨ ਦੇ ਛੋਟੇ ਟੁਕੜੇ ਉੱਤੇ ਖੇਤੀ ਦੇ ਨਾਲ-ਨਾਲ ਹੋਰ ਛੋਟੇ ਕਾਰੋਬਾਰ ਕਰ ਕੇ ਇੱਕ ਖ਼ੁਸ਼ਹਾਲ ਜੀਵਨ ਬਤੀਤ ਕਰ ਰਹੇ ਹਨ। ਅੱਜ ਅਸੀਂ ਤੁਹਾਨੂੰ ਆਪਣੀ ਖ਼ਾਸ ਪ੍ਰੋਗਰਾਮ ਜਿਉਂਦੇ ਨੇ ਅਣਖ ਦੇ ਨਾਲ ਰਾਹੀਂ ਮਿਲਾਉਣ ਜਾ ਰਹੇ ਹਾਂ, ਬਰਨਾਲਾ ਦੇ ਪਿੰਡ ਉਗੋਕੇ ਦੇ ਰਹਿਣ ਵਾਲੇ ਕਿਸਾਨ ਜਗਮੀਤ ਸਿੰਘ ਤੇ ਉਸ ਦੇ ਭਰਾ ਦਲਵਿੰਦਰ ਸਿੰਘ ਨਾਲ, ਜੋ ਕਿ ਹੋਰਨਾਂ ਕਿਸਾਨਾਂ ਦੇ ਨਾਲ ਨਾਲ ਨੌਜਵਾਨਾਂ ਲਈ ਇੱਕ ਮਿਸਾਲ ਬਣ ਰਹੇ ਹਨ।
ਪੰਜਾਬ ਦੇ ਨੌਜਵਾਨ ਜਿੱਥੇ, ਮੌਜੂਦਾ ਦੌਰ ਵਿੱਚ ਆਈਲੈਟਸ ਕਰਕੇ ਵਿਦੇਸ਼ ਜਾਣ ਨੂੰ ਤਰਜੀਹ ਦੇ ਰਹੇ ਹਨ, ਉਥੇ ਹੀ ਬਰਨਾਲਾ ਦਾ ਇੱਕ ਨੌਜਵਾਨ ਵਿਦੇਸ਼ ਜਾਣ ਦੀ ਬਿਜਾਏ ਆਪਣੇ ਪਿਤਾ ਪੁਰਖ਼ੀ ਕੰਮ ਨਾਲ ਲੱਖਾਂ ਦੀ ਕਮਾਈ ਕਰ ਰਿਹਾ ਹੈ। ਜ਼ਿਲ੍ਹੇ ਦੇ ਪਿੰਡ ਉਗੋਕੇ ਦਾ ਨੌਜਵਾਨ ਜਗਜੀਤ ਸਿੰਘ ਦਾ ਪਿਤਾ ਘਰ ਘਰ ਜਾ ਕੇ ਦੇਸੀ ਚੂਚਿਆਂ ਨੂੰ ਵੇਚਣ ਦਾ ਕੰਮ ਕਰਦਾ ਸੀ ਜਿਸ ਨੂੰ ਜਗਜੀਤ ਨੇ ਨਵੀਂ ਤਕਨੀਕ ਨਾਲ ਅਪਣਾ ਲਿਆ ਅਤੇ ਇਸ ਧੰਦੇ ਨੂੰ ਨਵੇਂ ਤਰੀਕੇ ਨਾਲ ਅੱਗੇ ਵਧਾਉਣ ਦੀ ਸੋਚੀ ਤੇ ਉਸ ਉੱਤੇ ਖਰਾ ਵੀ ਉਤਰਿਆ।
ਇਸ ਕਿੱਤੇ ਲਈ ਉਸ ਨੇ ਆਪਣੇ ਘਰ ਵਿੱਚ ਹੀ ਇੱਕ ਹੈਚਰੀ ਮਸ਼ੀਨ ਲਿਆਂਦੀ ਹੈ ਜਿਸ ਰਾਹੀਂ ਦੇਸੀ ਅੰਡਿਆਂ ਤੋਂ ਚੂਚੇ ਤਿਆਰ ਕਰਨੇ ਸ਼ੁਰੂ ਕਰ ਦਿੱਤੇ। ਹੌਲੀ ਹੌਲੀ ਇਹ ਕਾਰੋਬਾਰ ਚੰਗੀ ਰਫ਼ਤਾਰ ਫ਼ੜ ਗਿਆ ਅਤੇ ਮਿਹਨਤ ਰੰਗ ਲਿਆਈ। ਇਸ ਸਬੰਧੀ ਗੱਲਬਾਤ ਕਰਦਿਆਂ ਜਗਜੀਤ ਸਿੰਘ ਨੇ ਦੱਸਿਆ ਕਿ ਉਸ ਦੇ ਪਿਤਾ ਪਹਿਲਾਂ ਹੋਰ ਹੈਚਰੀਆਂ ਤੋਂ ਛੋਟੇ ਪੱਧਰ ’ਤੇ ਚੂਚੇ ਖ਼ਰੀਦ ਕੇ ਪਿੰਡ ਪਿੰਡ ਜਾ ਕੇ ਵੇਚਦੇ ਸਨ। ਉਹ ਬਾਹਰਵੀਂ ਕਰਨ ਤੋਂ ਬਾਅਦ ਸਰਕਾਰੀ ਨੌਕਰੀ ਕਰਨ ਜਾਂ ਵਿਦੇਸ਼ ਜਾਣ ਦੀ ਥਾਂ ਆਪਣੇ ਪਿਤਾ ਪੁਰਖੀ ਕੰਮ ਨੂੰ ਅੱਗੇ ਵਧਾਉਣ ਦੀ ਸੋਚੀ ਜਿਸ ਤੋਂ ਬਾਅਦ ਖੇਤੀ ਵਿਗਿਆਨ ਕੇਂਦਰ ਤੋਂ ਹੈਚਰੀ ਸਬੰਧੀ ਟ੍ਰੇਨਿੰਗ ਲਈ।
ਟ੍ਰੇਨਿੰਗ ਲੈਣ ਤੋਂ ਬਾਅਦ ਜਗਮੀਤ ਤੇ ਉਸ ਦੇ ਭਰਾ ਦਲਵਿੰਦਰ ਸਿੰਘ ਵਲੋਂ ਮਿਲ ਕੇ ਕੰਮ ਹੌਲੀ ਹੌਲੀ ਵਧਾ ਲਿਆ ਗਿਆ ਜਿਸ ਤੋਂ ਬਾਅਦ ਹੈਚਰੀ ਮਸ਼ੀਨ ਲਿਆ ਕੇ ਆਪਣਾ ਕੰਮ ਵਧਾ ਲਿਆ। ਇਸ ਹੈਚਰੀ ਮਸ਼ੀਨ ’ਚ 15 ਹਜ਼ਾਰ ਅੰਡਾ ਇੱਕ ਵਾਰ ’ਚ ਲਗਾ ਕੇ ਚੂਚੇ ਤਿਆਰ ਕੀਤੇ ਜਾਂਦੇ ਹਨ। ਇਸ ਵਿੱਚ ਮੁਰਗੀਆਂ ਦੀਆਂ ਵੱਖ ਵੱਖ ਕਿਸਮਾਂ ਸਮੇਤ ਬੱਤਖ਼ਾਂ ਤੇ ਬਟੇਰ ਆਦਿ ਦੇ ਅੰਡੇ ਲਗਾ ਕੇ ਵੀ ਚੂਚੇ ਤਿਆਰ ਕੀਤੇ ਜਾ ਰਹੇ ਹਨ। ਹਰ ਪੰਜ ਦਿਨਾਂ ਬਾਅਦ 3 ਹਜ਼ਾਰ ਚੂਚੇ ਇਸ ਹੈਚਰੀ ਰਾਹੀਂ ਕੱਢੇ ਜਾਂਦੇ ਹਨ।
ਉਨ੍ਹਾਂ ਦੱਸਿਆ ਕਿ ਤਿਆਰ ਕੀਤੇ ਜਾਂਦੇ ਚੂਚੇ ਪੰਜਾਬ, ਹਰਿਆਣਾ, ਜੰਮੂ, ਸ੍ਰੀਨਗਰ, ਯੂਪੀ ਤੇ ਰਾਜਸਥਾਨ ਆਦਿ ਵਿੱਚ ਵੇਚੇ ਜਾਂਦੇ ਹਨ ਜਿਸ ਲਈ ਉਨ੍ਹਾਂ ਨੇ ਖ਼ੁਦ ਦੀਆਂ ਗੱਡੀਆਂ ਲਗਾਈਆਂ ਹੋਈਆਂ ਹਨ। ਜਗਮੀਤ ਨੇ ਦੱਸਿਆ ਕਿ ਬਿਜਲੀ ਸਣੇ ਹਰ ਤਰ੍ਹਾਂ ਦੇ ਖ਼ਰਚੇ ਕੱਢ ਕੇ 35 ਤੋਂ 50 ਹਜ਼ਾਰ ਰੁਪਏ ਮਹੀਨੇ ਦੀ ਕਮਾਈ ਹੋ ਰਹੀ ਹੈ।
ਛੋਟੀ ਉਮਰੇ ਆਪਣਾ ਸਹਾਇਕ ਧੰਦਾ ਅਪਣਾ ਕੇ ਹੋਰ ਨੌਜਵਾਨਾਂ ਲਈ ਮਿਸਾਲ ਬਣ ਚੁੱਕੇ ਜਗਜੀਤ ਸਿੰਘ ਨੂੰ ਪੰਜਾਬ ਪੱਧਰ ’ਤੇ 2 ਵਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸਨਮਾਨਿਤ ਕੀਤਾ ਜਾ ਚੁੱਕਾ ਹੈ। ਇਸ ਤੋਂ ਇਲਾਵਾ ਜ਼ਿਲਾ ਪੱਧਰ ’ਤੇ ਵੀ ਕਈ ਸਨਮਾਨ ਜਗਜੀਤ ਸਿੰਘ ਨੂੰ ਮਿਲ ਚੁੱਕੇ ਹਨ।
ਇਹ ਵੀ ਪੜ੍ਹੋ: ਕੈਪਟਨ ਸਰਕਾਰ ਦੇ ਤਿੰਨ ਸਾਲ, ਫੇਲ੍ਹ ਹੋਏ ਜਾਂ ਪਾਸ