ਠਾਣੇ/ਮਹਾਰਸ਼ਟਰ: ਇਕ ਵਿਅਕਤੀ ਦਾ ਨਵਾਂ ਵਿਆਹ ਹੋਇਆ ਸੀ ਅਤੇ ਉਸ ਨੇ ਹਨੀਮੂਨ ਲਈ ਕਸ਼ਮੀਰ ਜਾਣ ਦੀ ਯੋਜਨਾ ਬਣਾਈ ਸੀ। ਪਰ ਸਹੁਰੇ ਨੇ ਕਸ਼ਮੀਰ ਜਾਣ ਦੀ ਬਜਾਏ ਜਵਾਈ ਨੂੰ ਪਹਿਲਾਂ ਮੱਕਾ-ਮਦੀਨੇ ਜਾਣ ਦੀ ਤਾਕੀਦ ਕੀਤੀ। ਇਸ ਗੱਲ ਨੂੰ ਲੈ ਕੇ ਦੋਵਾਂ ਵਿਚਾਲੇ ਬਹਿਸ ਸ਼ੁਰੂ ਹੋ ਗਈ। ਝਗੜਾ ਇੰਨਾ ਵੱਧ ਗਿਆ ਕਿ ਸਹੁਰੇ ਨੇ ਆਪਣੇ ਜਵਾਈ 'ਤੇ ਤੇਜ਼ਾਬ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ।
ਇਹ ਘਟਨਾ ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ਦੇ ਕਲਿਆਣ ਪੱਛਮੀ ਵਿੱਚ ਵਾਪਰੀ। ਘਟਨਾ ਤੋਂ ਬਾਅਦ ਮੁਲਜ਼ਮ ਸਹੁਰਾ ਫਰਾਰ ਹੋ ਗਿਆ। ਇਸ ਸਬੰਧੀ ਥਾਣਾ ਬਜ਼ਾਰਪੇਟ 'ਚ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਪੁਲਿਸ ਮੁਲਜ਼ਮ ਸਹੁਰੇ ਦੀ ਭਾਲ ਕਰ ਰਹੀ ਹੈ। ਤੇਜ਼ਾਬ ਹਮਲੇ 'ਚ ਗੰਭੀਰ ਰੂਪ 'ਚ ਜ਼ਖਮੀ ਹੋਏ ਜਵਾਈ ਦਾ ਨਾਂ ਇਬਾਦ ਫਾਲਕੇ ਹੈ, ਜਦਕਿ ਮੁਲਜ਼ਮ ਸਹੁਰੇ ਦਾ ਨਾਂ ਜ਼ਾਕੀ ਖੋਤਲ ਹੈ।
ਪੁਲਿਸ ਨੇ ਦੱਸਿਆ ਕਿ ਮੁਲਜ਼ਮ ਜ਼ਾਕੀ ਖੋਟਾਲ ਦੀ ਬੇਟੀ ਦਾ ਵਿਆਹ ਇਕ ਮਹੀਨਾ ਪਹਿਲਾਂ ਇਬਾਦ ਫਾਲਕੇ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਇਬਾਦ ਨੇ ਹਨੀਮੂਨ ਲਈ ਕਸ਼ਮੀਰ ਜਾਣ ਦਾ ਫੈਸਲਾ ਕੀਤਾ ਸੀ। ਹਾਲਾਂਕਿ, ਸਹੁਰੇ ਜ਼ਾਕੀ ਨੇ ਇਬਾਦ 'ਤੇ ਹਨੀਮੂਨ ਤੋਂ ਪਹਿਲਾਂ ਮੁਸਲਮਾਨਾਂ ਦੇ ਪਵਿੱਤਰ ਸ਼ਹਿਰ ਮੱਕਾ ਅਤੇ ਮਦੀਨਾ ਦਾ ਦੌਰਾ ਕਰਨ ਲਈ ਦਬਾਅ ਪਾਇਆ। ਇਸ ਗੱਲ ਨੂੰ ਲੈ ਕੇ ਸਹੁਰੇ ਅਤੇ ਜਵਾਈ ਵਿਚ ਤਕਰਾਰ ਹੋ ਗਈ। ਇਬਾਦ ਆਪਣੀ ਪਤਨੀ ਨਾਲ ਕਸ਼ਮੀਰ ਜਾਣ 'ਤੇ ਅੜਿਆ ਹੋਇਆ ਸੀ। ਜਦਕਿ ਸਹੁਰਾ ਇਸ ਦੇ ਖਿਲਾਫ ਸੀ।
ਜਵਾਈ ਤੜਫਦਾ ਰਿਹਾ, ਸਹੁਰਾ ਹੋਇਆ ਫ਼ਰਾਰ
ਪੁਲਿਸ ਅਨੁਸਾਰ ਇਸ ਮਾਮਲੇ ਨੂੰ ਲੈ ਕੇ ਸਹੁਰੇ ਅਤੇ ਜਵਾਈ ਵਿੱਚ ਕਈ ਦਿਨਾਂ ਤੋਂ ਤਕਰਾਰ ਚੱਲ ਰਹੀ ਸੀ। ਵੀਰਵਾਰ ਰਾਤ ਜਦੋਂ ਇਬਾਦ ਕਲਿਆਣ ਦੇ ਲਾਲ ਚੌਂਕੀ ਇਲਾਕੇ ਤੋਂ ਆਪਣੇ ਘਰ ਜਾ ਰਿਹਾ ਸੀ ਤਾਂ ਰਸਤੇ ਵਿੱਚ ਜ਼ਾਕੀ ਖੋਤਲ ਨੇ ਉਸ ਨੂੰ ਰੋਕ ਲਿਆ। ਉਨ੍ਹਾਂ ਵਿਚਕਾਰ ਫਿਰ ਤੋਂ ਬਹਿਸ ਹੋ ਗਈ। ਇਸ ਸਮੇਂ ਗੁੱਸੇ 'ਚ ਆ ਕੇ ਜ਼ਾਕੀ ਨੇ ਆਪਣੇ ਨਾਲ ਲਿਆਂਦਾ ਤੇਜ਼ਾਬ ਆਪਣੇ ਜਵਾਈ 'ਤੇ ਸੁੱਟ ਦਿੱਤਾ। ਸਹੁਰਾ ਉਥੋਂ ਭੱਜ ਗਿਆ ਤੇ ਜਵਾਈ ਤੜਫਦਾ ਰਿਹਾ। ਇਬਾਦ ਦਾ ਚਿਹਰਾ ਅਤੇ ਉਸ ਦੇ ਸਰੀਰ ਦੇ ਹੋਰ ਹਿੱਸੇ ਤੇਜ਼ਾਬ ਨਾਲ ਝੁਲਸ ਗਏ ਹਨ। ਇਸ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਿਸ ਨੇ ਇਸ ਮਾਮਲੇ 'ਚ ਮਾਮਲਾ ਦਰਜ ਕਰਕੇ ਫਰਾਰ ਜ਼ਾਕੀ ਖੋਤਲ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਸੀਨੀਅਰ ਪੁਲਿਸ ਇੰਸਪੈਕਟਰ ਦਾ ਬਿਆਨ
ਇਸ ਸਬੰਧੀ ਸੀਨੀਅਰ ਪੁਲਿਸ ਕਪਤਾਨ ਸੁਰੇਸ਼ ਸਿੰਘ ਗੌੜ ਨੇ ਦੱਸਿਆ ਕਿ, "ਹਨੀਮੂਨ 'ਤੇ ਜਾਣ ਨੂੰ ਲੈ ਕੇ ਜਵਾਈ ਅਤੇ ਸਹੁਰੇ 'ਚ ਕੁਝ ਦਿਨਾਂ ਤੋਂ ਝਗੜਾ ਚੱਲ ਰਿਹਾ ਸੀ। ਜਵਾਈ ਕਸ਼ਮੀਰ ਜਾਣ ਦੀ ਜਿੱਦ 'ਤੇ ਅੜਿਆ ਸੀ, ਜਦਕਿ ਸਹੁਰਾ ਜਵਾਈ ਨੂੰ ਮੱਕਾ-ਮਦੀਨਾ ਜਾਣ ਲਈ ਕਹਿ ਰਿਹਾ ਸੀ। ਇਸੇ ਝਗੜੇ ਦੇ ਚੱਲਦਿਆਂ ਸਹੁਰੇ ਨੇ ਜਵਾਈ 'ਤੇ ਤੇਜ਼ਾਬ ਨਾਲ ਹਮਲਾ ਕਰ ਦਿੱਤਾ ਅਤੇ ਫਰਾਰ ਹੋ ਗਿਆ। ਪੁਲਿਸ ਟੀਮਾਂ ਮੁਲਜ਼ਮ ਦੀ ਭਾਲ ਵਿੱਚ ਵੱਖ-ਵੱਖ ਇਲਾਕਿਆਂ ਵਿੱਚ ਜਾ ਚੁੱਕੀਆਂ ਹਨ। ਅਸੀਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੇ ਹਾਂ।"