ਬਰਨਾਲਾ: 30 ਕਿਸਾਨ ਜਥੇਬੰਦੀਆਂ ਵੱਲੋਂ ਬਰਨਾਲਾ ਰੇਲਵੇ ਸਟੇਸ਼ਨ ’ਤੇ ਲਗਾਏ ਹੋਏ ਧਰਨੇ ਦਾ 111ਵੇਂ ਦਿਨ ਪਰਜਾ ਮੰਡਲ ਲਹਿਰ ਦੇ ਬਾਨੀ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਦੀ 87ਵੀਂ ਬਰਸੀ ਨੂੰ ਸਮਰਪਿਤ ਰਿਹਾ। ਇਸ ਦੇ ਨਾਲ ਹੀ 20 ਜਨਵਰੀ ਨੂੰ ਗੁਰੂ ਗੋਬਿੰਦ ਸਿੰਘ ਦਾ ਪ੍ਰਕਾਸ਼ ਪੁਰਬ ਧਰਨਾ ਸਥਾਨ ’ਤੇ ਮਨਾਉਣ ਦਾ ਐਲਾਨ ਕੀਤਾ ਗਿਆ। ਕਿਸਾਨ ਆਗੂਆਂ ਨੇ ਪਰਜਾ ਮੰਡਲ ਲਹਿਰ ਦੇ ਬਾਨੀ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਦੀ ਲਾਸਾਨੀ ਕਰਬਾਨੀ ਨੂੰ ਯਾਦ ਕਰਦਿਆਂ ਕਿਹਾ ਕਿ ਸੇਵਾ ਸਿੰਘ ਠੀਕਰੀਵਾਲਾ ਉਸ ਸਮੇਂ ਜ਼ਮੀਨਾਂ ਉਪਰ ਡਾਕੇ ਮਾਰਨ, ਲੋਕਾਂ ਉੱਪਰ ਜਬਰ ਢਾਹੁਣ ਵਾਲੇ ਰਾਜੇ ਮਹਾਰਾਜਿਆਂ ਖਿਲਾਫ਼ ਬੇਖੌਫ਼ ਹੋ ਕੇ ਜੂਝਦਿਆਂ ਸ਼ਹਾਦਤ ਦਾ ਜਾਮ ਪੀ ਗਏ ਸਨ।
ਉਨ੍ਹਾਂ ਰਾਜਿਆਂ ਅੱਗੇ ਈਨ ਮੰਨਣ ਤੋਂ ਇਨਕਾਰ ਕਰਦਿਆਂ ਅੰਤਲੇ ਦਮ ਤੱਕ ਲੋਕਾਂ ਸੰਗ ਵਫ਼ਾ ਰੱਖੀ। ਕਿਉਂਕਿ ਪਰਜਾ ਮੰਡਲ ਲਹਿਰ ਹੀ ਪੈਪਸੂ ਦੀ ਮੁਜ਼ਾਰਾ ਲਹਿਰ ਦਾ ਮੁੱਖ ਅਧਾਰ ਸੀ। ਇਸ ਨੇ ਅਨੇਕਾਂ ਪਿੰਡਾਂ ਦੀਆਂ ਜ਼ਮੀਨਾਂ ਰਾਜਿਆਂ ਮਹਾਰਾਜਿਆਂ, ਜਗੀਰਦਾਰਾਂ, ਅਹਿਲਕਾਰਾਂ ਖਿਲਾਫ਼ ਜਾਨ ਹੂਲਵੀਂ ਜੰਗ ਲੜਦਿਆਂ ਅਨੇਕਾਂ ਸ਼ਹਾਦਤਾਂ ਦੇ ਕੇ ਜ਼ਮੀਨਾਂ ਮੁਕਤ ਕਰਵਾਈਆਂ ਸਨ। ਅਜੌਕੇ ਦੌਰ ਅੰਦਰ ਵਿਸ਼ਵ ਵਪਾਰ ਸੰਸਥਾ, ਕੌਮਾਂਤਰੀ ਫ਼ੰਡ ਦੀਆਂ ਨੀਤੀਆਂ/ਦਿਸ਼ਾ ਨਿਰਦੇਸ਼ਨਾ ਤਹਿਤ ਕਿਸਾਨਾਂ ਨੂੰ ਜ਼ਮੀਨਾਂ ਤੋਂ ਵਾਂਝੇ ਕਰਨ ਲਈ ਖੇਤੀ ਵਿਰੋਧੀ ਕਾਨੂੰਨ ਲਿਆਂਦੇ ਹਨ।
ਨਵੀਂ ਸ਼ਕਲ ਦੇ ਧੰਨਾ ਸੇਠਾਂ ਖਿਲਾਫ਼ ਚੱਲ ਰਹੀ ਵਡੇਰੇ ਹਿੱਤਾਂ ਦੀ ਜੰਗ ਦੀ ਚਰਚਾ ਕਰਦਿਆਂ ਆਗੂਆਂ ਕਿਹਾ ਕਿ ਇਹ ਲੜਾਈ ਸਿਫਤੀ/ਨਾਜ਼ੁਕ ਦੌਰ ‘ਚ ਪੁੱਜ ਗਈ ਹੈ। ਇੱਕ ਪਾਸੇ ਹਾਕਮ ਸਾਡੇ ਸੰਘਰਸ਼ ਨੂੰ ਲੀਹੋਂ ਲਾਹੁਣ ਲਈ ਹਰ ਹਰਬਾ ਵਰਤ ਰਹੇ ਹਨ। ਦੂਜੇ ਪਾਸੇ ਲੋਕਾਂ ਦਾ ਸੰਘਰਸ਼ ਆਏ ਦਿਨ ਵਿਸ਼ਾਲ ਹੋ ਰਿਹਾ ਹੈ। ਹੁਣ 26 ਜਨਵਰੀ ਗਣਤੰਤਰ ਦਿਵਸ ਮੌਕੇ ਮੁਕਾਬਲੇ ਤੇ ਗਣਤੰਤਰ ਦਿਵਸ ਦੀ ਕਿਸਾਨ ਪਰੇਡ ਕੱਢਣ ਦੀਆਂ ਮੁਲਕ ਪੱਧਰੀਆਂ ਤਿਆਰੀਆਂ ਪੂਰੇ ਜੋਰ-ਸ਼ੋਰ ਨਾਲ ਚੱਲ ਰਹੀਆਂ ਹਨ।
ਇਸ ਦਿਨ ਪੰਜਾਬ ਦਾ ਹਰ ਬਸ਼ਿੰਦਾ ਕਿਸੇ ਨਾਂ ਕਿਸੇ ਰੂਪ ਵਿੱਚ ਇਸ ਸਾਂਝੇ ਕਿਸਾਨ ਸੰਘਰਸ਼ ਵਿੱਚ ਆਪਣਾ ਯੋਗਦਾਨ ਪਾਵੇਗਾ। ਆਗੂਆਂ ਨੇ ਕਿਹਾ ਕਿ 20 ਜਨਵਰੀ ਨੂੰ ਗੁਰੂ ਗੋਬਿੰਦ ਦਾ ਪ੍ਰਕਾਸ਼ ਉਤਸਵ ਵੀ ਸੰਘਰਸ਼ ਦੇ ਮੈਦਾਨ ਵਿੱਚ ਹੀ ਮਨਾਇਆ ਜਾਵੇਗਾ। ਗੁਰੂ ਗੋਬਿੰਦ ਸਿੰਘ ਦੇ ਜੁਝਾਰੂ ਵਿਰਸੇ ਨੂੰ ਯਾਦ ਕਰਦਿਆਂ ਲੋਕ ਮਨਾਂ ਦਾ ਹਿੱਸਾ ਬਣਾਇਆ ਜਾਵੇਗਾ। ਭੁੱਖ ਹੜਤਾਲ ਵਿੱਚ ਬੈਠਣ ਵਾਲੇ ਜਥੇ ਵਿੱਚ ਬਬਲੀ ਸਿੰਘ, ਕਰਤਾਰ ਸਿੰਘ, ਗੁਰਚਰਨ ਸਿੰਘ, ਸ਼ੇਰ ਸਿੰਘ ਭੱਠਲ ਆਦਿ ਸ਼ਾਮਿਲ ਹੋਏ। ਜਗਰਾਜ ਠੁੱਲੀਵਾਲ ਸ਼ਿੰਦਰ ਧੌਲਾ ਅਤੇ ਸੁਦਰਸ਼ਨ ਗੁੱਡੂ ਗੀਤਕਾਰਾਂ ਨੇ ਕਿਸਾਨੀ/ਮਜਦੂਰਾਂ ਪੱਖੀ ਰਚਨਾਵਾਂ ਪੇਸ਼ ਕੀਤੀਆਂ।