ਬਰਨਾਲਾ: ਇੰਡੀਅਨ ਆਰਮੀ ਦੇ ਚੀਫ ਆਫ ਡਿਫੈਂਸ ਸਟਾਫ ਜਨਰਲ ਬਿਪਨ ਰਾਵਤ ਵੱਲੋਂ ਸਾਬਕਾ ਫੌਜੀਆਂ ਦੀ ਪੈਨਸ਼ਨ ਕਟੌਤੀ ਦੇ ਦਿੱਤੇ ਪ੍ਰਸਤਾਵ 'ਤੇ ਸਾਬਕਾ ਫੌਜੀਆਂ ਵੱਲੋਂ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ। ਬਰਨਾਲਾ ਵਿੱਚ ਸਾਬਕਾ ਫ਼ੌਜੀਆਂ ਵੱਲੋਂ ਇਸ ਮਾਮਲੇ ਉੱਤੇ ਪ੍ਰੈੱਸ ਕਾਨਫ਼ਰੰਸ ਕੀਤੀ ਅਤੇ ਭਾਰਤ ਸਰਕਾਰ ਨੂੰ ਜਨਰਲ ਬਿਪਨ ਰਾਵਤ ਦੇ ਇਸ ਪ੍ਰਸਤਾਵ ਨੂੰ ਰੱਦ ਕਰਨ ਦੀ ਅਪੀਲ ਕੀਤੀ।
ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਸੈਨਿਕ ਵਿੰਗ ਦੇ ਸੂਬਾ ਪ੍ਰਧਾਨ ਗੁਰਜਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਬੀਤੇ ਦਿਨੀਂ ਭਾਰਤੀ ਫ਼ੌਜ ਦੇ ਸੀਡੀਐਸ ਬਿਪਿਨ ਰਾਵਤ ਵੱਲੋਂ ਭਾਰਤ ਸਰਕਾਰ ਨੂੰ ਇੱਕ ਪ੍ਰਪੋਜ਼ਲ ਭੇਜੀ ਗਈ ਹੈ ਜਿਸ ਵਿੱਚ ਸਾਬਕਾ ਫੌਜੀਆਂ ਦੀ ਪੈਨਸ਼ਨ ਵਿੱਚ ਕਟੌਤੀ ਦੀ ਗੱਲ ਕੀਤੀ ਗਈ ਹੈ। ਇਸ ਪ੍ਰਪੋਜ਼ਲ ਵਿੱਚ ਜਨਰਲ ਰਾਵਤ ਨੇ ਸਾਬਕਾ ਫ਼ੌਜੀਆਂ ਦੀ ਪੈਨਸ਼ਨ ਵਿੱਚ ਕਟੌਤੀ ਕਰਕੇ ਭਾਰਤੀ ਸੁਰੱਖਿਆ ਦੇ 28 ਫ਼ੀਸਦੀ ਬਜਟ ਘੱਟ ਹੋਣ ਦੀ ਗੱਲ ਆਖੀ ਹੈ। ਜਿਸ ਦੀ ਜਿੰਨੀ ਨਿਖੇਧੀ ਕੀਤੀ ਜਾਵੇ ਓਨੀ ਹੀ ਘੱਟ ਹੈ।
ਉਨ੍ਹਾਂ ਕਿਹਾ ਕਿ ਦੇਸ਼ ਦੀ ਔਖੀ ਘੜੀ ਵਿੱਚ ਹਮੇਸ਼ਾ ਹਿੱਕ ਤਾਣ ਕੇ ਦੁਸ਼ਮਣ ਅੱਗੇ ਫੌਜੀ ਹੀ ਖੜ੍ਹੇ ਹਨ। ਪਰ ਫ਼ੌਜੀਆਂ ਲਈ ਅਜਿਹੀ ਸੋਚ ਰੱਖਣੀ ਬੇਹੱਦ ਨਿੰਦਣਯੋਗ ਹੈ। ਭਾਰਤ ਸਰਕਾਰ ਨੂੰ ਜਨਰਲ ਰਾਵਤ ਦੇ ਇਸ ਪ੍ਰਪੋਜ਼ਲ ਨੂੰ ਤੁਰੰਤ ਰੱਦ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਦੇਸ਼ ਦੀ ਸਰਕਾਰ ਨੂੰ ਬਜਟ ਦੀ ਇੰਨੀ ਹੀ ਚਿੰਤਾ ਹੈ ਤਾਂ ਦੇਸ਼ ਦੇ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਦੀਆਂ ਪੈਨਸ਼ਨਾਂ ਅਤੇ ਭੱਤਿਆਂ 'ਤੇ ਕੱਟ ਲਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਨਰਲ ਰਾਵਤ ਨੇ ਇਹ ਪ੍ਰਪੋਜ਼ਲ ਆਪਣੀ ਕੁਰਸੀ ਉੱਚੀ ਚੁੱਕਣ, ਰਾਜ ਸਭਾ ਮੈਂਬਰੀ ਲੈਣ ਜਾਂ ਗਵਰਨਰ ਬਣਨ ਲਈ ਕੇਂਦਰ ਸਰਕਾਰ ਨੂੰ ਭੇਜੀ ਹੈ। ਜਿਸ ਨਾਲ ਦੇਸ਼ ਦੇ ਲੱਖਾਂ ਸਾਬਕਾ ਫ਼ੌਜੀਆਂ ਦੇ ਢਿੱਡ 'ਤੇ ਲੱਤ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜਿਸ ਨੂੰ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।