ਬਰਨਾਲਾ: ਈਟੀਵੀ ਭਾਰਤ ਵੱਲੋਂ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ 'ਇਹ ਵਰ੍ਹਾ ਨਾਨਕ ਦੇ ਨਾਲ, ਨਹੀਂ ਫੂਕਣਾ ਅਸੀਂ ਪਰਾਲ' ਮੁਹਿੰਮ ਨੂੰ ਦਿਨੋਂ ਦਿਨ ਕਿਸਾਨਾਂ ਦਾ ਸਹਿਯੋਗ ਮਿਲ ਰਿਹਾ ਹੈ। ਇਸ ਮੁਹਿੰਮ ਨਾਲ ਜੁੜ ਕੇ ਅਗਾਂਹ ਵਧੂ ਕਿਸਾਨ ਜਿੱਥੇ ਖੁਦ ਪਰਾਲੀ ਨੂੰ ਅੱਗ ਲਗਾਉਣ ਤੋਂ ਕਿਨਾਰਾ ਕਰ ਰਹੇ ਹਨ, ਉੱਥੇ ਹੀ, ਆਪਣੇ ਸਾਥੀ ਕਿਸਾਨਾਂ ਨੂੰ ਵੀ ਪਰਾਲੀ ਨੂੰ ਅੱਗ ਨਾ ਲਗਾਉਣ ਸੰਬੰਧੀ ਪ੍ਰੇਰਿਤ ਕਰ ਰਹੇ ਹਨ।
ਇਨ੍ਹਾਂ ਵਿੱਚੋਂ ਹੀ, ਪਿੰਡ ਲੌਂਗੋਵਾਲ ਦਾ ਇੱਕ ਉੱਦਮੀ ਕਿਸਾਨ ਨਿਰਮਲ ਸਿੰਘ ਦੁਲਟ ਸ਼ਾਮਿਲ ਹੈ ਜਿਸ ਨੇ ਈਟੀਵੀ ਭਾਰਤ ਦੀ ਸ਼ੁਰੂ ਕੀਤੀ, ਇਸ ਮੁਹਿੰਮ ਨਾਲ ਜੁੜ ਕੇ ਕਿਸਾਨਾਂ ਨੂੰ ਵਾਤਾਵਰਨ ਦੀ ਸ਼ੁੱਧਤਾ ਲਈ ਪ੍ਰੇਰਿਤ ਕੀਤਾ ਹੈ।
ਕਿਸਾਨ ਨਿਰਮਲ ਸਿੰਘ ਦੁੱਲਟ ਪਿਛਲੇ 7 ਸਾਲਾਂ ਤੋਂ, ਜਿੱਥੇ ਖੁਦ ਪਰਾਲੀ ਨੂੰ ਅੱਗ ਨਹੀਂ ਲਗਾ ਰਿਹਾ, ਉੱਥੇ ਉਹ ਹੋਰ ਕਿਸਾਨਾਂ ਨੂੰ ਵੀ ਵਾਤਾਵਰਨ ਦੀ ਸ਼ੁੱਧਤਾ ਲਈ ਇਸ ਉਪਰਾਲੇ ਨਾਲ ਜੋੜ ਰਿਹਾ ਹੈ। ਨਿਰਮਲ ਸਿੰਘ ਨੇ ਹੁਣ ਤੱਕ ਪਿੰਡ ਦੇ ਵੀ ਕਿਸਾਨਾਂ ਨੂੰ ਆਪਣੇ ਨਾਲ ਜੋੜ ਕੇ ਇੱਕ ਟੀਮ ਤਿਆਰ ਕਰ ਲਈ ਹੈ ਅਤੇ ਉਨ੍ਹਾਂ ਵਲੋਂ ਝੋਨੇ ਦੀ ਪਰਾਲੀ ਦੀ ਸੰਭਾਲ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋਂ: 550 ਸਾਲਾ ਪ੍ਰਕਾਸ਼ ਪੁਰਬ: ਲੌਂਗੋਵਾਲ ਨੇ ਦਿੱਲੀ ਤੇ ਯੂਪੀ ਦੇ ਮੁੱਖ ਮੰਤਰੀ ਨੂੰ ਸੁਲਤਾਨਪੁਰ ਲੋਧੀ ਆਉਣ ਦਾ ਦਿੱਤਾ ਸੱਦਾ
ਕਿਸਾਨ ਨਿਰਮਲ ਸਿੰਘ ਨੇ ਦੱਸਿਆ ਕਿ ਉਸ ਨੇ 2012 ਵਿੱਚ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣੀ ਬੰਦ ਕਰ ਦਿੱਤੀ ਸੀ ਜਿਸ ਤੋਂ ਬਾਅਦ ਇਸ ਦਾ ਨਤੀਜਾ ਚੰਗਾ ਨਿਕਲਿਆ ਅਤੇ ਉਸ ਨੇ ਹਮੇਸ਼ਾ ਲਈ ਪਰਾਲੀ ਨੂੰ ਅੱਗ ਲਗਾਉਣੀ ਬੰਦ ਕਰ ਦਿੱਤੀ।
ਉਸ ਨੇ ਪਰਾਲੀ ਦੀ ਸੰਭਾਲ ਕਰਨ ਲਈ ਜ਼ਰੂਰਤ ਦੇ ਸੰਦ ਸਬਸਿਡੀ ਉੱਤੇ ਲਏ ਅਤੇ ਆਪਣੀ 20 ਏਕੜ ਦੀ ਝੋਨੇ ਦੀ ਫ਼ਸਲ ਵਿੱਚੋਂ ਪੈਦਾ ਹੁੰਦੀ ਪਰਾਲੀ ਨੂੰ ਖੇਤਾਂ ਵਿੱਚ ਹੀ ਵਾਹੁਣਾ ਸ਼ੁਰੂ ਕਰ ਦਿੱਤਾ। ਜੋ ਪਿਛਲੇ 7 ਸਾਲਾਂ ਤੋਂ ਲਗਾਤਾਰ ਜਾਰੀ ਹੈ। ਨਿਰਮਲ ਸਿੰਘ ਨੂੰ ਵੇਖਦਿਆਂ ਗੁਆਂਢੀ ਕਿਸਾਨਾਂ ਨੇ ਵੀ, ਪਰਾਲੀ ਫੂਕਣੀ ਬੰਦ ਕਰ ਦਿੱਤੀ ਅਤੇ ਉਹ ਪਰਾਲੀ ਨੂੰ ਆਪਣੇ ਖੇਤਾਂ ਵਿੱਚ ਵਾਹ ਕੇ ਵਾਤਾਵਰਣ ਦੀ ਸ਼ੁੱਧਤਾ ਵਿੱਚ ਆਪਣਾ ਯੋਗਦਾਨ ਪਾ ਰਹੇ ਹਨ।