ਬਰਨਾਲਾ: ਇੱਕ ਪਾਸੇ ਤਾਂ ਜ਼ਿਲ੍ਹਾਂ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਵੱਲੋਂ ਹਰ ਸਾਲ ਬੂਟੇ ਲਗਾਉਣ ਦਾ ਢਡੋਰਾ ਪਿੱਟਿਆ ਜਾ ਰਿਹਾ ਹੈ। ਅਤੇ ਪੰਜਾਬ ਸਰਕਾਰ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਬੂਟੇ ਲਗਾਉਣ ਲਈ ਪੰਜਾਬ ਵਾਸੀਆਂ ਨੂੰ ਪ੍ਰੇਰਿਤ ਕੀਤਾ ਜਾਂਦਾ ਹੈ। ਨਾਲ ਹੀ ਆਈ.ਹਰਿਆਲੀ ਐਪ ਚਲਾ ਕੇ ਮੁਫ਼ਤ ਬੂਟੇ ਵੰਡੇ ਜਾ ਰਹੇ ਹਨ।
ਉੱਥੇ ਹੀ ਦੂਜੇ ਪਾਸੇ ਹਾਥੀ ਦੇ ਪ੍ਰਸ਼ਾਸਨ ਦੇ ਅਧਿਕਾਰੀ ਮਿਲੀਭੁਗਤ ਨਾਲ ਸਰਕਾਰੀ ਦਰਖੱਤਾਂ ਦੀ ਕਟਾਈ ਕਰਵਾ ਰਹੇ ਹਨ।
ਅਜਿਹਾ ਹੀ ਮਾਮਲਾ ਪਿੰਡ ਕਾਹਨੇਕੇ ਤੋਂ ਰੂੜੇਕੇ ਕਲਾਂ ਤੋ ਸਾਹਮਣੇ ਆਇਆ ਹੈ। ਜਿੱਥੇ ਸੜਕ ਦੀਆਂ ਸਾਈਡਾਂ ’ਤੇ ਲੱਗੇ ਸੈਕੜਿਆਂ ਦੀ ਵੱਡੀ ਗਿਣਤੀ ਵਿੱਚ ਬੂਟਿਆ ਨੂੰ ਪੁੱਟਿਆ ਜਾ ਰਿਹਾ ਹੈ। ਜਾਣਕਾਰੀ ਮੁਤਾਬਿਕ ਸੜਕ ਬਣਾਉਣ ਵਾਲੇ ਠੇਕੇਦਾਰ ਦੇ ਬੰਦਿਆ ਵੱਲੋਂ ਬਿਨ੍ਹਾਂ ਕਾਰਨ ਤੋਂ ਵੱਡੀ ਗਿਣਤੀ ਵਿੱਚ ਬੂਟੇ ਪੱਟੇ ਗਏ ਹਨ।
ਵਾਤਾਵਰਨ ਪ੍ਰੇਮੀ ਗੁਰਪ੍ਰੀਤ ਸਿੰਘ ਕਾਹਨੇਕੇ, ਗੁਰਸੇਵਕ ਸਿੰਘ ਧੌਲਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ, ਕਿ ਸਾਲ 2018 ਵਿੱਚ ਜ਼ਿਲ੍ਹਾਂ ਪ੍ਰਸ਼ਾਸਨ ਦੇ ਸਹਿਯੋਗ ਨਾਲ ਵਾਤਾਵਰਨ ਪ੍ਰੇਮੀਆਂ ਨੇ ਇਕੱਠੇ ਹੋ ਕੇ ਸੜਕ ਦੀਆਂ ਵਰਮਾਂ ਤੋਂ ਪਹਿਲਾਂ ਨਜਾਇਜ਼ ਕਬਜੇ ਛੁਡਾ ਕੇ ਮਿੱਟੀ ਪਾਈ ਗਈ ਸੀ।
ਉਸ ਤੋਂ ਬਾਅਦ ਸੜਕ ਦੀਆਂ ਦੋਵੇਂ ਸਾਈਡਾਂ ’ਤੇ ਬੂਟੇ ਲਗਾਏ ਸਨ। ਜਿਨ੍ਹਾਂ ਦੀ ਕਿ ਪਿਛਲੇ ਸਾਲਾਂ ਤੋਂ ਲੈ ਕੇ ਵਾਤਾਵਰਨ ਪ੍ਰੇਮੀਆਂ ਵੱਲੋਂ ਆਪਣੇ ਪੱਧਰ ’ਤੇ ਸੰਭਾਲ ਕੀਤੀ ਜਾ ਰਹੀ ਹੈ।
ਹੁਣ ਸੜਕ ਨੂੰ ਚੌੜੀ ਕੀਤਾ ਜਾ ਰਿਹਾ ਹੈ। ਜਿਸ ਦਾ ਕਿ ਨਿਰਮਾਣ ਕਾਰਜ ਸਬੰਧਿਤ ਠੇਕੇਦਾਰ ਵੱਲੋਂ ਕੀਤਾ ਜਾ ਰਿਹਾ ਹੈ। ਸੜਕ ਦੀ ਸਾਈਡ ਤੋਂ ਬੂਟੇ 7 ਫੁੱਟ ਦੀ ਦੂਰੀ ’ਤੇ ਹਨ, ਜਦੋਕਿ ਸੜਕ ਸਿਰਫ਼ 4 ਫੁੱਟ ਚੌੜੀ ਕੀਤੀ ਜਾਣੀ ਹੈ। ਪਰ ਸੜਕ ਬਣਾਉਣ ਵਾਲੇ ਠੇਕੇਦਾਰ ਦੇ ਬੰਦੇ ਇਨ੍ਹਾਂ ਬੂਟਿਆ ਨੂੰ ਬਿਨ੍ਹਾਂ ਕਿਸੇ ਕਾਰਨ ਤੋਂ ਪੱਟ ਰਹੇ ਹਨ।
ਵਾਤਾਵਰਨ ਪ੍ਰੇਮੀਆਂ ਨੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਅਤੇ ਪੰਜਾਬ ਸਰਕਾਰ ਤੋਂ ਮੰਗ ਕਰਦਿਆਂ ਕਿਹਾ, ਕਿ ਬੂਟੇ ਪੁੱਟਣ ਵਾਲੇ ਠੇਕੇਦਾਰ ਅਤੇ ਉਸ ਦੇ ਬੰਦਿਆ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਹੋਵੇੇ।