ਬਰਨਾਲਾ: ਜਿੱਥੇ ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ ਦੇ ਵਿੱਚ ਇਸ ਸਾਲ ਦਾਖ਼ਲਿਆਂ 'ਚ ਇਜ਼ਾਫ਼ਾ ਹੋਇਆ ਹੈ। ਉੱਥੇ ਹੀ ਬਰਨਾਲਾ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ 'ਚ ਵੀ ਪਿਛਲੇ ਸਾਲਾਂ ਦੇ ਮੁਕਾਬਲੇ 10 ਫੀਸਦੀ ਵਿਦਿਆਰਥੀਆਂ ਦੀ ਗਿਣਤੀ ਵਧੀ ਹੈ।
ਬਰਨਾਲਾ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ 'ਚ 10.13 ਫੀਸਦੀ ਵਧਿਆ ਦਾਖ਼ਲਾ
ਅੰਕੜਿਆਂ ਦੇ ਮੁਤਾਬਕ ਬਰਨਾਲਾ ਜ਼ਿਲ੍ਹੇ ਦੇ ਵਿੱਚ ਸਰਕਾਰੀ ਸਕੂਲਾਂ ਦਾ ਦਾਖ਼ਲਾ 10.13 ਫੀਸਦੀ ਵਧਿਆ ਹੈ। ਸਾਲ 2019-20 ਦੇ ਸੈਸ਼ਨ ਲਈ ਜੋ ਗਿਣਤੀ 52638 ਹਜ਼ਾਰ ਸੀ, ਹੁਣ ਇਹ ਵਧ ਕੇ 57968 ਹਜ਼ਾਰ ਹੋ ਗਈ ਹੈ। ਇਸ ਸਾਲ ਬਰਨਾਲਾ ਦੇ ਸਰਕਾਰੀ ਸਕੂਲਾਂ ਦੇ ਵਿੱਚ 5332 ਦੇ ਕਰੀਬ ਨਵੇਂ ਬੱਚਿਆਂ ਦੇ ਦਾਖ਼ਲੇ ਹੋਏ ਹਨ।
ਨਿੱਜੀ ਸਕੂਲਾਂ ਦੀ ਲੁੱਟ-ਖਸੁੱਟ ਕਾਰਨ ਵਧ ਰਿਹਾ ਸਰਕਾਰੀ ਸਕੂਲਾਂ 'ਚ ਦਾਖ਼ਲਾ
ਮਾਪਿਆਂ ਨੇ ਕਿਹਾ ਕਿ ਨਿੱਜੀ ਸਕੂਲਾਂ ਦੇ ਵਿੱਚ ਲੁੱਟ ਖਸੁੱਟ ਕਰਕੇ ਮਾਪਿਆਂ ਦਾ ਰੁਝਾਨ ਸਰਕਾਰੀ ਸਕੂਲਾਂ ਵੱਲ ਵੱਧ ਰਿਹਾ ਹੈ। ਸਰਕਾਰੀ ਸਕੂਲਾਂ ਦੇ ਵਿੱਚ ਮੁਫ਼ਤ ਸਿੱਖਿਆ ਮੁਹੱਈਆ ਕਰਵਾਈ ਜਾਂਦੀ ਹੈ ਜਦੋਂ ਕਿ ਨਿੱਜੀ ਸਕੂਲ ਫੀਸਾਂ ਨੂੰ ਲੈ ਕੇ ਮਨਮਾਨੀਆਂ ਕਰ ਰਹੇ ਹਨ। ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੇ ਵਧਣ ਦਾ ਵੱਡਾ ਕਾਰਨ ਪ੍ਰਾਈਵੇਟ ਸਕੂਲਾਂ ਦੀਆਂ ਮਹਿੰਗੀਆਂ ਫ਼ੀਸਾਂ ਬਣੀਆਂ ਹਨ।
ਸਰਕਾਰੀ ਸਕੂਲਾਂ ਦੀ ਦਿੱਖ ਪਹਿਲਾਂ ਨਾਲੋਂ ਬਦਲੀ
ਸਰਕਾਰੀ ਸਕੂਲਾਂ ਦੀ ਦਿੱਖ ਵੀ ਪਹਿਲਾਂ ਨਾਲੋਂ ਬਦਲੀ ਹੈ। ਸਰਕਾਰੀ ਸਕੂਲਾਂ ’ਚ ਨਿੱਜੀ ਸਕੂਲਾਂ ਦੀ ਤਰਜ ’ਤੇ ਹਰ ਸੁਵਿਧਾ ਮੁਹੱਈਆ ਕਰਵਾਈ ਜਾਣ ਲੱਗੀ ਹੈ। ਸਰਕਾਰੀ ਸਕੂਲਾਂ ਵਿੱਚ ਆਨਲਾਈਨ ਪੜਾਈ ਵੀ ਕਰਵਾਈ ਜਾ ਰਹੀ ਹੈ। ਜ਼ਿਲ੍ਹੇ ਦੇ 85 ਫੀਸਦੀ ਦੇ ਕਰੀਬ ਸਰਕਾਰੀ ਸਕੂਲ ਸਮਾਰਟ ਸਕੂਲ ਵੀ ਬਣਾਏ ਗਏ ਹਨ। ਨਿੱਜੀ ਸਰਕਾਰੀ ਸਕੂਲਾਂ ਵਿੱਚ ਪ੍ਰੋਜੈਕਟਰ, ਅੰਗਰੇਜ਼ੀ ਮਾਧਿਆਮ, ਮੁਫ਼ਤ ਵਰਤੀ ਅਤੇ ਕਿਤਾਬਾਂ ਅਤੇ ਕੋਈ ਸਕੂਲ ਫ਼ੀਸ ਵਰਗੀਆਂ ਸਹੂਲਤ ਦਿੱਤੀਆਂ ਜਾ ਰਹੀਆਂ ਹਨ। ਆਨਲਾਈਨ ਪੜਾਈ ਘਰ ਬੈਠੇ ਬੱਚਿਆਂ ਨੂੰ ਕਰਵਾਈ ਜਾ ਰਹੀ ਹੈ।
ਸਰਕਾਰੀ ਸਕੂਲਾਂ ਦੇ ਅਧਿਆਪਕ ਵੀ ਆਪਣੇ ਬੱਚੇ ਸਰਕਾਰੀ ਸਕੂਲਾਂ 'ਚ ਦਾਖ਼ਲ ਕਰਵਾਉਣ ਲੱਗੇ
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸਕੂਲਾਂ ਦੇ ਅਧਿਆਪਕਾਂ ਗੁਰਪ੍ਰੀਤ ਸਿੰਘ ਅਤੇ ਭਰਤ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਬੱਚੇ ਖ਼ੁਦ ਨਿੱਜੀ ਸਕੂਲਾਂ ਤੋਂ ਹਟਾ ਕੇ ਸਰਕਾਰੀ ਸਕੂਲਾਂ ਵਿੱਚ ਦਾਖ਼ਲ ਕਰਵਾਏ ਹਨ। ਉਹ ਜਿੱਥੇ ਮਾਪਿਆਂ ਨੂੰ ਬੱਚੇ ਸਰਕਾਰੀ ਸਕੂਲਾਂ ’ਚ ਦਾਖ਼ਲ ਕਰਨ ਲਈ ਪ੍ਰੇਰਿਤ ਕਰ ਰਹੇ ਹਨ, ਉੱਥੇ ਉਨ੍ਹਾਂ ਨੇ ਖ਼ੁਦ ਵੀ ਇਸ ’ਤੇ ਅਮਲ ਕੀਤਾ ਹੈ। ਹੋਰ ਵੀ ਬਹੁ ਗਿਣਤੀ ਅਧਿਆਪਕਾਂ ਨੇ ਆਪਣੇ ਬੱਚੇ ਸਰਕਾਰੀ ਸਕੂਲਾਂ ਵਿੱਚ ਦਾਖ਼ਲ ਕੀਤੇ ਹਨ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰੀ ਸਕੂਲ ਹੀ ਨਾ ਬਚੇ ਤਾਂ ਉਨ੍ਹਾਂ ਦੀਆਂ ਨੌਕਰੀਆਂ ਵੀ ਕਿਸੇ ਕੰਮ ਦੀਆਂ ਨਹੀਂ ਰਹਿਣੀਆਂ। ਇਸ ਲਈ ਸਰਕਾਰੀ ਸਕੂਲਾਂ ਨੂੰ ਬਚਾਉਣ ਲਈ ਇਨ੍ਹਾਂ ਵਿੱਚ ਬੱਚਿਆਂ ਦੇ ਦਾਖ਼ਲੇ ਜ਼ਰੂਰੀ ਹਨ।