ਬਰਨਾਲਾ: ਕੋਰੋਨਾ ਵਾਇਰਸ ਮਹਾਂਮਾਰੀ ਦਾ ਕਹਿਰ ਸੂਬੇ ਵਿੱਚ ਵੱਧਦਾ ਜਾ ਰਿਹਾ ਹੈ ਉੱਵੇਂ ਹੀ ਲੋਕ ਕੋਰੋਨਾ ਟੈਸਟ ਕਰਵਾਉਣ ਤੋਂ ਭੱਜ ਰਹੇ ਹਨ। ਲੋਕਾਂ ਨੂੰ ਕੋਰੋਨਾ ਟੈਸਟ ਪ੍ਰਤੀ ਜਾਗਰੂਕ ਕਰਨ ਲਈ ਐਸਜੀਪੀਸੀ ਦੇ ਮੈਂਬਰਾਂ ਨੇ ਤੇ ਗੁਰਦੁਆਰਾ ਬੀਬੀ ਭਾਨੀ ਬੀਬੀ ਪ੍ਰਧਾਨ ਕੌਰ ਵਿਖੇ ਇਲਾਕੇ ਦੇ ਵੱਖ-ਵੱਖ ਗੁਰੂ ਘਰਾਂ ਦੇ ਗ੍ਰੰਥੀ ਸਿੰਘਾਂ, ਸੇਵਾਦਾਰਾਂ ਅਤੇ ਮੁਲਾਜ਼ਮਾਂ ਨੇ ਅੱਜ ਆਪਣਾ ਕੋਰੋਨਾ ਟੈਸਟ ਕਰਵਾਇਆ।
ਇਸ ਸਬੰਧੀ ਐਸਜੀਪੀਸੀ ਦੇ ਮੈਂਬਰ ਪਰਮਜੀਤ ਸਿੰਘ ਖ਼ਾਲਸਾ ਨੇ ਕਿਹਾ ਕਿ ਬਰਨਾਲਾ ਦੇ ਡੀਸੀ ਵੱਲੋਂ ਆਦੇਸ਼ ਆਏ ਸਨ ਕਿ ਗੁਰੂ ਘਰਾਂ ਨਾਲ ਸਬੰਧਿਤ ਪ੍ਰਬੰਧਕ ਸੇਵਾਦਾਰਾਂ ਤੇ ਮੁਲਾਜ਼ਮਾਂ ਦਾ ਕੋਰੋਨਾ ਟੈਸਟ ਕਰਵਾਇਆ ਜਾਵੇ। ਇਸ ਤਹਿਤ ਹੀ ਸੇਵਾਦਾਰਾਂ ਨੇ ਆਪਣਾ ਕੋਰੋਨਾ ਟੈਸਟ ਕਰਵਾਇਆ। ਉਨ੍ਹਾਂ ਕਿਹਾ ਕਿ ਕੋਰੋਨਾ ਟੈਸਟ ਨੂੰ ਲੈ ਕੇ ਲੋਕਾਂ ਵਿੱਚ ਡਰ ਅਤੇ ਭੈਅ ਦਾ ਮਾਹੌਲ ਬਣਿਆ ਹੋਇਆ ਹੈ, ਜਿਸ ਨੂੰ ਦੂਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਸਿਹਤ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਇਹ ਟੈਸਟ ਕਰਵਾਏ ਗਏ ਹਨ।
ਡਿਪਟੀ ਕਮਿਸ਼ਨਰ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਕਿਹਾ ਕਿ ਕੋਰੋਨਾ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਇਸ ਉੱਤੇ ਲਗਾਮ ਲਗਾਉਣ ਲਈ ਸੂਬਾ ਸਰਕਾਰ ਵੱਲੋਂ ਕੋਰੋਨਾ ਟੈਸਟ ਕੀਤੇ ਜਾ ਰਹੇ ਹਨ ਪਰ ਲੋਕਾਂ ਵੱਲੋਂ ਕੋਰੋਨਾ ਟੈਸਟ ਨੂੰ ਲੈ ਕੇ ਫੈਲਾਈਆਂ ਜਾ ਰਹੀਆਂ ਅਫਵਾਹਾਂ ਕਾਰਨ ਲੋਕ ਕੋਰੋਨਾ ਟੈਸਟ ਕਰਵਾਉਣ ਤੋਂ ਮਨਾ ਕਰ ਰਹੇ ਹਨ। ਲੋਕਾਂ ਨੂੰ ਕੋਰੋਨਾ ਟੈਸਟ ਪ੍ਰਤੀ ਜਾਗਰੂਕ ਕਰਨ ਲਈ ਅੱਜ ਐਸਜੀਪੀਸੀ ਦੇ ਸਹਿਯੋਗ ਨਾਲ ਇਲਾਕੇ ਦੇ ਕਈ ਧਾਰਮਿਕ ਸੰਸਥਾਵਾਂ ਦੇ ਕਰਮਚਾਰੀਆਂ ਨੇ ਕੋਰੋਨਾ ਟੈਸਟ ਕਰਵਾਇਆ। ਉਨ੍ਹਾਂ ਕਿਹਾ ਕਿ ਜੇਕਰ ਵੱਧ ਤੋਂ ਵੱਧ ਲੋਕ ਕੋਰੋਨਾ ਦੇ ਟੈਸਟ ਕਰਵਾਉਣਗੇ ਤਾਂ ਇਸ ਮਹਾਂਮਾਰੀ ਨੂੰ ਰੋਕਿਆ ਜਾ ਸਕਦਾ ਹੈ। ਇਸ ਲਈ ਆਮ ਲੋਕਾਂ ਨੂੰ ਵੀ ਸਹਿਯੋਗ ਦੇਣ ਦੀ ਲੋੜ ਹੈ।
ਇਹ ਵੀ ਪੜ੍ਹੋ: ਭਾਰਤ ਭੂਸ਼ਨ ਆਸ਼ੂ ਨੇ ਫ਼ਤਿਹਗੜ੍ਹ ਸਾਹਿਬ ਦੇ ਸਿਵਲ ਹਸਪਤਾਲ ਦੇ ਪ੍ਰਬੰਧਾਂ ਦਾ ਲਿਆ ਜਾਇਜ਼ਾ