ਬਰਨਾਲ: ਖੇਤੀ ਕਾਨੂੰਨਾਂ ਦੇ ਸੰਘਰਸ਼ ਨੇ ਹੁਣ ਲੋਕ ਲਹਿਰ ਦਾ ਰੂਪ ਧਾਰਨ ਕਰ ਲਿਆ ਹੈ। ਲਗਾਤਾਰ ਡੇਢ ਮਹੀਨੇ ਤੋਂ ਕਿਸਾਨ ਰੇਲਵੇ ਸਟੇਸ਼ਨਾਂ 'ਤੇ ਕਾਰਪੋਰੇਟ ਘਰਾਣਿਆਂ ਦੇ ਅਦਾਰਿਆਂ ਅਤੇ ਟੋਲ ਪਲਾਜ਼ਿਆਂ ਦੇ ਪੱਕੇ ਮੋਰਚੇ ਲਗਾਈ ਬੈਠੇ ਹਨ। ਲੰਬਾ ਸਮਾਂ ਬੀਤ ਜਾਣ 'ਤੇ ਸਰਕਾਰ ਭਾਵੇਂ ਟੱਸ ਤੋਂ ਮੱਸ ਨਹੀਂ ਹੋਈ, ਪਰ ਕਿਸਾਨਾਂ ਦੇ ਹੌਸਲੇ ਅਜੇ ਵੀ ਬੁਲੰਦ ਹਨ।
ਖੇਤੀ ਕਾਨੂੰਨਾਂ ਵਿਰੁੱਧ ਚੱਲ ਰਹੇ ਸੰਘਰਸ਼ ਵਿਚ ਹਰ ਉਮਰ ਵਰਗ ਨੇ ਹਿੱਸਾ ਲਿਆ ਹੈ। ਖਾਸ ਕਰ ਬਜ਼ੁਰਗ ਉਮਰ ਦੀਆਂ ਔਰਤਾਂ ਅਤੇ ਕਿਸਾਨਾਂ ਦੀ ਗਿਣਤੀ ਰੋਜ਼ਾਨਾ ਵਧ ਰਹੀ ਹੈ। ਜਿਨ੍ਹਾਂ ਦੇ ਹੌਸਲੇ ਅੱਗੇ ਉਮਰਾਂ ਵੀ ਛੋਟੀਆਂ ਪੈਂਦੀਆਂ ਦਿਖਾਈ ਦੇ ਰਹੀਆਂ ਹਨ। ਇਹ ਬਜ਼ੁਰਗ ਪੰਜਾਬ ਦੇ ਮੋਰਚਿਆਂ ਵਿਚ ਸ਼ਾਮਿਲ ਹੋਣ ਦੇ ਨਾਲ ਨਾਲ ਹੁਣ ਦਿੱਲੀ ਜਾਣ ਲਈ ਵੀ ਦ੍ਰਿੜ੍ਹ ਹਨ ਅਤੇ ਕੇਂਦਰ ਸਰਕਾਰ ਨੂੰ ਵੰਗਾਰ ਪਾ ਰਹੇ ਹਨ।
ਪਿੰਡ ਠੀਕਰੀਵਾਲ ਦੇ 70 ਸਾਲਾ ਕਰਤਾਰ ਸਿੰਘ ਬਰਨਾਲਾ ਦੇ ਰੇਲਵੇ ਸਟੇਸ਼ਨ 'ਤੇ ਲਗਾਤਾਰ 50 ਦਿਨਾਂ ਤੋਂ ਪਹੁੰਚ ਕੇ ਖੇਤੀ ਕਾਨੂੰਨਾਂ ਵਿਰੁੱਧ ਜ਼ੋਰ ਸ਼ੋਰ ਨਾਲ ਨਾਅਰੇ ਲਾ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜ਼ਮੀਨ ਉਨ੍ਹਾਂ ਦੀ ਮਾਂ ਹੈ ਮੋਦੀ ਸਰਕਾਰ ਹੁਣ ਜ਼ਮੀਨਾਂ ਖੋਹਣਾ ਚਾਹੁੰਦੀ ਹੈ ਜੋ ਉਨ੍ਹਾਂ ਨੂੰ ਬਰਦਾਸ਼ਤ ਨਹੀਂ। ਇਸੇ ਤਰ੍ਹਾਂ 80 ਸਾਲਾ ਜੋਗਿੰਦਰ ਸਿੰਘ ਵੀ 50 ਦਿਨਾਂ ਤੋਂ ਲਗਾਤਾਰ ਧਰਨੇ ਵਿੱਚ ਹਾਜ਼ਰੀ ਲਵਾ ਰਹੇ ਹਨ। ਸਰੀਰ ਭਾਵੇਂ ਇਜਾਜ਼ਤ ਨਹੀਂ ਦਿੰਦਾ ਪਰ ਜਜ਼ਬਾ ਕਾਇਮ ਹੈ। ਦਿੱਲੀ ਜਾਣ ਦਾ ਉਨ੍ਹਾਂ ਦੇ ਮਨ ਵਿਚ ਕੋਈ ਡਰ ਨਹੀਂ। ਘਰ ਮਰਨ ਤੋਂ ਚੰਗਾ ਉਹ ਸਰਕਾਰ ਦੀਆਂ ਡਾਂਗਾਂ ਖਾ ਕੇ ਮਰਨ ਨੂੰ ਤਿਆਰ ਹਨ।
ਇਸੇ ਤਰ੍ਹਾਂ ਔਰਤਾਂ ਵੀ ਇਸ ਸੰਘਰਸ਼ ਵਿੱਚ ਕੇਂਦਰ ਸਰਕਾਰ ਨੂੰ ਬੜ੍ਹਕ ਮਾਰ ਰਹੀਆਂ ਹਨ। ਸੰਘਰਸ਼ ਵਿੱਚ ਸ਼ਾਮਲ ਬਲਬੀਰ ਕੌਰ, ਪਰਮਜੀਤ ਕੌਰ, ਹਰਬੰਸ ਕੌਰ ਅਤੇ ਸੁਰਜੀਤ ਕੌਰ ਲਗਾਤਾਰ ਦੋ ਮਹੀਨਿਆਂ ਤੋਂ ਇਨ੍ਹਾਂ ਧਰਨਿਆਂ ਵਿੱਚ ਸ਼ਾਮਲ ਹੋ ਰਹੀਆਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਉਨ੍ਹਾਂ ਦੀਆਂ ਜ਼ਮੀਨਾਂ ਖੋਹਣਾ ਚਾਹੁੰਦੀ ਹੈ। ਜੇ ਜ਼ਮੀਨਾਂ ਹੀ ਚਲੀਆਂ ਗਈਆਂ ਤਾਂ ਉਨ੍ਹਾਂ ਦੇ ਪੱਲੇ ਕੱਖ ਨਹੀਂ ਰਹਿਣਾ। ਜੇ ਹੁਣ ਨਾ ਲੜੇ ਤਾਂ ਆਉਣ ਵਾਲੀਆਂ ਪੀੜ੍ਹੀਆਂ ਨੇ ਸਾਨੂੰ ਲਾਹਨਤਾਂ ਪਾਉਂਦੀਆਂ ਹਨ। ਉਨ੍ਹਾਂ ਕਿਹਾ ਕਿ ਉਹ ਕਿਸਾਨ ਭਰਾਵਾਂ ਦੇ ਨਾਲ ਹੁਣ ਦਿੱਲੀ ਨੂੰ ਵੀ ਜਾਣਗੀਆਂ ਅਤੇ ਸਰਕਾਰ ਦੇ ਹਰ ਜ਼ੁਲਮ ਦਾ ਸਾਹਮਣਾ ਕਰਨ ਲਈ ਤਿਆਰ ਹਨ।
ਉਧਰ ਇਸ ਸੰਬੰਧੀ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਛੀਨੀਵਾਲ ਨੇ ਕਿਹਾ ਕਿ ਲਗਾਤਾਰ ਕਿਸਾਨੀ ਸੰਘਰਸ਼ ਵਿਚ ਔਰਤਾਂ ਕਿਸਾਨ ਅਤੇ ਨੌਜਵਾਨ ਸ਼ਾਮਲ ਹੋ ਰਹੇ ਹਨ। ਪਰ ਬਜ਼ੁਰਗਾਂ ਦੀ ਗਿਣਤੀ ਨੌਜਵਾਨਾਂ ਦੇ ਮੁਕਾਬਲੇ ਵਧ ਹੀ ਰਹੀ ਹੈ। ਦਿੱਲੀ ਜਾਣ ਮੌਕੇ ਵੀ ਸੰਭਾਵਨਾ ਲੱਗ ਰਹੀ ਹੈ ਕਿ ਬਜ਼ੁਰਗਾਂ ਦੀ ਗਿਣਤੀ ਨੌਜਵਾਨਾਂ ਤੋਂ ਵੱਧ ਰਹੇਗੀ। ਜਿਸ ਕਰਕੇ ਨੌਜਵਾਨਾਂ ਨੂੰ ਇਨ੍ਹਾਂ ਬਜ਼ੁਰਗਾਂ ਤੋਂ ਸੇਧ ਲੈਣੀ ਚਾਹੀਦੀ ਹੈ ਅਤੇ ਆਪਣੇ ਹੱਕ ਲੈਣ ਲਈ ਅੱਗੇ ਆਉਣਾ ਚਾਹੀਦਾ ਹੈ।