ਬਰਨਾਲਾ: ਕੋਰੋਨਾ ਵਾਇਰਸ ਦਾ ਖਤਰਾ ਲਗਾਤਾਰ ਵਧ ਰਿਹਾ ਹੈ। ਭਾਰਤ ਸਮੇਤ ਦੁਨੀਆਂ ਭਰ ਵਿੱਚ ਕੋਰੋਨਾ ਦੇ ਨਵੇਂ ਵੇਰੀਐਂਟ ਸਾਹਮਣੇ ਆ ਰਹੇ ਹਨ। ਕੋਰੋਨਾ ਦੇ ਨਵੇਂ ਰੂਪ "ਡੈਲਟਾ" ਦੇ ਸਾਹਮਣੇ ਆਉਣ ਨਾਲ ਕੋਰੋਨਾ ਦੀ ਤੀਜੀ ਲਹਿਰ ਆਉਣ ਦਾ ਸੰਕੇਤ ਮਿਲਣ ਲੱਗਿਆ ਹੈ। ਇਸ ਨਵੇਂ ਵੇਰੀਐਂਟ ਦਾ ਸਭ ਤੋਂ ਵੱਧ ਖਤਰਾ ਬੱਚਿਆਂ ਵਿਚ ਦੱਸਿਆ ਜਾ ਰਿਹਾ ਹੈ। ਜਿਸ ਕਰਕੇ ਵਿਸ਼ਵ ਸਿਹਤ ਸੰਸਥਾ ਵੱਲੋਂ ਸਾਰੀ ਦੁਨੀਆਂ ਵਿੱਚ ਤੀਜੀ ਲਹਿਰ ਤੋਂ ਬਚਣ ਲਈ ਸਿਹਤ ਪ੍ਰਬੰਧ ਕਰਨ ਲਈ ਸੁਚੇਤ ਕੀਤਾ ਜਾ ਰਿਹਾ ਹੈ।ਬਰਨਾਲਾ ਦੇ ਸਰਕਾਰੀ ਹਸਪਤਾਲ ਵਿੱਚ ਬੱਚਿਆਂ ਲਈ ਇਕ ਵੀ ਡਾਕਟਰ ਮੌਜੂਦ ਨਹੀਂ ਹੈ।ਜਦਕਿ ਕੋਰੋਨਾ ਵਾਇਰਸ ਦਾ ਨਵਾਂ ਰੂਪ ਡੈਲਟਾ ਬੱਚਿਆਂ ਨੂੰ ਆਪਣੀ ਲਪੇਟ ਵਿੱਚ ਲੈ ਰਿਹਾ ਹੈ।
ਸਿਵਲ ਸਰਜਨ (Civil Surgeon) ਡਾ. ਜਸਬੀਰ ਸਿੰਘ ਔਲਖ ਨੇ ਦੱਸਿਆ ਕਿ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਵਿਚ ਸਭ ਤੋਂ ਵੱਧ ਸੰਕਟ ਆਕਸੀਜਨ ਦੀ ਘਾਟ ਦਾ ਸੀ ਪ੍ਰੰਤੂ ਬਰਨਾਲਾ ਜ਼ਿਲ੍ਹੇ ਵਿੱਚ ਆਕਸੀਜਨ ਦੀ ਘਾਟ ਨਾਲ ਕਿਸੇ ਵੀ ਮਰੀਜ਼ ਦੀ ਮੌਤ (Death) ਨਹੀਂ ਹੋਈ। ਬਰਨਾਲਾ ਵਿੱਚ ਇਸ ਵੇਲੇ ਆਕਸੀਜਨ ਦੇ ਦੋ ਵੱਖ ਵੱਖ ਥਾਵਾਂ 'ਤੇ ਪਲਾਂਟ ਲਗਾਏ ਜਾ ਰਹੇ ਹਨ। ਜਿਨ੍ਹਾਂ ਵਿੱਚੋਂ ਇੱਕ ਕੋਵਿਡ ਸੈਂਟਰ ਸੋਹਲ ਪੱਤੀ ਅਤੇ ਦੂਜਾ ਸਰਕਾਰੀ ਹਸਪਤਾਲ ਵਿਚ ਲਗਾਇਆ ਜਾ ਰਿਹਾ ਹੈ।
ਉਨ੍ਹਾਂ ਨੇ ਕਿਹਾ ਹੈ ਕਿ ਕੋਰੋਨਾ ਮਰੀਜ਼ਾਂ ਦੇ ਇਲਾਜ ਲਈ ਦੋ ਵਿਸ਼ੇਸ਼ ਕੋਰੋਨਾ ਸੈਂਟਰ ਬਣਾਏ ਗਏ ਹਨ।ਜਿਨ੍ਹਾਂ ਵਿੱਚੋਂ ਮਹਿਲ ਕਲਾਂ ਦਾ ਕੋਰੋਨਾ ਸੈਂਟਰ ਬੰਦ ਕਰ ਦਿੱਤਾ ਗਿਆ ਹੈ ਕਿਉਂਕਿ ਇਸ ਵੇਲੇ ਮਰੀਜ਼ਾਂ ਦੀ ਗਿਣਤੀ ਬਹੁਤ ਘਟ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਵੇਲੇ ਬਰਨਾਲਾ ਜ਼ਿਲ੍ਹੇ ਵਿੱਚ ਔਸਤਨ ਰੋਜ਼ਾਨਾ ਕੋਰੋਨਾ ਮਰੀਜ਼ਾਂ ਦੀ ਗਿਣਤੀ ਬਹੁਤ ਘਟ ਗਈ ਹੈ ਜਦਕਿ ਪਿਛਲੇ ਪੰਜ ਦਿਨਾਂ ਦੌਰਾਨ ਇੱਕ ਵੀ ਵਿਅਕਤੀ ਦੀ ਕੋਰੋਨਾ ਵਾਇਰਸ ਨਾਲ ਮੌਤ ਨਹੀਂ ਹੋਈ।
ਸਿਵਲ ਸਰਜਨ ਨੇ ਦੱਸਿਆ ਕਿ ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਡੈਲਟਾ ਨਾਲ ਨਿਪਟਣ ਲਈ ਉਨ੍ਹਾਂ ਵੱਲੋਂ ਆਪਣੇ ਤੌਰ 'ਤੇ ਪ੍ਰਬੰਧ ਮੁਕੰਮਲ ਕੀਤੇ ਜਾ ਰਹੇ ਹਨ ਪਰੰਤੂ ਸਰਕਾਰੀ ਹਸਪਤਾਲ ਵਿੱਚ ਬੱਚਿਆਂ ਲਈ ਕੋਈ ਵੀ ਡਾਕਟਰ ਮੌਜੂਦ ਨਹੀਂ ਹੈ। ਜਿਸ ਲਈ ਉਨ੍ਹਾਂ ਵੱਲੋਂ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਲਿਖ ਕੇ ਦੋ ਬੱਚਿਆਂ ਵਾਲੇ ਡਾਕਟਰ ਭੇਜਣ ਦੀ ਮੰਗ ਕੀਤੀ ਗਈ ਹੈ।
ਇਹ ਵੀ ਪੜੋ: Ludhiana:ਬੁੱਢਾ ਨਾਲੇ ਦਾ ਪਾਣੀ ਨਿਗਲ ਰਿਹਾ ਲੋਕਾਂ ਦੀਆਂ ਜਿੰਦਗੀਆਂ