ਅੰਮ੍ਰਿਤਸਰ: ਕੋਰੋਨਾ ਵਾਇਰਸ ਤੋਂ ਬਚਾਅ ਲਈ ਜ਼ਿਲ੍ਹੇ ਵਿੱਚ ਕਰਫਿਊ ਲੱਗਿਆ ਹੋਇਆ ਹੈ। ਕਰਫਿਊ ਕਾਰਨ ਆਮ ਲੋਕ ਘਰਾਂ 'ਚ ਰਹਿਣ ਲਈ ਮਜਬੂਰ ਹਨ। ਇਸ ਨੂੰ ਵੇਖਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਨੇ ਲੋਕਾਂ ਦੀਆਂ ਜ਼ਰੂਰਤ ਦੀਆਂ ਵਸਤੂਆਂ ਦੀ ਪਹੁੰਚ ਯਕੀਨੀ ਬਣਾਉਣ ਲਈ ਕਦਮ ਕਈ ਕਦਮ ਚੁੱਕੇ ਹਨ। ਇਸ ਦੀ ਜਾਣਕਾਰੀ ਅਮ੍ਰਿੰਤਸਰ ਦੇ ਪੁਲਿਸ ਕਮਿਸ਼ਨਰ ਸੁਖਚੈਨ ਸਿੰਘ ਗਿੱਲ ਨੇ ਮੀਡੀਆ ਦੇ ਨਾਲ ਸਾਂਝੀ ਕੀਤੀ ਹੈ।
ਉਨ੍ਹਾਂ ਦੱਸਿਆ ਕਿ ਕਰਫਿਊ ਦੌਰਾਨ ਆਮ ਲੋਕਾਂ ਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕੁਝ ਵਿਸ਼ੇਸ਼ ਢਿੱਲ ਦਿੱਤੀ ਜਾ ਰਹੀ ਹੈ। ਜਿਸ ਵਿੱਚ ਸਿਰਫ਼ ਹੰਗਾਮੀ ਸਥਿਤੀ ਲਈ ਵਰਤੇ ਜਾ ਰਹੇ ਵਾਹਨਾਂ ਨੂੰ ਡੀਜ਼ਲ ਅਤੇ ਪਟਰੋਲ ਦੀ ਸਹੂਲਤ ਪਟਰੋਲ ਪੰਪ ਖੋਲ੍ਹੇ ਜਾਣਗੇ।
ਇਸੇ ਨਾਲ ਹੀ ਘਰਾਂ ਵਿੱਚ ਬੈਠੇ ਲੋਕਾਂ ਦੀਆਂ ਰੋਜ਼ਾਨਾਂ ਦੀਆਂ ਜ਼ਰੂਰਤਾਂ ਲਈ ਦੁੱਧੀ ਸਵੇਰੇ 5 ਤੋਂ 8 ਵਜੇ ਤੱਕ ਦੁੱਧ ਦੀ ਸਪਾਲਈ ਕਰ ਸਕਣਗੇ। ਇਸੇ ਨਾਲ ਹੀ ਵਰੇਕਾ ਤੇ ਅਮੁੱਲ ਵਰਗੀਆਂ ਸੰਸਥਾਵਾਂ ਘਰ-ਘਰ ਜਾ ਕੇ ਸਵੇਰੇ 5 ਤੋਂ 2 ਵਜੇ ਤੱਕ ਦੁੱਧ ਦੀ ਸਪਲਾਈ ਕਰ ਸਕਣਗੀਆਂ।
ਉਨ੍ਹਾਂ ਦੱਸਿਆ ਕਿ ਸਬਜ਼ੀਆਂ ਅਤੇ ਫਲਾਂ ਲਈ ਰੇਹੜੀ-ਫੜੀ ਵਾਲੇ ਵਾਲੇ ਵੀ ਘਰ-ਘਰ ਜਾ ਕੇ ਸਵੇਰੇ ਸਬਜ਼ੀਆਂ ਪਹੁੰਚਦੀਆਂ ਕਰਨਗੇ । ਕਰਿਆਨਾ ਦੁਕਾਨਦਾਰ ਵੀ ਆਪਣੇ ਇਲਾਕੇ ਵਿੱਚ ਘਰ-ਘਰ ਜਾ ਕੇ ਹੀ ਲੋਕਾਂ ਨੂੰ ਕਰਿਆਨੇ ਦਾ ਸਮਾਨ ਪਹੁੰਚਾਉਣਗੇ। ਇਸ ਨਾਲ ਹੀ ਪਸ਼ੂਆਂ ਦੇ ਚਾਰੇ ਲਈ ਸੋਮਵਾਰ ਤੇ ਵੀਰਵਾਰ ਹਰੇ ਚਾਰੇ ਅਤੇ ਤੂੜੀ ਦੇ ਟਾਲ ਖੋਲ੍ਹੇ ਜਾਣਗੇ।
ਉਨ੍ਹਾਂ ਇਸੇ ਨਾਲ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਪ੍ਰਸ਼ਾਸਨ ਉਨ੍ਹਾਂ ਦੇ ਨਾਲ ਹੈ ਅਤੇ ਜੇਕਰ ਕਿਸੇ ਨੂੰ ਕੋਈ ਦਿੱਕਤ ਆਉਂਦੀ ਹੈ ਤਾਂ ਉਹ ਪ੍ਰਸ਼ਾਸਨ ਨਾਲ ਸਪੰਰਕ ਕਰੇ। ੳੇੁਨ੍ਹਾਂ ਕਿਹਾ ਕਿ ਕਰਫਿਊ ਦੀ ਉਲੰਘਣਾ ਕਰਨ ਵਾਲੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।