ਬਰਨਾਲਾ: ਬੀਤੇ ਦਿਨੀ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਪ੍ਰਧਾਨ ਬੂਟਾ ਸਿੰਘ ਬੁਰਜ ਗਿੱਲ ਵੱਲੋਂ ਜਥੇਬੰਦੀ ਦੇ ਸੀਨੀਅਰ ਆਗੂ ਮਨਜੀਤ ਧਨੇਰ, ਬਲਵੰਤ ਸਿੰਘ ਉਪਲੀ ਸਮੇਤ ਤਿੰਨ ਆਗੂਆਂ ਨੂੰ ਪਾਰਟੀ ਵਿੱਚੋਂ ਕੱਢ ਦਿੱਤਾ ਗਿਆ ਹੈ। ਜਿਸ ’ਤੇ ਕਿਸਾਨ ਆਗੂ ਮਨਜੀਤ ਧਨੇਰ ਨੇ ਜੱਥੇਬੰਦੀ ਦੇ ਇਸ ਫੈਸਲੇ ਖ਼ਿਲਾਫ਼ ਤਿੱਖਾ ਰੋਸ ਜਤਾਇਆ ਹੈ ਅਤੇ ਜੱਥੇਬੰਦੀ ਪ੍ਰਧਾਨ ਉਪਰ ਵੀ ਗੰਭੀਰ ਇਲਜ਼ਾਮ ਲਗਾਏ ਹਨ।
ਸੰਘਰਸ਼ ਨੂੰ ਵਿਗਾੜਨ ਦੀ ਕੋਸ਼ਿਸ਼: ਇਸ ਮਾਮਲੇ ਸਬੰਧੀ ਗੱਲਬਾਤ ਕਰਦਿਆਂ ਮਨਜੀਤ ਸਿੰਘ ਧਨੇਰ ਨੇ ਦੱਸਿਆ ਕਿ ਜਿਸ ਸਮੇਂ ਤੋਂ ਦਿੱਲੀ ਵਿੱਚ ਕਿਸਾਨ ਸੰਘਰਸ਼ ਚੱਲ ਰਿਹਾ ਸੀ, ਉਸ ਸਮੇਂ ਤੋਂ ਜਥੇਬੰਦੀ ਦੇ ਪ੍ਰਧਾਨ ਬੂਟਾ ਸਿੰਘ ਵੱਲੋਂ ਕੇਂਦਰ ਸਰਕਾਰ ਅਤੇ ਕੇਂਦਰੀ ਏਜੰਸੀਆਂ ਨਾਲ ਮਿਲ ਕੇ ਕਿਸਾਨ ਸੰਘਰਸ਼ ਨੂੰ ਵਿਗਾੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਉਹ ਅਤੇ ਉਸ ਦੇ ਕੱਢੇ ਗਏ ਸਾਥੀ ਉਸ ਸਮੇਂ ਤੋਂ ਹੀ ਪ੍ਰਧਾਨ ਬੂਟਾ ਸਿੰਘ ਦਾ ਵਿਰੋਧ ਕਰਦੇ ਆ ਰਹੇ ਹਨ ਅਤੇ ਅਜਿਹਾ ਕਰਨ ਤੋਂ ਇਨਕਾਰ ਕਰਦੇ ਆ ਰਹੇ ਹਨ। ਜਿਸ ਤੋਂ ਬਾਅਦ ਕੁਝ ਦਿਨ ਪਹਿਲਾਂ ਬੂਟਾ ਸਿੰਘ ਵੱਲੋਂ ਚਾਰ ਆਗੂਆਂ ਨੂੰ ਬਾਹਰ ਕੱਢ ਦਿੱਤਾ ਗਿਆ ਸੀ। ਜਥੇਬੰਦੀ ਦਾ ਮੁਖੀ ਵਲੋਂ ਅੱਜ ਉਸ ਨੂੰ ਅਤੇ ਦੋ ਹੋਰ ਆਗੂਆਂ ਨੂੰ ਜਥੇਬੰਦੀ ਵਿੱਚੋਂ ਕੱਢ ਦਿੱਤਾ ਗਿਆ ਹੈ।
ਮੌਲਿਕ ਅਧਿਕਾਰ ਨਹੀਂ: ਉਨ੍ਹਾਂ ਕਿਹਾ ਕਿ ਪ੍ਰਧਾਨ ਨੂੰ ਕਿਸੇ ਵੀ ਜਥੇਬੰਦੀ ਦੇ ਆਗੂ ਜਾਂ ਵਰਕਰ ਨੂੰ ਕੱਢਣ ਦਾ ਕੋਈ ਮੌਲਿਕ ਅਧਿਕਾਰ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇਕਰ ਉਸ ’ਤੇ ਕੋਈ ਇਲਜ਼ਾਮ ਹੈ ਤਾਂ ਪਹਿਲਾਂ ਜਥੇਬੰਦੀ ਦੇ ਨਿਯਮਾਂ ਅਨੁਸਾਰ ਉਨ੍ਹਾਂ ਨੂੰ ਪੱਤਰ ਕੱਢ ਕੇ ਆਪਣੇ ਪਾਸੇ ਜਾਣਾ ਚਾਹੀਦਾ ਸੀ, ਪਰ ਪ੍ਰਧਾਨ ਵੱਲੋਂ ਸਵਾਲ ਚੁੱਕਣ ਵਾਲੇ ਆਗੂਆਂ ਨੂੰ ਧੱਕੇ ਨਾਲ ਬਾਹਰ ਕੱਢਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਕਿਸਾਨ ਜਥੇਬੰਦੀ ਦੀ ਜਨਰਲ ਮੀਟਿੰਗ ਸੱਦੀ ਜਾਵੇਗੀ ਅਤੇ ਉਸ ਵਿੱਚ ਸਾਰੀ ਗੱਲ ਰੱਖੀ ਜਾਵੇਗੀ।
ਇਹ ਵੀ ਪੜ੍ਹੋ: Tikshan Sood on SYL: ਭਾਜਪਾ ਦੇ ਸਾਬਕਾ ਮੰਤਰੀ ਦਾ ਵੱਡਾ ਬਿਆਨ, ਪੰਜਾਬ ਕੋਲ ਕਿਸੇ ਹੋਰ ਨੂੰ ਦੇਣ ਲਈ ਵਾਧੂ ਪਾਣੀ ਨਹੀਂ...
ਦੱਸ ਦਈਏ ਇਸ ਤੋਂ ਪਹਿਲਾਂ ਜਥੇਬੰਦੀ ਵਿੱਚੋਂ ਕੱਢੇ ਗਏ ਕਿਸਾਨ ਆਗੂਆਂ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਸਟੈਂਡ ਉੱਤੇ ਕਾਇਮ ਰਹਿਣ ਅਤੇ ਬੂਟਾ ਸਿੰਘ ਬੁਰਜ ਗਿੱਲ ਦੀ ਸਚਾਈ ਜੱਗ ਜਾਹਿਰ ਕਰਨ ਦੀ ਸਜ਼ਾ ਮਿਲੀ ਹੈ। ਉਨ੍ਹਾਂ ਕਿਹਾ ਸੀ ਕਿ ਉਹ ਬੂਟਾ ਸਿੰਘ ਬੁਰਜ ਗਿੱਲ ਦੇ ਫੈਸਲੇ ਨਾਲ ਸਹਿਮਤ ਨਹੀਂ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਇਸ ਖ਼ਿਲਾਫ਼ ਆਵਾਜ਼ ਬੁਲੰਦ ਕਰਦੇ ਰਹਿਣਗੇ।