ਬਰਨਾਲਾ: ਖੇਤੀ ਕਾਨੂੰਨਾਂ ਵਿਰੁੱਧ ਚੱਲ ਰਹੇ ਕਿਸਾਨੀ ਸੰਘਰਸ਼ ਦੌਰਾਨ ਬਰਨਾਲਾ ਜ਼ਿਲ੍ਹੇ ਦਾ ਇੱਕ ਹੋਰ ਕਿਸਾਨ ਸ਼ਹੀਦ ਹੋ ਗਿਆ। ਜ਼ਿਲ੍ਹੇ ਦੇ ਪਿੰਡ ਚੰਨਣਵਾਲ ਦਾ ਕਿਸਾਨ ਜਸਮੇਲ ਸਿੰਘ ਪਿਛਲੇ 2 ਮਹੀਨਿਆਂ ਤੋਂ ਦਿੱਲੀ ਦੇ ਸਿੰਘੂ ਬਾਰਡਰ ’ਤੇ ਡਟਿਆ ਹੋਇਆ ਸੀ ਤੇ ਦਿਲ ਦਾ ਦੌਰਾ ਪੈਣ ਕਾਰਨ ਉਸਦੀ ਮੌਤ ਹੋ ਗਈ। ਜਸਮੇਲ ਸਿੰਘ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦਾ ਸਰਗਰਮ ਮੈਂਬਰ ਸੀ। ਉਸ ਦੀ ਮ੍ਰਿਤਕ ਦੇਹ ਬਰਨਾਲਾ ਵਿਖੇ ਲਿਆਂਦੀ ਗਈ, ਜਿਸਨੂੰ ਰੇਲਵੇ ਸਟੇਸ਼ਨ ’ਤੇ ਚੱਲ ਰਹੇ ਪੱਕੇ ਮੋਰਚੇ ਵਿੱਚ ਰੱਖਿਆ ਗਿਆ ਹੈ।
ਕਿਸਾਨ ਆਗੂਆਂ ਨੇ ਜਸਮੇਲ ਸਿੰਘ ਨੂੰ ਕਿਸਾਨੀ ਮੋਰਚੇ ਦਾ ਸ਼ਹੀਦ ਐਲਾਨਦੇ ਹੋਏ ਪੰਜਾਬ ਸਰਕਾਰ ਤੋਂ ਮ੍ਰਿਤਕ ਕਿਸਾਨ ਦੇ ਪਰਿਵਾਰ ਲਈ 10 ਲੱਖ ਮੁਆਵਜ਼ਾ ਰਾਸ਼ੀ, ਪਰਿਵਾਰ ਦੀ ਮੁਕੰਮਲ ਕਰਜ਼ਾਮਾਫ਼ੀ ਅਤੇ ਇੱਕ ਪਰਿਵਾਰਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ ਕੀਤੀ। ਉਨ੍ਹਾਂ ਮੰਗਾਂ ਪੂਰੀਆਂ ਹੋਣ ਤੱਕ ਮ੍ਰਿਤਕ ਕਿਸਾਨ ਦਾ ਅੰਤਿਮ ਸਸਕਾਰ ਨਾ ਕਰਨ ਦਾ ਐਲਾਨ ਕੀਤਾ।
ਇਸ ਮੌਕੇ ਗੱਲਬਾਤ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਮ੍ਰਿਤਕ ਕਿਸਾਨ ਜਸਮੇਲ ਸਿੰਘ 26 ਨਵੰਬਰ ਤੋਂ ਦਿੱਲੀ ਮੋਰਚੇ ਵਿੱਚ ਗਿਆ ਹੋਇਆ ਸੀ ਅਤੇ ਇੱਕ ਦਿਨ ਵੀ ਘਰ ਵਾਪਸ ਨਹੀਂ ਪਰਤਿਆ ਸੀ। ਉਸਦੀ ਦਿਲ ਦਾ ਦੌਰਾ ਪੈਣ ਕਾਰਨ ਸਿਹਤ ਵਿਗੜ ਅਤੇ ਮੌਤ ਹੋ ਗਈ। ਇਸ ਘਟਨਾ ਕਾਰਨ ਬਰਨਾਲਾ ਜ਼ਿਲ੍ਹੇ ਦੀ ਕਿਸਾਨੀ ਲਹਿਰ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਮ੍ਰਿਤਕ ਕਿਸਾਨ ਜਗਸੀਰ ਸਿੰਘ ਦੀ ਦੇਹ ਬਰਨਾਲਾ ਲਿਆਂਦੀ ਗਈ ਹੈ। ਬਰਨਾਲਾ ਦੇ ਰੇਲਵੇ ਸਟੇਸ਼ਨ ’ਤੇ ਚੱਲ ਰਹੇ ਪੱਕੇ ਮੋਰਚੇ ਵਿੱਚ ਰੱਖਿਆ ਗਿਆ ਹੈ।
ਆਗੂਆਂ ਨੇ ਜਸਮੇਲ ਸਿੰਘ ਨੂੰ ਕਿਸਾਨੀ ਅੰਦੋਲਨ ਦਾ ਸ਼ਹੀਦ ਕਰਾਰ ਦਿੰਦਿਆਂ ਸਰਕਾਰ ਤੋਂ ਪਰਿਵਾਰ ਨੂੰ 10 ਲੱਖ ਮੁਆਵਜ਼ਾ ਰਾਸ਼ੀ ਦੇਣ ਦੀ ਮੰਗ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਪਰਿਵਾਰ ਦਾ ਸਾਰਾ ਕਰਜ਼ਾ ਮਾਫ਼ ਕੀਤਾ ਜਾਵੇ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। ਇੰਨ੍ਹਾਂ ਸਮਾਂ ਸਰਕਾਰ ਇਹ ਤਿੰਨੇ ਮੰਗਾਂ ਪੂਰੀਆਂ ਨਹੀਂ ਕਰਦੀ, ਉਨਾਂ ਸਮਾਂ ਮ੍ਰਿਤਕ ਕਿਸਾਨ ਦਾ ਅੰਤਿਮ ਸਸਕਾਰ ਨਹੀਂ ਕੀਤਾ ਜਾਵੇ ਅਤੇ ਸੰਘਰਸ਼ ਤੇਜ਼ ਕੀਤਾ ਜਾਵੇਗਾ।
ਇਸ ਮੌਕੇ ਕਿਸਾਨ ਆਗੂ ਮੇਲਾ ਸਿੰਘ ਨੇ ਕਿਸਾਨੀ ਅੰਦੋਲਨ ਦੌਰਾਨ ਹੋ ਰਹੀਆਂ ਮੌਤਾਂ ਲਈ ਕੇਂਦਰ ਸਰਕਾਰ ਨੂੰ ਜਿੰਮੇਵਾਰ ਦੱਸਦਿਆਂ ਕਿਹਾ ਕਿ ਖੇਤੀ ਕਾਨੂੰਨ ਲਾਗੂ ਹੋਣ ਦੇ ਪ੍ਰਭਾਵਾਂ ਤੋਂ ਦੁਖੀ ਕਿਸਾਨ ਮਾਨਸਿਕ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ। ਇਸ ਕਰਕੇ ਦਿਲ ਦੇ ਦੌਰੇ ਪੈਣ ਕਾਰਨ ਲਗਾਤਾਰ ਕਿਸਾਨਾਂ ਦੀ ਮੌਤ ਹੋ ਰਹੀ ਹੈ।