ਬਰਨਾਲਾ: ਕਰਜ਼ੇ ਦੀ ਮਾਰ ਝੱਲ ਰਹੀ ਪੰਜਾਬ ਦੀ ਕਿਸਾਨੀ ਦੇ ਦੁੱਧ ਦੇ ਸਹਾਇਕ ਧੰਦੇ ਦਾ ਚੰਮ ਪਸ਼ੂਆਂ ਨੂੰ ਪਈ ਚਮੜੀ ਦੇ ਬੀਮਾਰੀ ਨੇ ਉਧੇੜ ਕੇ ਰੱਖ ਦਿੱਤਾ ਹੈ। ਲੰਪੀ ਸਕਿਨ ਦੀ ਬੀਮਾਰੀ ਦੀ ਲਪੇਟ ਵਿੱਚ ਆਈਆਂ ਦੁਧਾਰੂ ਗਾਵਾਂ ਦੀ ਮੌਤ ਦਰ ਵਧਣ ਲੱਗੀ ਹੈ। ਬੀਮਾਰੀ ਦਾ ਭਾਵੇਂ ਅਜੇ ਤੱਕ ਕੋਈ ਹੱਲ ਨਹੀਂ ਲੱਭਿਆ ਜਾ ਸਕਿਆ, ਪਰ ਸਰਕਾਰੀ ਅਣਦੇਖੀ ਤੋਂ ਕਿਸਾਨ ਦੁਖ਼ੀ ਹਨ।
ਪਸ਼ੂ ਪਾਲਕ ਕਿਸਾਨ ਅਤੇ ਮਜ਼ਦੂਰ ਸਹਿਮ ਦੇ ਮਾਹੌਲ ਵਿੱਚ ਹਨ। ਸੂਬਾ ਸਰਕਾਰ ਵਲੋਂ ਭੇਜੀ ਸਹਾਇਤਾ ਰਾਸ਼ੀ ਨਾਲ ਦਵਾਈਆਂ ਤੇ ਹੋਰ ਰਾਹਤ ਸਮੱਗਰੀ ਕਿਸਾਨਾਂ ਤੱਕ ਪਹੁੰਚਾਉਣ ਵਿੱਚ ਅਜੇ ਕੁਝ ਦਿਨ ਲੱਗ ਸਕਦੇ ਹਨ। ਉਥੇ ਬੀਮਾਰੀ ਦੀ ਭੇਂਟ ਚੜ੍ਹਨ ਵਾਲੀਆਂ ਗਾਵਾਂ ਨੂੰ ਖੁੱਲੀਆਂ ਹੱਡਾਂਰੋੜੀਆਂ ਵਿੱਚ ਸੁੱਟਣ ਕਰਕੇ ਇਹ ਹੋਰ ਵੀ ਖਤਰਨਾਕ ਸਾਬਤ ਹੋ ਸਕਦਾ ਹੈ।
ਇਹ ਵੀ ਪੜੋ: ‘ਲੰਪੀ ਸਕਿਨ ਬੀਮਾਰੀ ਤੋਂ ਪਸ਼ੂਆਂ ਨੂੰ ਬਚਾਉਣ ਲਈ ਸਰਕਾਰ ਨੇ ਮੰਗਵਾਈ ਦਵਾਈ’
ਪਿੰਡ ਚੀਮਾ ਵਿਖੇ ਲੰਪੀ ਸਕਿਨ ਬੀਮਾਰੀ ਨੇ ਚਾਰ ਦੁਧਾਰੂ ਗਊਆਂ ਦੀ ਜਾਨ ਲੈ ਲਈ ਹੈ। ਕਿਸਾਨ ਬਲਵੀਰ ਸਿੰਘ ਨੇ ਦੱਸਿਆ ਕਿ ਉਹ ਛੋਟੀ ਕਿਸਾਨੀ ਦੇ ਨਾਲ ਦੁੱਧ ਦੇ ਕੰਮ ਨਾਲ ਘਰ ਦਾ ਗੁਜ਼ਾਰਾ ਕਰ ਰਿਹਾ ਹੈ। ਪਰ ਇਸ ਬੀਮਾਰੀ ਕਾਰਨ ਇੱਕ ਗਾਂ ਦੀ ਮੌਤ ਹੋ ਗਈ ਹੈ। ਜਦਕਿ ਇੱਕ ਗਾਂ ਹੋਰ ਇਸ ਬੀਮਾਰੀ ਦੀ ਲਪੇਟ ਵਿੱਚ ਹੈ। ਨਿੱਜੀ ਡਾਕਟਰਾਂ ਤੋਂ ਇਸਦਾ ਮਹਿੰਗਾ ਇਲਾਜ਼ ਕਰਵਾ ਰਿਹਾ ਹੈ। ਸਰਕਾਰ ਵਲੋਂ ਇਸਦੀ ਕੋਈ ਵੈਕਸੀਨ ਜਾਂ ਦਵਾਈ ਤੱਕ ਮੁਹੱਈਆ ਨਹੀਂ ਕਰਵਾਈ ਜਾ ਰਹੀ।
ਕਿਸਾਨ ਮਨਦੀਪ ਸਿੰਘ ਦੀ ਇੱਕ ਗਾਂ ਲੰਪੀ ਸਕਿਨ ਦੀ ਭੇਂਟ ਚੜ੍ਹ ਗਈ ਹੈ। ਬੀਮਾਰੀ ਤੋਂ ਡਰਦਿਆਂ ਉਸਨੇ ਆਪਣੀਆਂ ਬਾਕੀ 10 ਗਾਵਾਂ ਸਸਤੇ ਭਾਅ ਵੇਚ ਦਿੱਤੀਆਂ ਹਨ। ਪਿੰਡ ਜਗਜੀਤਪੁਰਾ ਵਿੱਚ ਕਿਸਾਨ ਗੁਰਜੀਤ ਸਿੰਘ ਦੀ ਗਾਂ ਦੀ ਮੌਤ ਹੋ ਗਈ। ਰਾਮਗੜ੍ਹ ਦੇ ਸਰਪੰਚ ਰਾਜਵਿੰਦਰ ਰਾਜਾ ਨੇ ਦੱਸਿਆ ਕਿ ਉਹਨਾਂ ਦੇ ਪਿੰਡ ਕਰੀਬ 8 ਗਾਵਾਂ ਇਸ ਬੀਮਾਰੀ ਨਾਲ ਮਰ ਗਈਆਂ ਹਨ। ਛੋਟੀ ਕਿਸਾਨੀ ਨਾਲ ਜੁੜੇ ਪਿੰਡ ਦੇ ਗੁਰਜੰਟ ਸਿੰਘ ਨੇ ਦੱਸਿਆ ਕਿ ਦੋ ਗਾਵਾਂ ਦੀ ਮੌਤ ਨਾਲ ਉਸਨੂੰ ਕਰੀਬ 1 ਲੱਖ ਰੁਪਏ ਦਾ ਘਾਟਾ ਪਿਆ ਹੈ।
ਇਸ ਸਬੰਧੀ ਭਾਕਿਯੂ ਉਗਰਾਹਾਂ ਦੇ ਆਗੂ ਦਰਸ਼ਨ ਸਿੰਘ ਚੀਮਾ ਨੇ ਕਿਹਾ ਕਿ ਸਰਕਾਰ ਅਤੇ ਪ੍ਰਸ਼ਾਸ਼ਨ ਪਸ਼ੂਆਂ ਨੂੰ ਪਈ ਇਸ ਮਹਾਂਮਾਰੀ ਪ੍ਰਤੀ ਕੋਈ ਧਿਆਨ ਨਹੀਂ ਹੈ। ਕਿਸਾਨ ਪਹਿਲਾਂ ਹੀ ਕਰਜ਼ੇ ਹੇਠ ਹਨ ਅਤੇ ਹੁਣ ਇਸ ਬੀਮਾਰੀ ਨੇ ਕਿਸਾਨਾਂ ਦੇ ਪਸ਼ੂ ਧਨ ਦਾ ਵੱਡਾ ਨੁਕਸਾਨ ਕੀਤਾ ਹੈ। ਇਸ ਬੀਮਾਰੀ ਲਈ ਕਾਰਗਰ ਦਵਾਈ ਮਹਿੰਗੇ ਭਾਅ ਬਲੈਕ ਵਿੱਚ ਮਿਲ ਰਹੀ ਹੈ। ਉਹਨਾਂ ਕਿਹਾ ਕਿ ਸਰਕਾਰ ਜਿੱਥੇ ਪਸ਼ੂ ਪਾਲਕਾਂ ਨੂੰ ਮੁਫ਼ਤ ਦਵਾਈ ਮੁਹੱਈਆ ਕਰਵਾਏ, ਉਥੇ ਜਿੰਨਾਂ ਕਿਸਾਨਾਂ-ਮਜ਼ਦੂਰਾਂ ਦੀਆਂ ਗਾਵਾਂ ਦੀ ਮੌਤ ਹੋਈ ਹੈ, ਉਹਨਾਂ ਨੂੰ ਸਰਕਾਰ ਘੱਟੋ ਘੱਟ 50 ਹਜ਼ਾਰ ਰੁਪਏ ਮੁਆਵਜ਼ਾ ਮੁਹੱਈਆ ਕਰਵਾਏ।
ਇਹ ਵੀ ਪੜੋ: ਨਸ਼ੇ ਦੀ ਸਪਲਾਈ ਕਰਨ ਵਾਲੇ ਜੇਲ੍ਹ ਸਹਾਇਕ ਸੁਪਰਡੈਂਟ ਦੇ ਘਰੋਂ ਡਰੱਗ ਮਨੀ ਬਰਾਮਦ