ਬਰਨਾਲਾ: ਕਸਬਾ ਭਦੌੜ ਅਤੇ ਨੇੜਲੇ ਪਿੰਡਾਂ ਮੱਝੂਕੇ ਦੀਪਗੜ੍ਹ ਸੰਧੂ ਕਲਾਂ ਸਹਿਣਾ ਵਿਖੇ ਕਿਸਾਨਾਂ ਸਣੇ ਆਮ ਲੋਕਾਂ ਵੱਲੋਂ ਲੋਹੜੀ ਮੌਕੇ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਗਈਆਂ।
ਇਸ ਮੌਕੇ ਬਿੰਦਰਪਾਲ ਕੌਰ ਪ੍ਰਧਾਨ ਔਰਤ ਇਕਾਈ (ਉਗਰਾਹਾਂ) ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿਸਾਨ ਆਗੂਆਂ ਦੀ ਅਗਵਾਈ ਵਿੱਚ ਵੱਖ ਵੱਖ ਪਿੰਡਾਂ ’ਚ ਲੋਹੜੀ ਮੌਕੇ ਅੱਗ ’ਚ ਤਿਲ ਸੁੱਟਣ ਦੀ ਬਜਾਏ ਖੇਤੀ ਖ਼ਿਲਾਫ਼ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਗਈਆਂ ਹਨ।
ਉਨ੍ਹਾਂ ਕਿਹਾ ਕਿ ਲੋਹੜੀ ਦਾ ਤਿਉਹਾਰ ਪਹਿਲਾਂ ਦੀ ਤਰ੍ਹਾਂ ਰਿਓੜੀਆਂ ਅਤੇ ਮੂੰਗਫਲੀਆਂ ਲੋਕਾਂ ਵਿੱਚ ਵੰਡ ਕੇ ਆਪਸੀ ਭਾਈਚਾਰਕ ਸਾਂਝ ਅਤੇ ਪਿਆਰ ਨੂੰ ਕਾਇਮ ਰੱਖਦਿਆਂ ਹਰ ਵਾਰ ਦੀ ਤਰ੍ਹਾਂ ਹੀ ਮਨਾਵਾਂਗੇ।
ਇਸ ਦੌਰਾਨ ਉਨ੍ਹਾਂ 26 ਜਨਵਰੀ (ਗਣਤੰਤਰ ਦਿਵਸ) ਦੀ ਪਰੇਡ ਮੌਕੇ ਟਰੈਕਟਰ ਮਾਰਚ ਦੇ ਮੁੱਦੇ ’ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਜੇਕਰ ਕਿਸਾਨ ਆਗੂਆਂ ਵੱਲੋਂ ਔਰਤਾਂ ਨੂੰ ਜ਼ਿੰਮੇਵਾਰੀ ਸੌਂਪੀ ਜਾਵੇਗੀ ਤਾਂ ਉਹ ਵੀ ਟਰੈਕਟਰ ਮਾਰਚ ’ਚ ਆਪਣਾ ਯੋਗਦਾਨ ਪਾਉਣਗੀਆਂ ਤੇ ਕਿਸਾਨ ਭਰਾਵਾਂ ਦਾ ਡੱਟ ਕੇ ਸਾਥ ਦੇਣਗੀਆਂ।