ਬਰਨਾਲਾ : ਬਰਨਾਲਾ ਸ਼ਹਿਰ ਵਿੱਚ ਇੱਕ ਔਰਤ ਵਲੋਂ ਆਪਣੇ ਕਾਂਗਰਸੀ ਪਤੀ ਨੂੰ ਇੱਕ ਔਰਤ ਨਾਲ ਰੰਗਰਲੀਆਂ ਮਨਾਉਂਦੇ ਹੋਟਲ ’ਚ ਪੁਲਿਸ ਤੋਂ ਕਾਬੂ ਕਰਵਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਸ਼ਿਕਾਇਤਕਰਤਾ ਔਰਤ ਵਲੋਂ ਆਪਣੇ ਹੀ ਪਤੀ ਤੋਂ ਆਪਣੀ ਜਾਨ ਨੂੰ ਖ਼ਤਰਾ ਵੀ ਦੱਸਿਆ ਹੈ। ਘਟਨਾ ਤੋਂ ਬਾਅਦ ਕਿਸਾਨ ਜੱਥੇਬੰਦੀਆਂ ਵਲੋਂ ਵੀ ਥਾਣਾ ਸਿਟੀ 2 ਬਰਨਾਲਾ ਅੱਗੇ ਦਾ ਘਿਰਾਓ ਕਰਕੇ ਪੀੜ੍ਹਤਾ ਦੇ ਹੱਕ ’ਚ ਆਵਾਜ਼ ਉਠਾਉਂਦਿਆਂ ਫ਼ੜੇ ਗਏ ਵਿਅਕਤੀ ਅਤੇ ਔਰਤ ਵਿਰੁੱਧ ਪਰਚਾ ਦਰਜ਼ ਕਰਨ ਦੀ ਮੰਗ ਕੀਤੀ ਹੈ। ਪੀੜ੍ਹਤ ਔਰਤ ਦੇ ਸਹੁਰੇ ਵਲੋਂ ਵੀ ਆਪਣੇ ਪੁੱਤਰ ਵਿਰੁੱਧ ਕਾਰਵਾਈ ਦੀ ਮੰਗ ਕਰਦਿਆਂ ਆਪਣੀ ਨੂੰਹ ਲਈ ਇਨਸਾਫ਼ ਦੀ ਮੰਗ ਕੀਤੀ ਹੈ।
ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਕਾਂਗਰਸੀ ਆਗੂ ਦੀ ਪਤਨੀ ਅਤੇ ਪੀੜ੍ਹਤ ਔਰਤ ਨੇ ਦੱਸਿਆ ਕਿ ਉਹ ਪਿਛਲੇ ਕੁੱਝ ਦਿਨਾਂ ਤੋਂ ਬੀਮਾਰ ਸੀ ਅਤੇ ਉਹ ਆਪਣੀ ਭੈਣ ਦੇ ਘਰ ਰਹਿ ਰਹੀ ਸੀ। ਇਸ ਪਿੱਛੋਂ ਉਸਦੇ ਪਤੀ ਵਲੋਂ ਪਿੰਡ ਦੀ ਹੀ ਇੱਕ ਔਰਤ ਨਾਲ ਨਾਜਾਇਜ਼ ਸਬੰਧ ਬਣਾ ਲਏ ਗਏ। ਜਿਸ ਦੇ ਚੱਲਦਿਆਂ ਉਨ੍ਹਾਂ ਆਪਣੇ ਰਿਸ਼ਤੇਦਾਰਾਂ ਅਤੇ ਪੁਲਿਸ ਨੂੰ ਨਾਲ ਲੈ ਕੇ ਉਸਦੇ ਪਤੀ ਅਤੇ ਔਰਤ ਨੂੰ ਇੱਕ ਹੋਟਲ ’ਚੋਂ ਗ੍ਰਿਫ਼ਤਾਰ ਕਰਵਾਇਆ ਹੈ। ਉਨ੍ਹਾਂ ਕਿਹਾ ਕਿ ਬਰਨਾਲਾ ਜ਼ਿਲ੍ਹੇ ਦੇ ਥਾਣੇ ਠੁੱਲੀਵਾਲ ਦੇ ਐੱਚਐੱਚਓ ਵੀ ਉਸ ਦੇ ਪਤੀ ਦਾ ਸਾਥ ਦੇ ਰਿਹਾ ਹੈ ਅਤੇ ਉਨ੍ਹਾਂ ਦੀ ਸੁਣਵਾਈ ਨਹੀਂ ਹੋ ਰਹੀ ਹੈ। ਪੀੜ੍ਹਤ ਔਰਤ ਨੇ ਕਿਹਾ ਕਿ ਉਸਨੂੰ ਅਤੇ ਉਸਦੇ ਪੁੱਤਰ ਨੂੰ ਆਪਣੇ ਪਤੀ ਤੋਂ ਜਾਨ ਦਾ ਖ਼ਤਰਾ ਹੈ। ਉਹਨਾਂ ਦੱਸਿਆ ਕਿ ਉਸ ਦੇ ਪਤੀ ਦਾ ਇਹ ਦੂਜਾ ਵਿਆਹ ਹੈ। ਉਥੇ ਹੀ ਉਨ੍ਹਾਂ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਉਨਾਂ ਦੇ ਪਤੀ ਦੇ ਕਈ ਵੱਡੇ ਕਾਂਗਰਸੀ ਆਗੂਆਂ ਦੇ ਨਾਲ ਸੰਬੰਧ ਵੀ ਹਨ। ਜਿਸ ਕਾਰਨ ਉਨਾਂ ਦੀ ਕੋਈ ਵੀ ਸੁਣਵਾਈ ਨਹੀਂ ਹੋਈ ਹੈ ।
ਉਥੇ ਹੀ ਇਸ ਮਾਮਲੇ ਵਿੱਚ ਫੜੇ ਗਏ ਕਾਂਗਰਸੀ ਆਗੁ ਗੁਰਜੰਟ ਸਿੰਘ ਦੇ ਪਿਤਾ ਕਰਨੈਲ ਸਿੰਘ ਨੇ ਆਪਣੀ ਨੂੰਹ ਦਾ ਸਾਥ ਦਿੰਦੇ ਹੋਏ ਕਿਹਾ ਕਿ ਉਨਾਂ ਦੇ ਬੇਟੇ ਵਲੋਂ ਜੋ ਇਹ ਕੰਮ ਕੀਤਾ ਗਿਆ ਹੈ, ਉਹ ਪੂਰੀ ਤਰਾਂ ਗਲਤ ਹੈ। ਉਨਾਂ ਪੰਜਾਬ ਸਰਕਾਰ ਅਤੇ ਪੁਲਿਸ ਵਲੋਂ ਆਪਣੀ ਨੂੰਹ ਲਈ ਇਨਸਾਫ਼ ਦੀ ਮੰਗ ਕੀਤੀ ਹੈ ।
ਇਸ ਸਬੰਧੀ ਥਾਣਾ ਸਿਟੀ-2 ਦੇ ਐੱਚਐੱਚਓ ਜਸਕਰਨ ਸਿੰਘ ਨੇ ਦੱਸਿਆ ਕਿ ਪੁਲਿਸ ਵਲੋਂ ਫੜੇ ਗਏ ਮੁਲਜ਼ਮ ਵਿਅਕਤੀ ਅਤੇ ਔਰਤ ਦੇ ਖਿਲਾਫ਼ ਮਾਮਲਾ ਦਰਜ ਕੀਤਾ ਜਾ ਰਿਹਾ ਹੈ। ਦੋਵੇਂ ਮੁਲਜ਼ਮਾਂ ਨੂੰ ਪੁਲਿਸ ਵਲੋਂ ਐੱਸਡੀਐੱਮ ਦੀ ਅਦਾਲਤ 'ਚ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਦਾ ਕਹਿਣਾ ਕਿ ਪੁਲਿਸ ਵਲੋਂ ਮਾਮਲੇ 'ਚ ਬਣਦੀ ਕਾਰਵਾਈ ਕੀਤੀ ਜਾਵੇਗੀ।