ਲੁਧਿਆਣਾ : ਲੁਧਿਆਣਾ ਦੇ ਡਿਪਟੀ ਕਮਿਸ਼ਨਰ ਦਫਤਰ ਦੇ ਮੁਲਾਜ਼ਮਾਂ ਵੱਲੋਂ ਅੱਜ ਇੱਕ ਦਿਨ ਦੇ ਲਈ ਹੜਤਾਲ ਦਾ ਐਲਾਨ ਕੀਤਾ ਹੈ। ਪੂਰੇ ਪੰਜਾਬ 'ਚੋ ਇਕੱਠੇ ਹੋ ਕੇ ਅੱਜ ਡੀਸੀ ਦਫਤਰਾਂ ਦੇ ਮੁਲਾਜ਼ਮ ਬਰਨਾਲਾ ਜਾ ਕੇ ਸਰਕਾਰ ਦੇ ਖਿਲਾਫ ਰੈਲੀ ਕਰਨਗੇ। ਦਰਅਸਲ ਡੀਸੀ ਦਫਤਰ ਦੇ ਮੁਲਾਜ਼ਮਾਂ ਦੀਆਂ ਪੁਰਾਣੀਆਂ ਪੈਨਸ਼ਨਾਂ ਬਹਾਲ ਕਰਨ 'ਤੇ ਹੋਰ ਕਈ ਮੰਗਾਂ ਸਬੰਧੀ ਉਹ ਕਾਫੀ ਲੰਬੇ ਸਮੇਂ ਤੋਂ ਸੰਘਰਸ਼ ਕਰਦੇ ਆ ਰਹੇ ਹਨ ਅਤੇ ਮੰਗਾਂ ਪੂਰੀਆਂ ਨਾ ਹੋਣ ਦੇ ਚਲਦਿਆਂ ਅੱਜ ਉਨ੍ਹਾਂ ਵੱਲੋਂ ਸੰਕੇਤਿਕ ਤੌਰ 'ਤੇ ਸਾਰੇ ਹੀ ਡੀਸੀ ਦਫਤਰਾਂ ਤਹਿਸੀਲਾਂ ਦੇ ਵਿੱਚ ਕੰਮ ਠੱਪ ਕਰਕੇ ਇੱਕ ਦਿਨ ਹੀ ਹੜਤਾਲ ਕਰਨ ਦਾ ਫੈਸਲਾ ਕੀਤਾ ਗਿਆ ਹੈ।
ਆਮ ਲੋਕਾਂ ਨੂੰ ਆ ਰਹੀਆਂ ਮੁਸ਼ਕਲਾਂ
ਦੱਸ ਦੇਈਏ ਕਿ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਦਫਤਰ ਦੇ ਵਿੱਚ ਹੜਤਾਲ ਕਾਰਨ ਕੰਮ ਕਰਾਉਣ ਆਏ ਲੋਕ ਵੀ ਕਾਫੀ ਖੱਜਲ ਖੁਆਰ ਹੋ ਰਹੇ ਹਨ ਅਤੇ ਦੂਰ ਦੁਰਾਡੇ ਤੋਂ ਆਏ ਲੋਕ ਵੀ ਕਾਫੀ ਨਿਰਾਸ਼ ਵਿਖਾਈ ਦਿੱਤੇ। ਲੋਕਾਂ ਦਾ ਕਹਿਣਾ ਸੀ ਕਿ ਉਹ ਆਪਣੇ ਹੋਰ ਕੰਮ ਕਾਰ ਛੱਡ ਹੈ ਕੇ ਡਿਪਟੀ ਕਮਿਸ਼ਨਰ ਦਫਤਰ ਕੰਮ ਕਰਵਾਉਣ ਦੇ ਲਈ ਆਏ ਸੀ, ਪਰ ਅੱਗੋਂ ਹੜਤਾਲ ਹੋਣ ਕਾਰਨ ਉਨ੍ਹਾਂ ਨੂੰ ਵਾਪਸ ਜਾਣਾ ਪਿਆ। ਉਨ੍ਹਾਂ ਨੂੰ ਹੜਤਾਲ ਸੰਬੰਧੀ ਇਸ ਬਾਰੇ ਕੋਈ ਜਾਣਕਾਰੀ ਨਹੀਂ ਸੀ ਜਿਸ ਕਰਕੇ ਉਨ੍ਹਾਂ ਨੂੰ ਕਾਫੀ ਸਾਰੀਆਂ ਮੁਸ਼ਕਲਾਂ ਆ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਹੁਣ ਸਾਨੂੰ ਵਾਪਸ ਇਸੇ ਤਰ੍ਹਾਂ ਮੁੜਨਾ ਪਵੇਗਾ ਅਤੇ ਮੁੜ ਤੋਂ ਕੰਮ ਕਰਵਾਉਣ ਲਈ ਆਪਣਾ ਕੰਮ ਛੱਡ ਕੇ ਆਉਣਾ ਪਵੇਗਾ।
ਮੰਗਾਂ ਪ੍ਰਵਾਨ ਨਾ ਕਰਨ 'ਤੇ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ
ਉੱਥੇ ਹੀ ਦੂਜੇ ਪਾਸੇ ਐਮਏ ਬਰਾਂਚ ਦੇ ਮੁਲਾਜ਼ਮ ਯੂਨੀਅਨ ਦੇ ਪ੍ਰਧਾਨ ਵਿੱਕੀ ਨੇ ਕਿਹਾ ਕਿ ਅੱਜ ਪੰਜਾਬ ਸਰਕਾਰ ਦੇ ਖਿਲਾਫ ਵੱਡੀ ਰੈਲੀ ਬਰਨਾਲਾ ਦੇ ਵਿੱਚ ਕੀਤੀ ਜਾ ਰਹੀ ਹੈ ਅਤੇ ਸਰਕਾਰ ਨੂੰ ਉੱਥੇ ਅਲਟੀਮੇਟਮ ਦਿੱਤਾ ਜਾਵੇਗਾ ਕਿ ਜਲਦ ਹੀ ਸਾਡੀਆਂ ਮੰਗਾਂ ਪ੍ਰਵਾਨ ਕੀਤੀਆਂ ਜਾਣ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਪ੍ਰਵਾਨ ਨਹੀਂ ਕੀਤੀਆਂ ਤਾਂ ਇਸ ਸਬੰਧੀ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਐਮਏ ਬਰਾਂਚ ਦੇ ਮੁਲਾਜ਼ਮ ਯੂਨੀਅਨ ਦੇ ਪ੍ਰਧਾਨ ਵਿੱਕੀ ਨੇ ਕਿਹਾ ਕਿ ਸਰਕਾਰ ਸਾਡੀਆਂ ਮੰਗਾਂ ਵੱਲ ਲੰਬੇ ਸਮੇਂ ਤੋਂ ਕੋਈ ਗੌਰ ਨਹੀਂ ਫਰਮਾ ਰਹੀ ਹੈ।