ਬਰਨਾਲਾ: ਜ਼ਿਲ੍ਹੇ ਦੇ ਮੋਗਾ ਰੋਡ 'ਤੇ ਪਿੰਡ ਚੀਮਾ ਨੇੜੇ ਟੋਲ ਪਲਾਜ਼ਾ ਦੇ ਕਰਿੰਦਿਆਂ ਦੀ ਗੁੰਡਾਗਰਦੀ ਸਾਹਮਣੇ ਆਈ ਹੈ। ਸਰਕਾਰੀ ਬੱਸ ਦੇ ਕੰਡਕਟਰ ਅਤੇ ਡਰਾਈਵਰ ਨੇ ਟੋਲ ਪਲਾਜ਼ਾ ਦੇ ਕਰਿੰਦਿਆਂ 'ਤੇ ਕੁੱਟਮਾਰ ਕਰਨ ਦੇ ਦੋਸ਼ ਲਗਾਏ ਹਨ। ਜਿਹਨਾਂ ਨੂੰ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।
ਇਸ ਸਬੰਧੀ ਪੀੜਤ ਮੁਲਾਜ਼ਮਾਂ ਨੇ ਕਿਹਾ ਕਿ ਟੋਲ ਪਰਚੀ ਦੇਣ ਦੇ ਬਾਵਜੂਦ ਟੋਲ ਪਲਾਜ਼ਾ ਦੇ ਕਰਿੰਦਿਆਂ ਨੇ ਉਹਨਾਂ ਨਾਲ ਧੱਕੇਸ਼ਾਹੀ ਕਰਦਿਆਂ ਸ਼ਰੇਆਮ ਗੁੰਡਾਗਰਦੀ ਕੀਤੀ ਹੈ। ਪੁਲਿਸ ਨੇ ਉਹਨਾਂ ਖਿਲਾਫ਼ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਬੱਸ ਕੰਡਕਟਰ ਅਤੇ ਡਰਾਈਵਰ ਨੇ ਕਿਹਾ ਕਿ ਉਹ ਆਪਣੀ ਸਰਕਾਰੀ ਬੱਸ ਲੈ ਕੇ ਮੋਗਾ ਨੂੰ ਜਾ ਰਹੇ ਸੀ। ਰਸਤੇ ਵਿੱਚ ਪਿੰਡ ਚੀਮਾ ਨੇੜੇ ਟੋਲ ਪਲਾਜ਼ਾ 'ਤੇ ਉਹਨਾਂ ਨਾਲ ਟੋਲ ਪਰਚੀ ਦੇਣ ਦੇ ਬਾਵਜੂਦ ਟੋਲ ਪਲਾਜ਼ਾ ਦੇ ਕਰਿੰਦਿਆਂ ਵਲੋਂ ਗੁੰਡਾਗਰਦੀ ਕੀਤੀ ਗਈ ਹੈ।
ਉਹਨਾਂ ਕਿਹਾ ਕਿ ਟੋਲ ਪਲਾਜ਼ਾ ਦਾ ਇੱਕ ਕਾਰਿੰਦਾ ਉਹਨਾਂ ਦੀ ਬੱਸ ਅੱਗੇ ਆ ਕੇ ਬੇਵਜਾ ਖੜ ਗਿਆ। ਜਦੋਂ ਉਸਨੂੰ ਪਾਸੇ ਹੋਣ ਲਈ ਕਿਹਾ ਤਾਂ ਉਸਨੇ ਬੱਸ ਕੰਡਕਟਰ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਇਸਤੋਂ ਬਾਅਦ 20-25 ਕਰਿੰਦਿਆਂ ਨੇ ਆ ਕੇ ਡਰਾਈਵਰ ਤੇ ਕੰਡਕਟਰ ਦੋਵਾਂ ਨਾਲ ਕੁੱਟਮਾਰ ਕੀਤੀ। ਉਹਨਾਂ ਕਿਹਾ ਕਿ ਸੱਟਾਂ ਲੱਗਣ ਕਰਕੇ ਉਹਨਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਪ੍ਰੰਤੂ ਅਜੇ ਤੱਕ ਪੁਲਿਸ ਪ੍ਰਸ਼ਾਸਨ ਨੇ ਉਹਨਾਂ ਦੇ ਬਿਆਨ ਦਰਜ ਨਹੀਂ ਕਰਵਾਏ ਹਨ।
ਇਹ ਵੀ ਪੜ੍ਹੋ: ਲੁਧਿਆਣਾ ਵਿੱਚ ਆਜ਼ਾਦੀ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਲਹਿਰਾਇਆ ਝੰਡਾ