ਬਰਨਾਲਾ: ਪੇਂਡੂ ਭਾਰਤ ਬੰਦ ਦੇ ਸੱਦੇ ਤਹਿਤ ਸ਼ਹਿਰ ਵਿੱਚ ਰਲਵਾਂ- ਮਿਲਵਾਂ ਅਸਰ ਦੇਖਣ ਨੂੰ ਮਿਲਿਆ ਤੇ ਰੇਲ ਆਵਾਜਾਈ ਚਾਲੂ ਰਹੀ। ਜਦੋਂ ਕਿ ਸੜਕ ਆਵਾਜਾਈ 'ਤੇ ਇਸ ਦਾ ਅਸਰ ਜ਼ਰੂਰ ਪਿਆ। ਸਾਰਾ ਦਿਨ ਵੱਡੇ ਹਾਈਵੇ ਸੁੰਨੇ ਹੀ ਰਹੇ। ਬਹੁਤੇ ਰੂਟਾਂ ਦੀਆਂ ਬੱਸਾਂ ਬਰਨਾਲਾ ਦੇ ਬੱਸ ਸਟੈਂਡ ਵਿੱਚ ਹੀ ਖੜ੍ਹੀਆਂ ਰਹੀਆਂ। ਕੁਝ ਰੂਟਾਂ 'ਤੇ ਹੀ ਬੱਸ ਆਵਾਜਾਈ ਚਾਲੂ ਰਹੀਆਂ। ਬੱਸ ਸਟੈਂਡ ਵਿੱਚ ਲੋਕਾਂ ਦੀ ਗਹਿਮਾ ਗਹਿਮੀ ਘੱਟ ਹੀ ਰਹੀ।
ਸ਼ਹਿਰ ਵਿਚਲੇ ਬਾਜ਼ਾਰ ਭਾਵੇਂ ਖੁੱਲ੍ਹੇ ਰਹੇ, ਪਰ ਪੇਂਡੂ ਗਾਹਕ ਨਾ ਆਉਣ ਕਾਰਨ ਸੁੰਨੇ ਹੀ ਰਹੇ। ਸਬਜ਼ੀਆਂ ਅਤੇ ਦੁੱਧ ਸ਼ਹਿਰਾਂ ਨੂੰ ਨਾ ਭੇਜਣ ਦਾ ਐਲਾਨ ਬੇਅਸਰ ਰਿਹਾ ਅਤੇ ਹਰ ਤਰ੍ਹਾਂ ਦਾ ਸਾਮਾਨ ਸ਼ਹਿਰ ਪਹੁੰਚਿਆ। ਇਸ ਬੰਦ ਦਾ ਸਮਰਥਨ ਕਰ ਰਹੀਆਂ ਵੱਖ-ਵੱਖ ਜਥੇਬੰਦੀਆਂ ਵੱਲੋਂ ਰੋਸ ਮਾਰਚ ਅਤੇ ਪ੍ਰਦਰਸ਼ਨ ਕੀਤੇ ਗਏ। ਕਿਸਾਨ ਯੂਨੀਅਨ ਡਕੌਂਦਾ ਵੱਲੋਂ ਲੁਧਿਆਣਾ-ਬਰਨਾਲਾ ਮਾਰਗ 2 ਘੰਟੇ ਲਈ ਬੰਦ ਕੀਤਾ ਗਿਆ।
ਇਸ ਬੰਦ ਦਾ ਸਮਰਥਨ ਕਰ ਰਹੀਆਂ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਸਰਕਾਰਾਂ ਦੀਆਂ ਲੋਕ ਵਿਰੋਧੀ ਨੀਤੀਆਂ ਨੂੰ ਲੈ ਕੇ ਭਾਰਤ ਬੰਦ ਦੇ ਸੱਦੇ ਦੀ ਦਿੱਤੀ ਗਈ ਕਾਲ ਨੂੰ ਬਰਨਾਲਾ ਵਿੱਚ ਵਧੀਆ ਹੁੰਗਾਰਾ ਮਿਲਿਆ ਹੈ, ਜਿਸ ਦਾ ਸੁਨੇਹਾ ਸਰਕਾਰਾਂ ਤੱਕ ਪਹੁੰਚ ਗਿਆ ਹੈ। ਇਨਕਲਾਬੀ ਕੇਂਦਰ ਪੰਜਾਬ ਦੇ ਆਗੂਆਂ ਨੇ ਕਿਹਾ ਅੱਜ ਦੇਸ਼ ਨੂੰ ਜਾਤ ਅਤੇ ਧਰਮ ਦੇ ਆਧਾਰ ਤੇ ਵੰਡ ਕੇ ਅਸਲ ਮੁੱਦਿਆਂ ਤੋਂ ਧਿਆਨ ਭਟਕਾਇਆ ਜਾ ਰਿਹਾ ਹੈ। ਜਿਸ ਪ੍ਰਤੀ ਸਾਨੂੰ ਸੁਚੇਤ ਹੋਣ ਦੀ ਲੋੜ ਹੈ। ਇਸ ਤਰ੍ਹਾਂ ਦੇ ਇਕੱਠੇ ਹੋ ਕੇ ਕੀਤੇ ਗਏ ਸੰਘਰਸ਼ ਸਾਰੇ ਵਰਗਾਂ ਲਈ ਚੰਗੇ ਸਾਬਤ ਹੋਣਗੇ।
ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਬਰਨਾਲਾ ਦੀ ਦਾਣਾ ਮੰਡੀ ਵਿੱਚ ਇਕੱਠ ਕੀਤਾ ਗਿਆ ਅਤੇ ਸਰਕਾਰਾਂ ਦੀਆਂ ਲੋਕ ਵਿਰੋਧੀ ਨੀਤੀਆਂ ਦੀ ਨਿਖੇਧੀ ਕੀਤੀ ਗਈ। ਇਸ ਤੋਂ ਬਾਅਦ ਸ਼ਹਿਰ ਵਿੱਚ ਇੱਕ ਵੱਡਾ ਮਾਰਚ ਕੱਢਿਆ ਗਿਆ। ਇਸ ਸਮੇਂ ਕਿਸਾਨ ਆਗੂਆਂ ਨੇ ਕਿਹਾ ਕਿ ਸਰਕਾਰ ਦੀਆਂ ਨੀਤੀਆਂ ਕਿਸਾਨ ਵਿਰੋਧੀ ਹਨ ਕਿਸਾਨਾਂ ਦੀਆਂ ਫਸਲਾਂ ਦੇ ਭਾਅ ਸਹੀ ਨਹੀਂ ਦਿੱਤੇ ਜਾ ਰਹੇ। ਕਿਸਾਨ ਮਾਰੂ ਨੀਤੀਆਂ ਕਾਰਨ ਖੁਦਕੁਸ਼ੀਆਂ ਕਰ ਰਹੇ ਹਨ। ਜਿਸ ਵਿਰੁੱਧ ਇਸ ਤਰ੍ਹਾਂ ਇਕਜੁਟ ਹੋ ਕੇ ਸੰਘਰਸ਼ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਇਸ ਤਰ੍ਹਾਂ ਇੱਕਜੁਟ ਹੋ ਕੇ ਕੀਤੇ ਗਏ ਸੰਘਰਸ਼ ਕਿਸਾਨਾਂ ਲਈ ਲਾਹੇਵੰਦ ਹੋਣਗੇ।
ਮੁਲਾਜ਼ਮ ਤੇ ਮਜ਼ਦੂਰ ਜਥੇਬੰਦੀਆਂ ਆਂਗਣਵਾੜੀ ਵਰਕਰਾਂ ਆਸ਼ਾ ਵਰਕਰਾਂ ਵੱਲੋਂ ਵੀ ਅੱਜ ਭਾਰਤ ਬੰਦ ਤਹਿਤ ਬਰਨਾਲਾ ਸ਼ਹਿਰ ਵਿੱਚ ਰੋਸ ਮਾਰਚ ਕੱਢਿਆ ਗਿਆ ਅਤੇ ਸਰਕਾਰਾਂ ਦੀਆਂ ਨਿੱਜੀਕਰਨ ਵਿਰੋਧੀ ਨੀਤੀਆਂ ਦੀ ਨਿਖੇਧੀ ਕੀਤੀ ਗਈ। ਇਸ ਮੌਕੇ ਮੁਲਾਜ਼ਮ ਆਗੂਆਂ ਨੇ ਕਿਹਾ ਕਿ ਇਹ ਸ਼ੁਭ ਸੰਕੇਤ ਹੈ ਕਿ ਸਾਰੀਆਂ ਜਥੇਬੰਦੀਆਂ ਸਰਕਾਰਾਂ ਦੀਆਂ ਲੋਕ ਵਿਰੋਧੀ ਨੀਤੀਆਂ ਤੇ ਇਕਜੁੱਟ ਹੋ ਕੇ ਸੰਘਰਸ਼ ਕਰ ਰਹੀਆਂ ਹਨ।