ਬਰਨਾਲਾ: ਪੰਜਾਬ ਵਿੱਚ ਵਿਧਾਨ ਸਭਾ ਚੋਣਾਂ 2022 (2022 Punjab Assembly Election) ਨੂੰ ਲੈ ਕੇ ਲਗਾਤਾਰ ਸਿਆਸੀ ਸਰਗਰਮੀਆਂ ਤੇਜ਼ ਹਨ, ਪਰ ਉੱਥੇ ਹੀ ਬਦਲੇ ਮੌਸਮ ਨੇ ਇਸ ਚੋਣ ਪ੍ਰਚਾਰ ਨੂੰ ਕਿਤੇ ਨਾ ਕਿਤੇ ਠੱਲ੍ਹ ਪਾਈ ਹੈ। ਬਰਨਾਲਾ ਜ਼ਿਲ੍ਹੇ ਵਿੱਚ ਬੀਤੀ ਰਾਤ ਤੋਂ ਮੀਂਹ ਪੈਣ ਕਾਰਨ ਮੌਸਮ ਵਿਚ ਠੰਡਕ ਮਹਿਸੂਸ ਕੀਤੀ ਜਾ ਰਹੀ ਹੈ। ਇਸ ਮੀਂਹ ਨਾਲ ਚੋਣ ਪ੍ਰਚਾਰ ਕਰ ਰਹੇ ਉਮੀਦਵਾਰਾਂ ਨੂੰ ਜ਼ਰੂਰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਮੀਂਹ ਕਾਰਨ ਚੋਣ ਪ੍ਰਚਾਰ ’ਚ ਆ ਰਹੀਆਂ ਮੁਸ਼ਕਿਲਾਂ
ਇਸ ਸਬੰਧੀ ਗੱਲਬਾਤ ਕਰਦਿਆਂ ਸਰਪੰਚ ਜਤਿੰਦਰ ਸਿੰਘ ਨੇ ਕਿਹਾ ਕਿ ਚੋਣਾਂ ਲਈ ਡੋਰ ਟੂ ਡੋਰ ਪ੍ਰਚਾਰ ਕਰ ਰਹੇ ਉਮੀਦਵਾਰਾਂ ਨੂੰ ਮੀਂਹ ਪੈਣ ਨਾਲ ਜ਼ਰੂਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਵੇਗਾ। ਉਥੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵੱਡੇ ਚੋਣ ਇਕੱਠਾਂ ਦੀ ਵੀ ਦਿੱਕਤ ਆ ਰਹੀ ਹੈ। ਪਰ ਇਸਦੇ ਬਾਵਜੂਦ ਉਮੀਦਵਾਰ ਔਖੇ ਸੌਖੇ ਆਪਣਾ ਪ੍ਰਚਾਰ ਕਰ ਰਹੇ ਹਨ।
ਫਸਲਾਂ ਨੂੰ ਵੀ ਹੋ ਸਕਦਾ ਹੈ ਨੁਕਸਾਨ
ਦੂਜੇ ਪਾਸੇ ਖੇਤੀਬਾੜੀ ਮਾਹਰਾਂ ਦਾ ਕਹਿਣਾ ਹੈ ਕਿ ਇਸ ਮੀਂਹ ਨਾਲ ਜਿੱਥੇ ਕਣਕ ਦੀ ਫ਼ਸਲ ਨੂੰ ਫ਼ਾਇਦਾ ਹੁੰਦਾ ਹੋਇਆ ਦਿਖਾਈ ਦੇ ਰਿਹਾ ਹੈ, ਉਥੇ ਹੀ ਸਬਜ਼ੀਆਂ ਤੇ ਆਲੂ ਦੀ ਫਸਲ ਨੂੰ ਜ਼ਰੂਰ ਨੁਕਸਾਨ ਪਹੁੰਚਣ ਦੀ ਸੰਭਾਵਨਾ ਹੈ। ਜੇਕਰ ਇਹ ਮੀਂਹ ਅਗਲੇ ਇੱਕ ਜਾਂ ਦੋ ਦਿਨ ਹੋਰ ਪੈਂਦਾ ਹੈ ਤਾਂ ਇਸ ਦਾ ਨੁਕਸਾਨ ਕਣਕ ਦੀ ਫਸਲ ਨੂੰ ਵੀ ਪਹੁੰਚਣ ਦੇ ਆਸਾਰ ਹਨ।
ਇਹ ਵੀ ਪੜੋ: ਰੋਡ ਰੇਜ ਮਾਮਲੇ 'ਚ ਨਵਜੋਤ ਸਿੱਧੂ ਨੂੰ ਸੁਪਰੀਮ ਕੋਰਟ ਤੋਂ ਮਿਲੀ ਰਾਹਤ
ਠੰਡ ਤੋਂ ਰਾਹਤ ਮਿਲਣ ਦੀ ਕੋਈ ਉਮੀਦ ਨਹੀਂ
ਉੱਤਰੀ ਭਾਰਤ 'ਚ ਫਿਲਹਾਲ ਠੰਡ ਤੋਂ ਰਾਹਤ ਮਿਲਣ ਦੀ ਕੋਈ ਉਮੀਦ ਨਹੀਂ ਹੈ। ਇਸ ਸਬੰਧ ਵਿੱਚ ਮੌਸਮ ਵਿਭਾਗ ਨੇ ਅੱਜ ਦੇਸ਼ ਦੇ ਕਈ ਹਿੱਸਿਆਂ ਵਿੱਚ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਪੰਜਾਬ ਸਮੇਤ ਪੂਰੇ ਉੱਤਰ ਭਾਰਤ ਵਿੱਚ ਸਵੇਰ ਤੋਂ ਹੀ ਮੌਸਮ ਬਦਲ ਗਿਆ ਹੈ ਤੇ ਹਵਾਵਾਂ ਨਾਲ ਮੀਂਹ ਪੈ ਰਿਹਾ ਹੈ। ਮੌਸਮ ਵਿਭਾਗ ਨੇ ਪਹਿਲਾਂ ਹੀ ਚਿਤਾਵਨੀ ਦਿੱਤੀ ਹੈ ਕਿ 20 ਤੋਂ 30 ਕਿਲੋਮੀਟਰ ਦੀ ਰਫ਼ਤਾਰ ਨਾਲ ਹਵਾਵਾਂ ਚੱਲਣਗੀਆਂ।
ਮੌਸਮ ਵਿਭਾਗ ਨੇ ਅਲਰਟ ਜਾਰੀ ਕਰਦੇ ਹੋਏ ਕਿਹਾ ਕਿ ਵੀਰਵਾਰ ਨੂੰ ਦਿੱਲੀ ਅਤੇ ਆਸ-ਪਾਸ ਦੇ ਕਈ ਇਲਾਕਿਆਂ 'ਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ, ਜਿਸ ਕਾਰਨ ਰਾਜਧਾਨੀ 'ਚ ਦਿਨ ਵੇਲੇ ਠੰਡ ਹੋਰ ਵਧੇਗੀ। ਮੌਸਮ ਵਿਭਾਗ ਮੁਤਾਬਕ ਵੀਰਵਾਰ ਨੂੰ ਦਿਨ ਵੇਲੇ ਸੰਘਣੇ ਬੱਦਲ ਛਾਏ ਰਹਿਣਗੇ। ਉੱਥੇ ਤੇਜ਼ ਹਵਾਵਾਂ ਚੱਲਦੀਆਂ ਰਹਿਣਗੀਆਂ।