ਬਰਨਾਲਾ: ਕਾਂਗਰਸ ਪਾਰਟੀ ਵੱਲੋਂ ਆਖਰੀ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਗਈ ਹੈ। ਇਸ ਸੂਚੀ ਵਿੱਚ ਹਲਕਾ ਬਰਨਾਲਾ ਤੋਂ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਦੀ ਟਿਕਟ ਕੱਟ ਕੇ ਸਾਬਕਾ ਰੇਲ ਮੰਤਰੀ ਪਵਨ ਬਾਂਸਲ ਦੇ ਪੁੱਤਰ ਮਨੀਸ਼ ਬਾਂਸਲ ਨੂੰ ਟਿਕਟ ਦਿੱਤੀ ਗਈ ਹੈ। ਟਿਕਟ ਮਿਲਣ ’ਤੇ ਪਹਿਲੇ ਦਿਨ ਬਰਨਾਲਾ ਪਹੁੰਚੇ ਉਮੀਦਵਾਰ ਮਨੀਸ਼ ਬਾਂਸਲ ਦਾ ਕਾਂਗਰਸੀ ਆਗੂਆਂ ਤੇ ਵਰਕਰਾਂ ਵੱਲੋਂ ਮੂੰਹ ਮਿੱਠਾ ਕਰਵਾਇਆ ਗਿਆ ਤੇ ਖੁਸ਼ੀ ਜ਼ਾਹਰ ਕੀਤੀ ਗਈ।
![ਬਰਨਾਲਾ ਪਹੁੰਚੇ ਕਾਂਗਰਸ ਉਮੀਦਵਾਰ ਮਨੀਸ਼ ਬਾਂਸਲ ਦਾ ਅਹਿਮ ਬਿਆਨ](https://etvbharatimages.akamaized.net/etvbharat/prod-images/pb-bnl-barnalacandidatecongress-pb10017_30012022215710_3001f_1643560030_874.jpg)
ਇਸ ਮੌਕੇ ਪਹਿਲੀ ਪ੍ਰਤੀਕਿਰਿਆ ਦਿੰਦਿਆਂ ਮਨੀਸ਼ ਬਾਂਸਲ ਨੇ ਸਭ ਤੋਂ ਪਹਿਲਾਂ ਪਾਰਟੀ ਹਾਈਕਮਾਨ ਤੇ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕੀਤਾ ਹੈ। ਮਨੀਸ਼ ਬਾਂਸਲ ਨੇ ਕਿਹਾ ਕਿ ਪਾਰਟੀ ਹਾਈਕਮਾਨ ਵੱਲੋਂ ਉਨ੍ਹਾਂ ਦੀ ਬਰਨਾਲਾ ਵਿਖੇ ਜੋ ਡਿਊਟੀ ਲਗਾਈ ਗਈ ਹੈ ਉਸਨੂੰ ਉਹ ਪੂਰੀ ਤਨਦੇਹੀ ਨਾਲ ਨਿਭਾਉਣਗੇ।
ਉਨ੍ਹਾਂ ਨੇ ਕਿਹਾ ਕਿ ਬਰਨਾਲਾ ਜ਼ਿਲ੍ਹੇ ਦੇ ਕਸਬਾ ਤਪਾ ਦੇ ਉਨ੍ਹਾਂ ਦੇ ਪਿਤਾ ਜੰਮਪਲ ਹਨ। ਕਾਂਗਰਸ ਆਗੂ ਨੇ ਕਿਹਾ ਕਿ ਜ਼ਿਲ੍ਹੇ ਨਾਲ ਪੁਰਾਣਾ ਪਿੱਛਾ ਹੋਣ ਕਰਕੇ ਕਾਫ਼ੀ ਪਿਆਰ ਹੈ। ਕਾਂਗਰਸ ਉਮੀਦਵਾਰ ਨੇ ਕਿਹਾ ਕਿ ਜੇਕਰ ਬਰਨਾਲੇ ਦੇ ਲੋਕਾਂ ਨੇ ਤਾਕਤ ਬਖਸ਼ੀ ਤਾਂ ਉਹ ਸਿਹਤ ਸਹੂਲਤਾਂ ਅਤੇ ਵਿੱਦਿਆ ਦੇ ਪੱਧਰ ਉੱਚਾ ਚੁੱਕਣ ਲਈ ਤੱਤਪਰ ਹੋਣਗੇ। ਉਨ੍ਹਾਂ ਕਿਹਾ ਕਿ ਇਸ ਮੌਕੇ ਕੇਵਲ ਸਿੰਘ ਢਿੱਲੋਂ ਜਿਨ੍ਹਾਂ ਦੀ ਟਿਕਟ ਕੱਟੀ ਗਈ ਹੈ ਉਹ ਉਨ੍ਹਾਂ ਦੇ ਸਤਿਕਾਰਯੋਗ ਵੱਡੇ ਆਗੂ ਹਨ ਅਤੇ ਉਹ ਉਨ੍ਹਾਂ ਨੂੰ ਮਨਾਉਣ ਦਾ ਯਤਨ ਕਰਨਗੇ।
![ਬਰਨਾਲਾ ਪਹੁੰਚੇ ਕਾਂਗਰਸ ਉਮੀਦਵਾਰ ਮਨੀਸ਼ ਬਾਂਸਲ ਦਾ ਅਹਿਮ ਬਿਆਨ](https://etvbharatimages.akamaized.net/etvbharat/prod-images/pb-bnl-barnalacandidatecongress-pb10017_30012022215710_3001f_1643560030_1066.jpg)
ਉਨ੍ਹਾਂ ਕਿਹਾ ਕਿ ਰੇਲ ਮੰਤਰੀ ਹੁੰਦਿਆਂ ਉਨ੍ਹਾਂ ਦੇ ਪਿਤਾ ਜੀ ਵੱਲੋਂ ਵੀ ਬਰਨਾਲਾ ਜ਼ਿਲ੍ਹੇ ਵਿੱਚ ਰੇਲਵੇ ਨੂੰ ਲੈ ਕੇ ਕਾਫੀ ਕੰਮ ਕਰਵਾਏ ਹਨ। ਉਨ੍ਹਾਂ ਕਿਹਾ ਕਿ ਪਾਰਟੀ ਦੇ ਹਰੇਕ ਵਰਕਰ ਦਾ ਫ਼ਰਜ਼ ਬਣਦਾ ਹੈ ਕਿ ਬਰਨਾਲਾ ਜ਼ਿਲ੍ਹੇ ਦੀਆਂ ਤਿੰਨੇ ਸੀਟਾਂ ਮਿਹਨਤ ਕਰਕੇ ਕਾਂਗਰਸ ਪਾਰਟੀ ਦੀ ਜਿੱਤ ਕੇ ਝੋਲੀ ਵਿਚ ਪਾਉਣ।
ਉਨ੍ਹਾਂ ਕਿਹਾ ਕਿ ਬਰਨਾਲਾ ਜ਼ਿਲ੍ਹੇ ਹਲਕਾ ਭਦੌੜ ਤੋਂ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਚੋਣ ਲੜਨ ਨਾਲ ਵੀ ਵੱਡਾ ਫਾਇਦਾ ਪਹੁੰਚੇਗਾ। ਉਨ੍ਹਾਂ ਕਿਹਾ ਕਿ ਚਰਨਜੀਤ ਸਿੰਘ ਚੰਨੀ ਨੇ ਤਿੰਨ ਮਹੀਨਿਆਂ ਦੇ ਆਪਣੇ ਥੋੜ੍ਹੇ ਕਾਰਜਕਾਲ ਦੌਰਾਨ ਪੂਰੇ ਦੇਸ਼ ਵਿਚ ਆਪਣਾ ਕੀਤੇ ਹੋਏ ਕੰਮਾਂ ਨੂੰ ਲੈ ਕੇ ਨਾਮ ਚਮਕਾਇਆ ਹੈ ਜਿਸ ਨਾਲ ਤਿੰਨੇ ਸੀਟਾਂ ਬਰਨਾਲੇ ਜ਼ਿਲ੍ਹੇ ਦੀਆਂ ਕਾਂਗਰਸ ਪਾਰਟੀ ਜਿੱਤ ਪ੍ਰਾਪਤ ਕਰੇਗੀ।
ਇਹ ਵੀ ਪੜ੍ਹੋ: ਚੰਨੀ ਦੇ ਉਮੀਦਵਾਰ ਬਣਨ ਤੋਂ ਬਾਅਦ ਬਰਨਾਲਾ ਦੀ ਭਦੌੜ ਸੀਟ ਬਣੀ ਹੌਟ