ਬਰਨਾਲਾ: ਸੂਬੇ ਵਿੱਚ ਦਲਿਤ ਵਰਗ ਨਾਲ ਸਬੰਧਤ ਲੋਕਾਂ ਦੇ ਮਸਲਿਆਂ ਨੂੰ ਅਣਦੇਖਿਆਂ ਕੀਤੇ ਜਾਣ ਅਤੇ ਪੰਜਾਬ ਵਿੱਚ ਜਾਅਲੀ ਸਰਟੀਫਿਕੇਟ ਬਣਾ ਕੇ ਨੌਕਰੀਆਂ ਹਾਸਲ ਕਰਨ ਵਾਲੇ ਜਨਰਲ ਕੈਟਾਗਰੀ ਦੇ ਲੋਕਾਂ ਉਪਰ ਕਾਰਵਾਈ ਦੀ ਮੰਗ ਨੂੰ ਲੈ ਕੇ ਦਲਿਤ ਸੰਗਠਨਾਂ ਦਾ ਸੰਘਰਸ਼ ਦਿਨੋਂ ਦਿਨ ਤੇਜ਼ ਹੁੰਦਾ ਜਾ ਰਿਹਾ ਹੈ। ਜਿਸ ਤਹਿਤ ਜਿੱਥੇ ਮੋਹਾਲੀ ਵਿਖੇ ਪੱਕਾ ਮੋਰਚਾ ਰਜਿਸਰਵੇਸ਼ਨ ਚੋਰ ਫ਼ੜੋ ਦੇ ਨਾਮ ਥੱਲੇ ਲਗਾਇਆ ਹੋਇਆ ਹੈ। ਉਥੇ ਹੁਣ ਦਲਿਤ ਜੱਥੇਬੰਦੀਆਂ ਨੇ 9 ਅਗਸਤ ਯਾਨੀ ਅੱਜ ਪੰਜਾਬ ਬੰਦ ਦਾ ਸੱਦਾ ਦਿੱਤਾ ਹੈ। ਇਸ ਪੰਜਾਬ ਬੰਦ ਨੂੰ ਕਾਮਯਾਬ ਬਨਾਉਣ ਲਈ ਦਲਿਤ ਜੱਥੇਬੰਦੀਆਂ ਵਲੋਂ ਜ਼ਮੀਨੀ ਪੱਧਰ ਤੇ ਲਾਮਬੰਦੀਆਂ ਵੀ ਕੀਤੀਆਂ ਗਈਆਂ ਹਨ।
ਅੱਜ ਪੰਜਾਬ ਬੰਦ ਦਾ ਸੱਦਾ: ਇਸ ਤਹਿਤ ਬਰਨਾਲਾ ਜ਼ਿਲ੍ਹੇ ਦੀਆਂ ਕਰੀਬ ਅੱਧੀ ਦਰਜ਼ਨ ਦਲਿਤ ਤੇ ਪਛੜੇ ਸਮਾਜ ਦੀਆਂ ਜਥੇਬੰਦੀਆਂ ਨੇ ਸਥਾਨਕ ਗੁਰਦੁਆਰਾ ਸ਼੍ਰੀ ਗੁਰੂ ਰਵੀਦਾਸ ਸਿੰਘ ਸਭਾ ਵਿਖੇ ਮੀਟਿੰਗ ਕਰਕੇ 9 ਅਗਸਤ ਦੇ 'ਪੰਜਾਬ ਬੰਦ' ਨੂੰ ਸਫ਼ਲ ਬਣਾਉਣ ਹਿਤ ਵਿਊਂਤਬੰਦੀ ਉਲੀਕੀ ਤੇ ਜਿੰਮੇਵਾਰੀਆਂ ਸੌਂਪੀਆਂ ਗਈਆਂ। ਮੀਟਿੰਗ 'ਚ ਗਜ਼ਟਿਡ ਐਂਡ ਨਾਨ-ਗਜ਼ਟਿਡ ਐੱਸ.ਸੀ.ਬੀ.ਸੀ ਐਂਪਲਾਈਜ਼ ਵੈੱਲਫੇਅਰ ਫੈਡਰੇਸ਼ਨ ਪੰਜਾਬ, ਸ਼੍ਰੀ ਗੁਰੂ ਰਵੀਦਾਸ ਫੈਡਰੇਸ਼ਨ ਰਜਿ:, ਸ਼੍ਰੀ ਗੁਰੂ ਰਵੀਦਾਸ ਭਲਾਈ ਟਰਸਟ, ਮੂਲ ਭਾਰਤੀ ਸੰਵਿਧਾਨ ਚੇਤਨਾ ਮੰਚ, ਰਿਜ਼ਰਵੇਸ਼ਨ ਚੋਰ ਫੜੋ ਮੋਰਚਾ ਤੇ ਬਾਲਮੀਕੀ ਸਮਾਜ ਦੇ ਪ੍ਰਤੀਨਿਧ ਸ਼ਾਮਲ ਹੋਏ।
'ਰਿਜ਼ਰਵੇਸ਼ਨ ਚੋਰ ਫੜੋ ਮੋਰਚਾ ਦੇ ਸੂਬਾ ਆਗੂ ਡਾ. ਦਲਜੀਤ ਸਿੰਘ ਥਰੀਕੇ, ਡਾ. ਸੁਖਰਾਜ ਸਿੰਘ, ਐੱਸ.ਸੀ.ਬੀ.ਸੀ. ਫੈੱਡਰੇਸ਼ਨ ਦੇ ਗੁਰਬਖਸ਼ ਸਿੰਘ ਮਾਛੀਕੇ ਤੇ ਸ਼੍ਰੀ ਰਵੀਦਾਸ ਫੈੱਡਰੇਸ਼ਨ ਦੇ ਰੁਪਿੰਦਰ ਸਿੰਘ ਸੁਧਾਰ ਆਦਿ ਆਗੂਆਂ ਕਿਹਾ ਕਿ ਕੇਂਦਰ ਤੇ ਪੰਜਾਬ ਦੀਆਂ ਸਰਕਾਰਾਂ ਦਬੇ ਕੁਚਲੇ ਦਲਿਤ ਵਰਗ ਦੀਆਂ ਮੰਗਾਂ/ਮਸਲਿਆਂ ਦੀ ਲਗਾਤਾਰ ਅਣਦੇਖੀ ਹੀ ਨਹੀਂ ਬਲਕਿ ਘੋਰ ਬੇਇਨਸਾਫ਼ੀ ਕਰਦੀਆਂ ਆ ਰਹੀਆਂ ਹਨ। ਮਣੀਪੁਰ ਵਿਖੇ ਦਲਿਤ ਵਰਗ ਦੀਆਂ ਔਰਤਾਂ ਦੀ ਸ਼ਰੇਆਮ ਬੇਪੱਤੀ, ਘਰਾਂ ਦੀ ਸਾੜਫੂਕ ਤੇ ਕਤਲੇਆਮ ਦੀ ਕਰੜੀ ਨਿੰਦਾ ਕੀਤੀ। ਆਗੂਆਂ ਕਿਹਾ ਕਿ ਪੰਜਾਬ ਬੰਦ ਦੇ ਸੱਦੇ ਨੂੰ ਸਫ਼ਲ ਬਣਾਉਣ ਹਿਤ ਪੂਰਾ ਤਾਣ ਲਾਇਆ ਜਾਵੇਗਾ ਤੇ ਸਥਾਨਕ ਆਗੂਆਂ ਤੇ ਕਾਰਕੁਨਾਂ ਨੂੰ ਜਿੰਮੇਵਾਰੀਆਂ ਸੌਂਪ ਦਿੱਤੀਆਂ ਗਈਆਂ। ਬੰਦ ਦੀ ਸਫ਼ਲਤਾ ਲਈ ਸਮੂਹ ਭਾਈਚਾਰਿਆਂ ਤੋਂ ਸਹਿਯੋਗ ਦੀ ਮੰਗ ਵੀ ਆਗੂਆਂ ਕੀਤੀ।