ਬਰਨਾਲਾ: ਕਾਂਗਰਸ ਪਾਰਟੀ ਦੇ ਕਸਬਾ ਧਨੌਲਾ ਦੇ ਬਲਾਕ ਪ੍ਰਧਾਨ ਸੁਰਿੰਦਰਪਾਲ ਬਾਲਾ 'ਤੇ ਕਾਤਲਾਨਾ ਹਮਲਾ ਕੀਤਾ ਗਿਆ ਹੈ। ਸੁਰਿੰਦਰਪਾਲ ਬਾਲਾ ਜਦੋਂ ਆਪਣੇ ਖੇਤਾਂ 'ਚ ਕੰਮ ਕਰ ਰਿਹਾ ਸੀ ਤਾਂ ਉਸ ਉੱਪਰ ਗੋਲ਼ੀਆਂ ਚਲਾਈਆਂ ਗਈਆਂ। ਇਸ ਹਮਲੇ 'ਚ ਕਾਂਗਰਸੀ ਆਗੂ ਸੁਰਿੰਦਰ ਪਾਲ ਗੰਭੀਰ ਜ਼ਖਮੀ ਹੋਏ ਹਨ। ਜਿੰਨ੍ਹਾਂ ਨੂੰ ਪਹਿਲਾਂ ਬਰਨਾਲਾ ਦੇ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਪਰ ਸੁਰਿੰਦਰਪਾਲ ਦੀ ਗੰਭੀਰ ਹਾਲਤ ਨੂੰ ਵੇਖਦੇ ਹੋਏ ਡੀਐਮਸੀ ਲੁਧਿਆਣਾ ਰੈਫ਼ਰ ਕਰ ਦਿੱਤਾ ਗਿਆ ਹੈ। ਇਸ ਹਮਲੇ 'ਚ ਗੈਂਗਸਟਰ ਕਾਲਾ ਧਨੌਲਾ ਅਤੇ ਉਸ ਦੇ ਸਾਥੀਆਂ ਦਾ ਹੱਥ ਦੱਸਿਆ ਜਾ ਰਿਹਾ ਹੈ।
20-25 ਵਿਅਕਤੀਆਂ ਨੇ ਚਲਾਈਆਂ ਗੋਲ਼ੀਆਂ: ਇਸ ਮੌਕੇ ਸਾਰੀ ਘਟਨਾ ਬਾਰੇ ਗੱਲ ਕਰਦਿਆਂ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਇਸ ਹਮਲੇ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ। ਉਨ੍ਹਾਂ ਆਖਿਆ ਕਿ ਜ਼ਿਲ੍ਹਾ ਬਰਨਾਲਾ ਦੇ ਬਲਾਕ ਪ੍ਰਧਾਨ ਉਪਰ 20-25 ਵਿਅਕਤੀਆਂ ਵੱਲੋਂ ਸ਼ਰੇਆਮ ਗੋਲੀਆਂ ਚਲਾ ਕੇ ਹਮਲਾ ਕੀਤਾ ਗਿਆ ਹੈ। ਇਸ ਹਮਲੇ ਦੀ ਜਾਣਕਾਰੀ ਕਾਂਗਰਸ ਹਾਈਕਮਾਂਡ ਨੂੰ ਦਿੱਤੀ ਗਈ ਹੈ।ਉਨ੍ਹਾਂ ਸਾਫ਼ ਸ਼ਬਦਾਂ 'ਚ ਆਖਿਆ ਕਿ ਜੇਕਰ ਪੁਲਿਸ ਨੇ ਇਸ ਮਾਮਲੇ 'ਚ ਜਲਦ ਕੋਈ ਕਾਰਵਾਈ ਨਾ ਕੀਤੀ ਤਾਂ ਉਹ ਤਿੱਖਾ ਸੰਘਰਸ਼ ਕਰਨਗੇ। ਇਸ ਦੇ ਨਾਲ ਹੀ ਕੁਲਦੀਪ ਸਿੰਘ ਕਾਲਾ ਵੱਲੋਂ ਸੂਬੇ ਦੀ ਕਾਨੂੰਨ ਵਿਵਸਥਾ 'ਤੇ ਵੱਡੇ ਸਵਾਲ ਚੁੱਕੇ ਗਏ।
ਪੁਲਿਸ ਦਾ ਬਿਆਨ: ਇਸ ਮੌਕੇ ਥਾਣਾ ਧਨੌਲਾ ਦੇ ਐਸਐਚਓ ਲਖਵਿੰਦਰ ਸਿੰਘ ਨੇ ਦੱਸਿਆ ਕਿ ਜ਼ਖਮੀ ਕਾਂਗਰਸੀ ਆਗੂ ਆਪਣੇ ਪਿੰਡ ਖੇਤਾਂ 'ਚ ਕੰਮ ਕਰ ਰਿਹਾ ਸੀ ਤਾਂ ਉਸ ਸਮੇਂ ਗੈਂਗਸਟਰ ਕਾਲਾ ਧਨੌਲਾ ਅਤੇ ਉਸਦੇ ਸਾਥੀਆਂ ਨੇ ਉਸ 'ਤੇ ਹਮਲਾ ਕਰ ਦਿੱਤਾ ਅਤੇ ਉਸ ਦੀ ਕੁੱਟਮਾਰ ਕੀਤੀ।ਉਹਨਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।