ਬਰਨਾਲਾ : ਪੰਜਾਬ ਸਰਕਾਰ ਦੇ ਕਾਲਜਾਂ ਵਿੱਚ ਦਾਖਲੇ ਲਈ ਸ਼ੁਰੂ ਕੀਤੇ ਸੈਂਟਰਲ ਐਡਮਿਸ਼ਨ ਪੋਰਟਲ ਨੂੰ ਲੈ ਕੇ ਬਰਨਾਲਾ ਵਿੱਚ ਕਾਲਜਾਂ ਅਤੇ ਅਧਿਆਪਕਾਂ ਵਲੋਂ ਪੇਪਰਾਂ ਦਾ ਬਾਈਕਾਟ ਕੀਤਾ ਗਿਆ ਹੈ। ਬਰਨਾਲਾ ਦੇ ਏਡਿਡ ਐਸਡੀ ਕਾਲਜ ਦੇ ਅਧਿਆਪਕਾਂ ਵਲੋਂ ਬਾਈਕਾਟ ਕਰ ਕੇ ਪੰਜਾਬ ਸਰਕਾਰ ਵਿਰੁੱਧ ਰੋਸ ਜ਼ਾਹਰ ਕੀਤਾ ਗਿਆ। ਕਾਲਜ ਵਿੱਚ ਵੱਖ-ਵੱਖ ਕਲਾਸਾਂ ਦੇ ਵਿਦਿਆਰਥੀਆਂ ਦੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਪੇਪਰ ਲਏ ਜਾ ਰਹੇ ਹਨ। ਕਾਲਜ ਅਤੇ ਅਧਿਆਪਕਾਂ ਦੇ ਹੱਕ ਵਿੱਚ ਵਿਦਿਆਰਥੀਆਂ ਨੇ ਵੀ ਐਡਮਿਸ਼ਨ ਪੋਰਟਲ ਨੂੰ ਬੰਦ ਕਰਨ ਦੀ ਸਰਕਾਰ ਨੂੰ ਅਪੀਲ ਕੀਤੀ ਗਈ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਸੂਬਾ ਸਰਕਾਰ ਵਲੋਂ ਸ਼ੁਰੂ ਕੀਤੇ ਐਡਮਿਸ਼ਨ ਪੋਰਟਲ ਨਾਲ ਕਾਲਜਾਂ ਅਤੇ ਵਿਦਿਆਰਥੀਆਂ ਨੂੰ ਵੱਡਾ ਨੁਕਸਾਨ ਹੋਵੇਗਾ, ਜਿਸ ਕਰਕੇ ਸਰਕਾਰ ਇਸ ਐਡਮਿਸ਼ਨ ਪੋਰਟਲ ਨੂੰ ਤੁਰੰਤ ਬੰਦ ਕਰੇ।
ਸੈਂਟਰਲ ਐਡਮੀਸ਼ਨ ਪੋਰਟਲ ਰਾਹੀਂ ਕਾਲਜਾਂ ਦੇ ਫੰਡ ਹੜੱਪਣਾ ਚਾਹੁੰਦੀ ਸਰਕਾਰ : ਇਸ ਮੌਕੇ ਪ੍ਰਦਰਸ਼ਨਕਾਰੀ ਅਧਿਆਪਕਾਂ ਡਾ. ਰਮਾ ਸ਼ਰਮਾ ਅਤੇ ਪ੍ਰੋ. ਬਹਾਦਰ ਸਿੰਘ ਨੇ ਕਿਹਾ ਕਿ ਗੈਰ ਸਰਕਾਰੀ ਸਹਾਇਤਾ ਪ੍ਰਾਪਤ ਕਾਲਜਿਜ਼ ਮੈਨੇਜਮੈਂਟ ਫ਼ੈਡਰੇਸ਼ਨ, ਪ੍ਰਿੰਸੀਪਲ ਐਸੋਸੀਏਸ਼ਨ, ਪੰਜਾਬ ਚੰਡੀਗੜ੍ਹ ਕਾਲਜਿਜ਼ ਟੀਚਰਜ਼ ਯੂਨੀਅਨ ਅਤੇ ਅਣ ਏਡਿਡ ਪ੍ਰਾਈਵੇਟ ਕਾਲਜਾਂ ਦੀਆਂ ਜਥੇਬੰਦੀਆਂ ਦੀ ਸਾਂਝੀ ਐਕਸ਼ਨ ਕਮੇਟੀ (ਜੇਏਸੀ) ਦੇ ਸੱਦੇ ਉਤੇ ਪੇਪਰਾਂ ਦਾ ਬਾਈਕਾਟ ਕੀਤਾ ਗਿਆ ਹੈ। ਅੱਜ ਦਾ ਬਾਈਕਾਟ ਵਿਦਿਆਰਥੀਆਂ ਦਾ ਨੁਕਸਾਨ ਕਰਨ ਲਈ ਨਹੀਂ ਕੀਤਾ ਗਿਆ, ਬਲਕਿ ਪੰਜਾਬ ਸਰਕਾਰ ਵਲੋਂ ਕਾਲਜਾਂ ਵਿੱਚ ਦਾਖਲਿਆਂ ਲਈ ਸੈਂਟਰਲ ਐਡਮਿਸ਼ਨ ਪੋਰਟਲ ਬਣਾਇਆ ਗਿਆ ਹੈ, ਜਿਸ ਵਿੱਚ ਪ੍ਰਾਈਵੇਟ ਯੂਨੀਵਰਸਿਟੀਆਂ ਨੂੰ ਛੱਡ ਕੇ ਸਰਕਾਰੀ ਯੂਨੀਵਰਸਿਟੀਆਂ ਦੇ ਅਧੀਨ ਆਉਂਦੇ ਸਾਰੇ ਕਾਲਜਾਂ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਐਡਮਿਸ਼ਨ ਪੋਰਟਲ ਰਾਹੀਂ ਸਰਕਾਰ ਕਾਲਜਾਂ ਨੂੰ ਫੀਸ ਰਾਹੀਂ ਮਿਲਦੇ ਸਾਰੇ ਫ਼ੰਡ ਆਪਣੇ ਹੱਥਾਂ ਵਿੱਚ ਲੈਣਾ ਚਾਹੁੰਦੀ ਹੈ ਅਤੇ ਬਾਅਦ ਵਿੱਚ ਸਰਕਾਰ ਕਾਲਜਾਂ ਨੂੰ ਫ਼ੰਡ ਵਾਪਸ ਕਰੇਗੀ ਜਾਂ ਨਹੀਂ ਇਸ ਬਾਰੇ ਵੀ ਕੁੱਝ ਪਤਾ ਨਹੀਂ ਹੈ।
- ਫੁਲਵਾਰੀਸ਼ਰੀਫ PFI ਮਾਮਲੇ 'ਚ NIA ਨੇ ਕਰਨਾਟਕ, ਕੇਰਲ, ਬਿਹਾਰ 'ਚ 25 ਥਾਵਾਂ 'ਤੇ ਛਾਪੇਮਾਰੀ
- wrestlers Protest: ਪਹਿਲਵਾਨਾਂ ਨੂੰ ਕਿਸਾਨਾਂ ਦਾ ਸਮਰਥਨ, ਇਸ ਤਰ੍ਹਾਂ ਭਲਵਾਨਾਂ ਲਈ ਸੰਘਰਸ਼ ਕਰਨਗੇ ਕਿਸਾਨ
- ਸੰਸਦ ਮੈਂਬਰ ਬ੍ਰਿਜਭੂਸ਼ਣ ਸਿੰਘ ਦੇ ਸਮਰਥਨ 'ਚ ਆਏ ਹਾਈਕੋਰਟ ਦੇ ਵਕੀਲ, ਪ੍ਰਦਰਸ਼ਨ ਕਰ ਰਹੇ ਪਹਿਲਵਾਨਾਂ ਨੂੰ ਦਿੱਤੀ ਸਲਾਹ
ਪੋਰਟਲ ਬੰਦ ਕਰਨ ਦੇ ਵਾਅਦੇ ਤੋਂ ਭੱਜ ਰਹੀ ਸਰਕਾਰ : ਇਸਤੋਂ ਇਲਾਵਾ ਵਿਦਿਆਰਥੀਆਂ ਨੂੰ ਇਸਦਾ ਵੱਡਾ ਨੁਕਸਾਨ ਹੋਵੇਗਾ, ਕਿਉਂਕਿ ਇਸ ਪੋਰਟਲ ਰਾਹੀਂ ਵਿਦਿਆਰਥੀਆਂ ਨੂੰ ਸਾਲਾਨਾ ਫ਼ੀਸ ਇੱਕ ਵਾਰ ਵਿੱਚ ਹੀ ਭਰਨੀ ਪਵੇਗੀ, ਜਦਕਿ ਪਿੰਡਾਂ ਤੋਂ ਆਉਂਦੇ ਵਿਦਿਆਰਥੀਆਂ ਦੀ ਵਿੱਤੀ ਹਾਲਤ ਇੰਨੀ ਚੰਗੀ ਨਹੀਂ ਹੁੰਦੀ। ਇਸਤੋਂ ਇਲਾਵਾ ਉਨ੍ਹਾਂ ਕਿਹਾ ਕਿ ਸਰਕਾਰ ਨੇ ਇਸ ਪੋਰਟਲ ਨੂੰ ਬੰਦ ਕਰਨ ਲਈ ਸਾਂਝੀ ਐਕਸ਼ਨ ਕਮੇਟੀ ਨਾਲ ਮੀਟਿੰਗ ਕਰ ਕੇ ਮਸਲੇ ਦੇ ਹੱਲ ਕਰਨ ਦਾ ਭਰੋਸਾ ਵੀ ਦਿੱਤਾ ਸੀ, ਪਰ ਸਰਕਾਰ ਆਪਣੀ ਗੱਲ ਤੋਂ ਭੱਜ ਰਹੀ ਹੈ। ਜਿਸ ਕਰਕੇ ਅੱਜ ਉਹਨਾਂ ਨੂੰ ਮਜਬੂਰੀਵੱਸ ਪੇਪਰਾਂ ਦਾ ਬਾਈਕਾਟ ਕਰਨਾ ਪੈ ਰਿਹਾ ਹੈ। ਉਹਨਾਂ ਕਿਹਾ ਕਿ ਵਿਦਿਆਰਥੀਆਂ ਵਲੋਂ ਵੀ ਕਾਲਜ ਅਤੇ ਅਧਿਆਪਕਾਂ ਦੇ ਇਸ ਸੰਘਰਸ਼ ਦਾ ਸਾਥ ਦਿੱਤਾ ਜਾ ਰਿਹਾ ਹੈ।
ਐਡਮਿਸ਼ਨ ਪੋਰਟਲ ਦਾ ਸਭ ਤੋਂ ਵੱਡਾ ਨੁਕਸਾਨ ਵਿਦਿਆਰਥੀਆਂ ਨੂੰ : ਉਥੇ ਇਸ ਮੌਕੇ ਪੇਪਰ ਦੇਣ ਆਏ ਵਿਦਿਆਰਥੀਆਂ ਨੇ ਕਿਹਾ ਕਿ ਅੱਜ ਕਾਲਜ ਵਿੱਚ ਪੇਪਰਾਂ ਦੇ ਬਾਈਕਾਟ ਕੀਤਾ ਗਿਆ ਹੈ। ਕਾਲਜ ਅਤੇ ਅਧਿਆਪਕਾਂ ਵਲੋਂ ਐਡਮਿਸ਼ਨ ਪੋਰਟਲ ਨੂੰ ਲੈ ਕੇ ਪੇਪਰਾਂ ਦਾ ਬਾਈਕਾਟ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਇਸ ਐਡਮਿਸ਼ਨ ਪੋਰਟਲ ਦਾ ਕਾਲਜ ਦੇ ਨਾਲ ਨਾਲ ਸਭ ਤੋਂ ਵੱਡਾ ਨੁਕਸਾਨ ਵਿਦਿਆਰਥੀਆਂ ਦਾ ਹੋਵੇਗਾ, ਜਿਸ ਕਰਕੇ ਪੇਪਰ ਦੇਣ ਆਏ ਵਿਦਿਆਰਥੀਆਂ ਵਲੋਂ ਵੀ ਪੇਪਰਾਂ ਦਾ ਬਾਈਕਾਟ ਕੀਤਾ ਗਿਆ ਹੈ। ਉਹਨਾਂ ਮੰਗ ਕੀਤੀ ਕਿ ਸਰਕਾਰ ਇਸ ਐਡਮਿਸ਼ਨ ਪੋਰਟਲ ਨੂੰ ਤੁਰੰਤ ਬੰਦ ਕਰੇ।