ਬਰਨਾਲਾ : ਬਰਨਾਲਾ ਦੇ ਸ਼ਹਿਰ ਤਪਾ ਮੰਡੀ ਵਿਖੇ ਅੱਜ ਇੱਕ ਭੂਤਰੇ ਸਾਨ੍ਹ ਦੀ ਭੇਂਟ ਚੜ੍ਹਨ ਕਰਕੇ ਇੱਕ ਸਾਈਕਲ ਸਵਾਰ ਵਿਅਕਤੀ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਅੱਜ ਸਵੇਰ ਸਮੇਂ ਤੋਂ ਇੱਕ ਸਾਨ੍ਹ (ਢੱਠਾ) ਭੂਤਰ ਗਿਆ, ਜਿਸਦੀ ਲਪੇਟ ਵਿੱਚ ਕਈ ਔਰਤਾਂ ਅਤੇ ਬੰਦੇ ਆ ਗਏ। ਜਿਨ੍ਹਾਂ ਨੂੰ ਜ਼ਖ਼ਮੀ ਹਾਲਤ ਵਿੱਚ ਤਪਾ ਮੰਡੀ ਦੇ ਸਮਾਜ ਸੇਵੀਆਂ ਵਲੋਂ ਹਸਪਤਾਲ ਦਾਖ਼ਲ ਕਰਵਾਇਆ ਗਿਆ।
ਇਸੇ ਦਰਮਿਆਨ ਢੱਠੇ ਦੀ ਲਪੇਟ ਵਿੱਚ ਸਾਈਕਲ ਸਵਾਰ ਬਿੱਲੂ ਰਾਮ ਪਰੌਂਠਿਆਂ ਵਾਲਾ ਨਾਮ ਦਾ ਵਿਅਕਤੀ ਆ ਗਿਆ। ਢੱਠੇ ਨੇ ਇਸ ਵਿਅਕਤੀ ਨੂੰ ਆਪਣੇ ਸਿੰਙਾਂ ਨਾਲ ਉਪਰ ਚੁੱਕਿਆ ਅਤੇ ਸੜਕ ’ਤੇ ਪਟਕਾ ਕੇ ਮਾਰਿਆ। ਜਿਸ ਕਰਕੇ ਬਿੱਲੂ ਰਾਮ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਜਿਸਨੂੰ ਸਮਾਜ ਸੇਵੀਆ ਨੇ ਸਰਕਾਰੀ ਹਸਪਤਾਲ ਤਪਾ ਵਿਖੇ ਦਾਖ਼ਲ ਕਰਵਾਇਆ। ਜਿੱਥੋਂ ਉਸਨੂੰ ਮੁਢਲੀ ਸਹਾਇਤਾ ਦੇਣ ਉਪਰੰਤ ਪੀਜੀਆਈ ਚੰਡੀਗੜ੍ਹ ਰੈਫ਼ਰ ਕਰ ਦਿੱਤਾ ਗਿਆ। ਜਿੱਥੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਇਸ ਭੂਤਰੇ ਢੱਠੇ ਨੂੰ ਬੜੀ ਮੁਸ਼ੱਕਤ ਨਾਲ ਪੁਲਿਸ, ਨਗਰ ਕੌਂਸ਼ਲ ਦੇ ਕਰਮਚਾਰੀਆਂ ਤੇ ਲੋਕਾਂ ਨੇ ਕਾਬੂ ਕੀਤਾ।