ਬਰਨਾਲਾ: ਜ਼ਿਲ੍ਹੇ ਤਰਕਸ਼ੀਲ ਭਵਨ ਵਿਖੇ ਝੰਡਾ ਸਿੰਘ ਜੇਠੂਕੇ ਦੀ ਪ੍ਰਧਾਨਗੀ ਹੇਠ ਹੋਈ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੀ ਸੂਬਾ ਕਮੇਟੀ ਮੀਟਿੰਗ ਹੋਈ। ਜਿਸ ਵਿੱਚ ਫੈਸਲਾ ਕੀਤਾ ਗਿਆ ਕਿ 3,4 ਅਗਸਤ ਨੂੰ ਸਮੂਹ ਠੇਕਾ ਕਾਮਿਆਂ ਵੱਲੋਂ ਪੰਜਾਬ ਸਰਕਾਰ ਵਿਰੁੱਧ ਤਿੱਖੇ ਰੋਸ ਵਜੋਂ ਕੀਤੀ ਜਾ ਰਹੀ ਕੰਮ ਬਾਈਕਾਟ ਦੀ ਹੜਤਾਲ ਦਾ ਪੁਰਜ਼ੋਰ ਸਮਰਥਨ ਕੀਤਾ ਜਾਵੇਗਾ।
ਇਹ ਵੀ ਪੜੋ: ਪੰਜਾਬ ਦੇ ਸਾਂਸਦ ਵੱਲੋਂ ਪ੍ਰਦਰਸ਼ਨ
ਆਮ ਲੋਕਾਂ ਨੂੰ ਇਸ ਹੜਤਾਲ ਦੇ ਸਮਰਥਨ ਵਿਚ ਲਾਮਬੰਦ ਕਰਦਿਆਂ ਉਨ੍ਹਾਂ ਨੂੰ ਜਾਗਰਤ ਕੀਤਾ ਜਾਵੇਗਾ ਕਿ ਬਿਜਲੀ ਪਾਣੀ ਜਾਂ ਹੋਰ ਵਸਤਾਂ ਦੀ ਸਪਲਾਈ ਵਿੱਚ ਵਿਘਨ ਪੈ ਜਾਣ ਵਿਰੁੱਧ ਗੂੱਸਾ ਕਾਂਗਰਸ ਦੀ ਕੈਪਟਨ ਸਰਕਾਰ ਉੱਪਰ ਹੀ ਕੱਢਿਆ ਜਾਵੇ। ਕਿਉਂਕਿ ਲੰਬੇ ਸਮੇਂ ਤੋਂ ਪੱਕੇ ਰੁਜ਼ਗਾਰ ਸਮੇਤ ਆਪਣੀਆਂ ਹੱਕੀ ਮੰਗਾਂ ਲਈ ਵੱਡੇ ਵੱਡੇ ਜਨਤਕ ਅੰਦੋਲਨ ਕਰ ਰਹੇ ਮੁਲਾਜ਼ਮਾਂ ਦੀ ਆਵਾਜ਼ ਨੂੰ ਨਜ਼ਰਅੰਦਾਜ਼ ਕਰਕੇ ਇਸੇ ਸਰਕਾਰ ਨੇ ਉਨ੍ਹਾਂ ਨੂੰ ਹੜਤਾਲ ਲਈ ਮਜਬੂਰ ਕੀਤਾ ਹੈ।
ਜਾਣਕਾਰੀ ਦਿੰਦੇ ਹੋਏ ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਹੈ ਕਿ ਪੰਜਾਬ ਦੀਆਂ 7 ਪੇਂਡੂ ਖੇਤ ਮਜ਼ਦੂਰ ਜਥੇਬੰਦੀਆਂ ਦੇ 9, 10, 11 ਅਗਸਤ ਦੇ ਪਟਿਆਲਾ ਧਰਨੇ ਦੀ ਸੰਕੇਤਕ ਹਮਾਇਤ ਸੰਬੰਧੀ ਜਥੇਬੰਦੀ ਵੱਲੋਂ ਪਿੰਡ ਪਿੰਡ ਕੀਤੀ ਜਾ ਰਹੀ ਮਜ਼ਦੂਰਾਂ ਦੀ ਲਾਮਬੰਦੀ ਦਾ ਵੀ ਜਾਇਜ਼ਾ ਲਿਆ ਗਿਆ।
ਆਪਣੀ ਪਹਿਲਕਦਮੀ ਨਾਲ ਸੈਂਕੜੇ ਪਿੰਡਾਂ ਵਿੱਚੋਂ ਮਿਲੇ ਸ਼ਾਨਦਾਰ ਹੁੰਗਾਰੇ ਦੇ ਜ਼ੋਰ ਹਜ਼ਾਰਾਂ ਮਜ਼ਦੂਰਾਂ ਦੀ ਸ਼ਮੂਲੀਅਤ ਯਕੀਨੀ ਬਣਾਉਣ ਦੀਆਂ ਉਤਸ਼ਾਹੀ ਰਿਪੋਰਟਾਂ ਸਾਰੇ ਜ਼ਿਲ੍ਹਿਆਂ ਵੱਲੋਂ ਨੋਟ ਕਰਵਾਈਆਂ ਗਈਆਂ। ਮਜ਼ਦੂਰ ਕਿਸਾਨ ਸੰਘਰਸ਼-ਸਾਂਝ ਨੂੰ ਪੂਰਾ ਮਜ਼ਬੂਤ ਕਰਨ ਲਈ ਸਾਂਝੀਆਂ ਟੀਮਾਂ ਬਣਾ ਕੇ ਪਟਿਆਲੇ ਪਹੁੰਚਣ ਲਈ ਵਹੀਕਲਾਂ ਵਾਸਤੇ ਫੰਡ ਇਕੱਠਾ ਕੀਤਾ ਜਾ ਰਿਹਾ ਹੈ। ਮੀਟਿੰਗ ਵੱਲੋਂ ਫ਼ੈਸਲਾ ਕੀਤਾ ਗਿਆ ਕਿ ਕਾਲੇ ਕਾਨੂੰਨਾਂ ਵਿਰੁੱਧ ਮੋਰਚੇ ਨੂੰ ਹੋਰ ਮਜ਼ਬੂਤ ਕਰਨ ਲਈ ਦਿੱਲੀ ਅਤੇ ਸਥਾਨਕ ਮੋਰਚਿਆਂ ਵਿੱਚ ਸ਼ਮੂਲੀਅਤ ਹੋਰ ਜ਼ਿਆਦਾ ਵਧਾਉਣ ਲਈ ਲਾਮਬੰਦੀਆਂ ਉੱਤੇ ਵਿਸ਼ੇਸ਼ ਤਾਣ ਲਾਇਆ ਜਾਵੇ।
ਇਸ ਕੰਮ ਲਈ ਔਰਤਾਂ ਅਤੇ ਨੌਜਵਾਨਾਂ ਦੀਆਂ ਟੀਮਾਂ ਨੂੰ ਵਿਸ਼ੇਸ਼ ਤੌਰ 'ਤੇ ਉਤਸ਼ਾਹਿਤ ਕੀਤਾ ਜਾਵੇ। ਮੀਟਿੰਗ ਦੌਰਾਨ ਸ੍ਰੀ ਜੇਠੂਕੇ ਵੱਲੋਂ ਸਪਸ਼ਟ ਕੀਤਾ ਗਿਆ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਅਤੇ ਜਥੇਬੰਦੀ ਵੱਲੋਂ ਪਿੰਡਾਂ ਸ਼ਹਿਰਾਂ ਵਿੱਚ ਆਉਣ ਵਾਲੇ ਸਿਰਫ਼ ਭਾਜਪਾ ਆਗੂਆਂ ਦਾ ਸਖ਼ਤ ਵਿਰੋਧ ਕਰਨ ਦਾ ਫੈਸਲਾ ਕੀਤਾ ਗਿਆ ਹੈ, ਉਹ ਵੀ ਸ਼ਾਂਤਮਈ ਢੰਗ ਨਾਲ। ਹੋਰ ਕਿਸੇ ਵੀ ਵਿਰੋਧੀ ਪਾਰਟੀ ਦਾ ਵਿਰੋਧ ਕਰਨ ਜਾਂ ਸੁਆਲ ਜੁਆਬ ਕਰਨ ਦਾ ਫੈਸਲਾ ਨਹੀਂ ਲਿਆ ਗਿਆ ਹੈ।