ਬਰਨਾਲਾ: ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਵਿੱਚ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਵਿੱਚ ਸਿੱਖ ਪ੍ਰਚਾਰਕ ਭਾਈ ਹਰਜਿੰਦਰ ਸਿੰਘ ਮਾਝੀ ਦਾ ਅਹਿਮ ਜ਼ਿਕਰ ਕੀਤਾ ਗਿਆ ਹੈ। ਰਿਪੋਰਟ ਵਿੱਚ ਜ਼ਿਕਰ ਹੈ ਕਿ ਭਾਈ ਹਰਜਿੰਦਰ ਸਿੰਘ ਮਾਝੀ ਵੱਲੋਂ ਬਰਗਾੜੀ ਇਲਾਕੇ ਵਿੱਚ ਦੀਵਾਨ ਲਗਾਏ ਗਏ ਸਨ, ਜਿਸਤੋਂ ਬਾਅਦ ਭਾਈ ਮਾਝੀ ਦੇ ਪ੍ਰਚਾਰ ਤੋਂ ਪ੍ਰਭਾਵਿਤ ਹੋ ਕੇ ਕਈ ਡੇਰਾ ਸਿਰਸਾ ਦੇ ਪ੍ਰੇਮੀਆਂ ਵੱਲੋਂ ਆਪਣੇ ਲੌਕਟ ਲਾ ਕੇ ਸਿੱਖ ਧਰਮ ਵਿੱਚ ਵਾਪਸੀ ਕੀਤੀ ਗਈ ਸੀ, ਜਿਸ ਤੋਂ ਬਾਅਦ ਪ੍ਰਚਾਰਕ ਭਾਈ ਮਾਝੀ ਨੂੰ ਮਾਰਨ ਦੀ ਸਾਜ਼ਿਸ਼ ਬਣਾਈ ਗਈ ਸੀ।
ਸ਼ੁੱਕਰਵਾਰ ਨੂੰ ਸਿੱਖ ਪ੍ਰਚਾਰਕ ਭਾਈ ਹਰਜਿੰਦਰ ਸਿੰਘ ਮਾਝੀ ਬਰਨਾਲਾ ਵਿਖੇ ਪਹੁੰਚੇ। ਇਸ ਮੌਕੇ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਪਹਿਲੇ ਦਿਨ ਤੋਂ ਹੀ ਇਹ ਕਹਿ ਰਹੇ ਹਨ ਕਿ ਬੇਅਦਬੀ ਮਾਮਲੇ ਦਾ ਮਾਸਟਰ ਮਾਈਂਡ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਹੈ, ਜਿਸ ਨੂੰ ਤਤਕਾਲੀ ਬਾਦਲ ਸਰਕਾਰ ਵੱਲੋਂ ਮਾਫੀ ਦਿੱਤੀ ਗਈ ਸੀ। ਜਿਸ ਸਮੇਂ ਡੇਰਾ ਸਿਰਸਾ ਮੁਖੀ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਪੌਸ਼ਾਕ ਪਾਈ ਸੀ, ਉਸ ਮੌਕੇ ਉਸ ਵਿਰੁੱਧ ਬਠਿੰਡਾ ਵਿਖੇ ਧਾਰਮਿਕ ਭਾਵਨਾਵਾਂ ਭੜਕਾਉਣ ਦਾ ਪਰਚਾ ਦਰਜ ਕੀਤਾ ਗਿਆ ਸੀ। ਜਿਸ ਦੀ ਫਾਈਲ ਬਾਦਲ ਸਰਕਾਰ ਵੱਲੋਂ ਬੰਦ ਕਰ ਦਿੱਤੀ ਗਈ ਸੀ।
ਉਨ੍ਹਾਂ ਕਿਹਾ ਕਿ ਜਦੋਂ ਸਿੱਖ ਪ੍ਰਚਾਰਕ ਆਪਣੇ ਦੀਵਾਨ ਲਗਾਉਣ ਜਾਂਦੇ ਸਨ ਤਾਂ ਬਾਦਲ ਸਰਕਾਰ ਵੱਲੋਂ ਪੁਲਿਸ ਰਾਹੀਂ ਦੀਵਾਨਾਂ ਨੂੰ ਬੰਦ ਕਰਵਾਇਆ ਜਾਂਦਾ ਸੀ ਪਰ ਇਸ ਦੇ ਉਲਟ ਜਦੋਂ ਡੇਰਾ ਸਿਰਸਾ ਮੁਖੀ ਦੀ ਫਿਲਮ ਰਿਲੀਜ਼ ਹੋਈ ਤਾਂ ਉਸ ਦੇ ਪੋਸਟਰਾਂ ਨੂੰ ਬਾਕਾਇਦਾ ਸਕਿਓਰਿਟੀ ਮੁਹੱਈਆ ਕਰਵਾਈ ਗਈ।
ਭਾਈ ਮਾਝੀ ਨੇ ਕਿਹਾ ਕਿ ਬੇਅਦਬੀ ਮਾਮਲੇ ਮੌਕੇ ਦੀ ਬਾਦਲ ਸਰਕਾਰ ਸਿੱਖ ਕੌਮ ਸਿਰ ਇੱਕ ਵੱਡਾ ਧੱਬਾ ਮੜ੍ਹਨ ਜਾ ਰਹੀ ਸੀ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਵਿੱਚ ਪੁਲਿਸ ਵੱਲੋਂ ਦੋ ਸਿੱਖ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਉੱਪਰ ਤਸ਼ੱਦਦ ਕੀਤਾ ਗਿਆ ਅਤੇ ਉਨ੍ਹਾਂ ਨੂੰ ਧੱਕੇ ਨਾਲ ਗੁਰੂ ਸਾਹਿਬ ਦੀ ਬੇਅਦਬੀ ਦੇ ਦੋਸ਼ ਮੰਨਣ ਲਈ ਮਜਬੂਰ ਕੀਤਾ ਗਿਆ। ਇਸ ਤੋਂ ਇਲਾਵਾ ਪੈਸਿਆਂ ਦਾ ਲਾਲਚ ਦੇ ਕੇ ਵੀ ਖਰੀਦਣ ਦੀ ਕੋਸ਼ਿਸ਼ ਕੀਤੀ ਗਈ ਤਾਂ ਕਿ ਉਹ ਨੌਜਵਾਨ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਆਪਣੇ ਸਿਰ ਲੈ ਲੈਣ, ਜਿਸ ਨਾਲ ਦੁਨੀਆਂ ਪੱਧਰ ਵਿੱਚ ਇਹ ਗੱਲ ਸਾਹਮਣੇ ਲਿਆਂਦੀ ਜਾਵੇ ਕਿ ਸਿੱਖ ਖੁਦ ਹੀ ਆਪਣੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਵਾ ਰਹੇ ਹਨ।
ਸੀਬੀਆਈ ਵੱਲੋਂ ਪੰਜਾਬ ਸਰਕਾਰ ਦੀ ਸਿੱਟ ਵਿਰੁੱਧ ਮੋਹਾਲੀ ਅਦਾਲਤ ਵਿੱਚ ਲਗਾਈ ਗਈ ਅਰਜ਼ੀ ਸਬੰਧੀ ਉਨ੍ਹਾਂ ਕਿਹਾ ਕਿ ਸੀਬੀਆਈ ਤੋਂ ਇਨਸਾਫ਼ ਦੀ ਉਮੀਦ ਨਹੀਂ ਲਗਾਈ ਜਾ ਸਕਦੀ ਕਿਉਂਕਿ ਸੀਬੀਆਈ ਵੱਲੋਂ ਪਹਿਲਾਂ ਹੀ ਬੇਅਦਬੀ ਮਾਮਲੇ ਦੀ ਕਲੋਜ਼ਰ ਰਿਪੋਰਟ ਪੇਸ਼ ਕੀਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਬੇਅਦਬੀ ਦਾ ਮਾਮਲਾ ਸਿਰਫ ਰਾਜਨੀਤੀ ਲਈ ਨਹੀਂ ਰੱਖਣਾ ਚਾਹੀਦਾ, ਬਲਕਿ ਕੈਪਟਨ ਸਰਕਾਰ ਨੂੰ ਚਾਹੀਦਾ ਹੈ ਕਿ ਬੇਅਦਬੀ ਅਤੇ ਗੋਲੀਕਾਂਡ ਦੇ ਮੁੱਖ ਦੋਸ਼ੀਆਂ ਦਾ ਚਿਹਰਾ ਨੰਗਾ ਕੀਤਾ ਜਾਵੇ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਬੇਅਦਬੀ ਮਾਮਲੇ ਵਿੱਚ ਨਾਮਜ਼ਦ ਕੀਤੇ ਗਏ ਡੇਰਾ ਸਿਰਸਾ ਮੁਖੀ ਨਾਲ ਸਖ਼ਤੀ ਨਾਲ ਨਿਪਟਣ ਸਬੰਧੀ ਦਿੱਤੇ ਗਏ ਬਿਆਨ 'ਤੇ ਭਾਈ ਮਾਝੀ ਨੇ ਕਿਹਾ ਕਿ ਡੇਰਾ ਸਿਰਸਾ ਮੁਖੀ ਨਾਲ ਯਾਰੀਆਂ ਨਿਭਾਉਣ ਵਾਲੇ ਬਾਦਲ ਪਰਿਵਾਰ ਸਬੰਧੀ ਵੀ ਜਥੇਦਾਰ ਸਾਹਿਬ ਨੂੰ ਸਖਤੀ ਵਰਤਣੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਬੇਅਦਬੀ ਦੇ ਮਾਮਲਿਆਂ ਵਿੱਚ ਰਾਜਨੀਤੀ ਕਰਨ ਦੀ ਥਾਂ 'ਤੇ ਸਿੱਖ ਕੌਮ ਨੂੰ ਇਨਸਾਫ ਦੇਣਾ ਚਾਹੀਦਾ ਹੈ ਨਹੀਂ ਤਾਂ ਕੈਪਟਨ ਅਮਰਿੰਦਰ ਸਿੰਘ ਦਾ ਹਾਲ ਵੀ ਬਾਦਲਾਂ ਵਾਲਾ ਹੋਵੇਗਾ।