ਬਰਨਾਲਾ: ਜ਼ਿਲ੍ਹੇ ਦੇ ਕਸਬਾ ਧਨੌਲਾ ਦੇ ਗੋਬਿੰਦਪੁਰਾ ਕੋਠੇ ਦੇ ਲਵਪ੍ਰੀਤ ਸਿੰਘ ਦੀ ਖੁਦਕੁਸ਼ੀ (Lovepreet suicide case) ਦਾ ਮੁੱਦਾ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਮਾਮਲੇ ਵਿੱਚ ਥਾਣਾ ਧਨੌਲਾ ਦੀ ਪੁਲਿਸ ਵਲੋਂ ਲਵਪ੍ਰੀਤ ਦੀ ਕੈਨੇਡਾ (Canada) ਰਹਿੰਦੀ ਪਤਨੀ ਬੇਅੰਤ ਕੌਰ (Beant Kaur) ਵਿਰੁੱਧ ਧੋਖਾਧੜੀ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਜਦਕਿ ਲਵਪ੍ਰੀਤ ਦਾ ਪਰਿਵਾਰ ਉਸਦੀ ਪਤਨੀ ਬੇਅੰਤ 'ਤੇ ਖੁਦਕੁਸ਼ੀ ਲਈ ਮਜਬੂਰ ਕਰਨ ਦੇ ਦੋਸ਼ ਲਗਾ ਰਿਹਾ ਸੀ ਅਤੇ ਬੇਅੰਤ ਅਤੇ ਉਸਦੇ ਪਰਿਵਾਰ ‘ਤੇ ਧਾਰਾ 306 ਤਹਿਤ ਪਰਚਾ ਦਰਜ ਕਰਨ ਦੀ ਮੰਗ ਕੀਤੀ ਜਾ ਰਹੀ ਸੀ। ਇਸ ਮਾਮਲੇ ਵਿੱਚ ਹੁਣ ਬਰਨਾਲਾ ਪੁਲਿਸ ਨੇ ਧਾਰਾ ਵਧਾ ਕੇ 306 ਜੋੜ ਦਿੱਤੀ ਹੈ। ਲਵਪ੍ਰੀਤ ਦੀ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਥਾਣਾ ਧਨੌਲਾ ਦੀ ਪੁਲਿਸ ਨੇ ਲਵਪ੍ਰੀਤ ਦੀ ਪਤਨੀ ਬੇਅੰਤ ਵਿਰੁੱਧ ਧਾਰਾ 306 (ਮਰਨ ਲਈ ਮਜਬੂਰ ਕਰਨ) ਦਾ ਵਾਧਾ ਕਰ ਦਿੱਤਾ ਹੈ।
ਲਵਪ੍ਰੀਤ ਖੁਦਕੁਸ਼ੀ ਮਾਮਲੇ ‘ਚ ਬੇਅੰਤ ਕੌਰ ਦੀਆਂ ਵਧੀਆਂ ਮੁਸ਼ਕਿਲਾਂ ਇਸ ਸਬੰਧੀ ਗੱਲਬਾਤ ਕਰਦਿਆਂ ਥਾਣਾ ਧਨੌਲਾ ਦੇ ਐਸਐਚਓ ਵਿਸ਼ਵਜੀਤ ਸਿੰਘ ਮਾਨ ਨੇ ਦੱਸਿਆ ਕਿ ਲਵਪ੍ਰੀਤ ਦੀ ਮੌਤ ਮਾਮਲੇ ਵਿੱਚ ਪਹਿਲਾਂ ਪੁਲਿਸ ਨੇ ਧੋਖਾਧੜੀ ਦਾ ਪਰਚਾ ਉਸਦੀ ਪਤਨੀ ਬੇਅੰਤ ਕੌਰ ਵਿਰੁੱਧ ਦਰਜ ਕੀਤਾ ਸੀ। ਲਵਪ੍ਰੀਤ ਦੀ ਪੋਸਟਮਾਰਟਮ ਦੇ ਬਾਅਦ ਬਿਸਰਾ ਰਿਪੋਰਟ ਆਉਣੀ ਅਜੇ ਬਾਕੀ ਸੀ। ਜਿਸਦੇ ਆਉਣ ਤੋਂ ਬਾਅਦ ਬਰਨਾਲਾ ਪੁਲਿਸ ਨੇ ਲਵਪ੍ਰੀਤ ਨੂੰ ਮਰਨ ਲਈ ਮਜਬੂਰ ਕਰਨ ਦੀ ਧਾਰਾ 306 ਤਹਿਤ ਮਾਮਲਾ ਦਰਜ ਕਰ ਲਿਆ ਹੈ। ਇਸ ਮਾਮਲੇ ਨੂੰ ਲੈ ਕੇ ਬਰਨਾਲਾ ਪੁਲਿਸ ਨੇ ਇੱਕ ਐਸਆਈਟੀ ਟੀਮ ਬਣਾਈ ਹੋਈ ਹੈ ਅਤੇ ਟੀਮ ਆਪਣੀ ਕਾਰਵਾਈ ਕਰ ਰਹੀ ਹੈ।ਉਧਰ ਇਸ ਮਾਮਲੇ ਵਿੱਚ ਲਵਪ੍ਰੀਤ ਦੇ ਪਰਿਵਾਰ ਨੇ ਮੁਲਜ਼ਮ ਲਵਪ੍ਰੀਤ ਦੀ ਪਤਨੀ ਦੇ ਨਾਲ-ਨਾਲ ਉਸਦੇ ਪਰਿਵਾਰ ਨੂੰ ਵੀ ਸ਼ਾਮਿਲ ਕਰਨ ਦੀ ਮੰਗ ਕੀਤੀ ਹੈ। ਲਵਪ੍ਰੀਤ ਦੇ ਚਾਚਾ ਹਰਵਿੰਦਰ ਸਿੰਘ ਹਿੰਦੀ ਨੇ ਕਿਹਾ ਕਿ ਲਵਪ੍ਰੀਤ ਦੀ ਮੌਤ ਲਈ ਉਸਦੀ ਪਤਨੀ ਦੇ ਨਾਲ ਨਾਲ ਉਸਦੇ ਪਰਿਵਾਰ ਵਾਲੇ ਬਰਾਬਰ ਦੇ ਦੋਸ਼ੀ ਹਨ। ਉਨ੍ਹਾਂ ਕਿਹਾ ਕਿ ਲਵਪ੍ਰੀਤ ਨੂੰ ਖੁਦਕੁਸ਼ੀ ਲਈ ਮਜਬੂਰ ਕਰੜ ਦੇ ਦੋਸ਼ਾਂ ਤਹਿਤ ਕਾਰਵਾਈ ਦੀ ਮੰਗ ਨੂੰ ਲੈਕੇ ਉਨ੍ਹਾਂ ਨੇ ਪਿਛਲੇ ਦਿਨੀਂ ਸੜਕ ਜਾਮ ਕਰਕੇ ਧਰਨਾ ਪ੍ਰਦਰਸ਼ਨ ਵੀ ਕੀਤਾ ਸੀ। ਜਿਸ ਦੌਰਾਨ ਪੁਲਿਸ ਨੇ ਉਨ੍ਹਾਂ ਨੂੰ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਧਾਰਾ ਵਿੱਚ ਵਾਧਾ ਕਰਨ ਦਾ ਭਰੋਸਾ ਦਿੱਤਾ ਸੀ। ਉੁਨ੍ਹਾਂ ਦੱਸਿਆ ਕਿ ਜਦੋਂ ਲਵਪ੍ਰੀਤ ਦੀ ਮੌਤ ਲਈ ਜ਼ਿੰਮੇਵਾਰ ਮੰਨਦੇ ਬਰਨਾਲਾ ਪੁਲਿਸ ਨੇ ਧਾਰਾ ਵਿੱਚ ਵਾਧਾ ਕਰਕੇ 306 ਕਰ ਦਿੱਤੀ ਹੈ ਤਾਂ ਇਸ ਮਾਮਲੇ ਵਿੱਚ ਦੋਸ਼ੀ ਬੇਅੰਤ ਕੌਰ ਦੇ ਪਰਿਵਾਰ ਨੂੰ ਵੀ ਨਾਮਜ਼ਦ ਕੀਤਾ ਜਾਣਾ ਚਾਹੀਦਾ ਹੈ।ਜ਼ਿਕਰਯੋਗ ਹੈ ਕਿ ਲਵਪ੍ਰੀਤ ਦੀ ਮੌਤ 24 ਜੂਨ ਨੂੰ ਹੋਈ ਸੀ। ਉਸ ਦੀ ਮੌਤ ਤੋਂ ਬਾਅਦ ਪਰਿਵਾਰ ਨੇ ਉਸ ਦੀ ਮੌਤ ਲਈ ਉਸਦੀ ਕੈਨੇਡਾ ਰਹਿੰਦੀ ਪਤਨੀ ਬੇਅੰਤ ਕੌਰ ਨੂੰ ਜ਼ਿੰਮੇਵਾਰ ਠਹਿਰਾਇਆ ਸੀ ਅਤੇ ਪਿਛਲੇ ਦੋ ਮਹੀਨਿਆਂ ਤੋਂ ਬੇਅੰਤ ਕੌਰ ਵਿਰੁੱਧ 306 ਧਾਰਾ ਤਹਿਤ ਪਰਚਾ ਦਰਜ ਕਰਨ ਦੀ ਮੰਗ ਕੀਤੀ ਜਾ ਰਹੀ ਸੀ। ਜਿਸ ਲਈ ਲਵਪ੍ਰੀਤ ਦੇ ਪਰਿਵਾਰ ਨੂੰ ਬਰਨਾਲਾ ਚੰਡੀਗੜ੍ਹ ਰੋਡ ਜਾਮ ਕਰਕੇ ਧਰਨਾ ਪ੍ਰਦਰਸ਼ਨ ਵੀ ਕਰਨਾ ਪਿਆ ਸੀ।
ਇਹ ਵੀ ਪੜ੍ਹੋ:ਪੰਜਾਬ ਕਾਂਗਰਸ ਦਾ ਕਲੇਸ਼ ਖਤਮ ਦੀ ਕਵਾਇਦ ਫਿਰ ਸ਼ੁਰੂ, ਸਿੱਧੂ ਨੂੰ ਮਿਲੇ ਰਾਵਤ