ਬਰਨਾਲਾ: ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਦੀਆਂ ਬਰੂਹਾਂ ’ਤੇ ਲਗਾਤਾਰ ਕਿਸਾਨ ਅੰਦੋਲਨ ਜਾਰੀ ਹੈ ਪਰ ਕਣਕ ਦੀ ਵਾਢੀ ਦਾ ਸੀਜ਼ਨ ਚੱਲਣ ਕਰਕੇ ਬਹੁ ਗਿਣਤੀ ਕਿਸਾਨ ਪੰਜਾਬ ’ਚ ਕੰਮਾਂ ਧੰਦਿਆਂ ਵਿੱਚ ਲੱਗੇ ਹੋਏ ਹਨ। ਜਿਸ ਕਰਕੇ ਕਿਸਾਨ ਅੰਦੋਲਨ ਸੰਭਾਲਣ ਲਈ ਬੀਬੀਆਂ ਦੇ ਜੱਥੇ ਰਵਾਨਾ ਹੋਣ ਲੱਗੇ ਹਨ।ਬਰਨਾਲਾ ਜ਼ਿਲੇ ਦੇ ਪਿੰਡ ਚੀਮਾ, ਸੰਧੂ ਕਲਾਂ, ਤਪਾ, ਈਸ਼ਰ ਸਿੰਘ ਵਾਲਾ ਅਤੇ ਭੋਤਨਾ ਤੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਵਿੱਚ ਬੀਬੀਆਂ ਦੇ ਜੱਥੇ ਦਿੱਲੀ ਦੇ ਟਿੱਕਰੀ ਬਾਰਡਰ ਲਈ ਰਵਾਨਾ ਹੋਏ।
ਇਸ ਮੌਕੇ ਪਿੰਡ ਚੀਮਾ ਤੋਂ ਰਵਾਨਾ ਹੋਣ ਸਮੇਂ ਮਹਿਲਾ ਕਿਸਾਨ ਆਗੂ ਸੰਦੀਪ ਕੌਰ ਪੱਤੀ, ਰਾਣੋ ਥਿੰਦ, ਪੁੰਨਾ ਥਿੰਦ ਅਤੇ ਮਹਿੰਦਰ ਕੌਰ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਭੁਲੇਖ਼ਾ ਸੀ ਕਿ ਕਣਕ ਦੀ ਵਾਢੀ ਮੌਕੇ ਕਿਸਾਨ ਫ਼ਸਲਾਂ ਸੰਭਾਲਣ ਘਰਾਂ ਨੂੰ ਵਾਪਸ ਮੁੜ ਜਾਣਗੇ। ਕਿਸਾਨਾਂ ਵਲੋਂ ਆਪਸ ਵਿੱਚ ਰਲ ਮਿਲ ਕੇ ਵਾਢੀ ਦਾ ਕੰਮ ਨਿਪਟਾਇਆ ਜਾ ਰਿਹਾ ਹੈ। ਕਿਸਾਨਾਂ ਦੇ ਕਣਕ ਦੀ ਸੰਭਾਲ ’ਚ ਜੁਟਣ ਕਰਕੇ ਭਾਵੇਂ ਥੋੜੀ ਬਹੁਤ ਗਿਣਤੀ ਦਿੱਲੀ ਦੇ ਬਾਰਡਰਾਂ ਤੋਂ ਘਟੀ ਹੈ।ਹੁਣ ਕਿਸਾਨਾਂ ਦੀ ਥਾਂ ਬੀਬੀਆਂ ਵਲੋਂ ਮੋਰਚੇ ਸੰਭਾਲੇ ਜਾ ਰਹੇ ਹਨ।
ਉਧਰ ਪਿੰਡ ਭੋਤਨਾ ਤੋਂ ਰਵਾਨਾ ਹੋਣ ਮੌਕੇ ਰਾਜਿੰਦਰ ਕੌਰ, ਕੁਲਵੰਤ ਕੌਰ, ਹਰਬੰਸ ਕੌਰ ਅਤੇ ਪਰਮਜੀਤ ਕੌਰ ਭੋਤਨਾ ਨੇ ਕਿਹਾ ਕਿ ਖੇਤੀ ਕਾਨੂੰਨ ਰੱਦ ਕਰਵਾਏ ਬਿਨਾਂ ਉਹ ਪਿੱਛੇ ਹਟਣ ਵਾਲੇ ਨਹੀਂ ਹਨ। ਜਿੰਨਾਂ ਸਮਾਂ ਕਣਕ ਦੀ ਸੰਭਾਲ ਦਾ ਕੰਮ ਜਾਰੀ ਹੈ।ਉਨ੍ਹਾਂ ਸਮਾਂ ਉਹ ਮੋਰਚੇ ’ਚ ਹਾਜ਼ਰੀ ਭਰਨਗੀਆਂ।ਕੇਂਦਰ ਸਰਕਾਰ ਭਾਵੇਂ ਕਿਸਾਨਾਂ ਅੰਦੋਲਨ ਨੂੰ ਖ਼ਤਮ ਕਰਵਾਉਣ ਲਈ ਸਾਜ਼ਿਸਾਂ ਰਚ ਰਹੀ ਹੈ ਪਰ ਉਹ ਹਰ ਸਾਜ਼ਿਸ ਨੂੰ ਫ਼ੇਲ ਕਰਨਗੇ ਅਤੇ ਖੇਤੀ ਕਾਨੂੰਨ ਰੱਦ ਕਰਵਾ ਕੇ ਹੀ ਦਮ ਲੈਣਗੇ।
ਇਹ ਵੀ ਪੜੋੋ: ਲੋਕਲ ਫਾਰ ਵੋਕਲ: ਰਾਏਗੜਾ ਦਾ ਨਰਮ ਝਾੜੂ ਹੁਣ ਈ-ਮਾਰਕਿਟਿੰਗ 'ਚ ਉਪਲੱਬਧ