ਬਰਨਾਲਾ: ਕੋਰੋਨਾ ਵਾਇਰਸ ਦੇ ਕਾਰਨ ਲੱਗੇ ਕਰਫਿਊ ਵਿੱਚ ਜਿੱਥੇ ਹਰ ਤਰ੍ਹਾਂ ਦੇ ਕਾਰੋਬਾਰ ਠੱਪ ਹੋ ਚੁੱਕੇ ਹਨ, ਉੱਥੇ ਹੀ ਇਸ ਕਰਫ਼ਿਊ ਦਾ ਅਸਰ ਖੁਸ਼ੀ ਤੇ ਗਮੀ ਦੇ ਸਮਾਗਮਾਂ 'ਤੇ ਵੀ ਵੇਖਣ ਨੂੰ ਮਿਲ ਰਿਹਾ ਹੈ। ਇਸ ਕਰਕੇ ਸਾਦੇ ਸਮਾਗਮਾਂ ਦੀ ਕਵਾਇਦ ਮੁੜ ਸ਼ੁਰੂ ਹੋਈ ਹੈ। ਬਰਨਾਲਾ ਵਿੱਚ ਵੀ ਕੁਝ ਇਸੇ ਤਰ੍ਹਾਂ ਦਾ ਵੇਖਣ ਨੂੰ ਮਿਲਿਆ ਹੈ। ਕਰਫਿਊ ਦੌਰਾਨ ਇੱਕ ਵਿਆਹ ਸਾਦੇ ਢੰਗ ਨਾਲ ਹੋਇਆ। ਲਾੜਾ ਮੋਟਰਸਾਈਕਲ 'ਤੇ ਲਾੜੀ ਨੂੰ ਵਿਆਹ ਕੇ ਲਿਆਇਆ।
ਲਾੜੇ ਅਤੇ ਲਾੜੀ ਵੱਲੋਂ ਆਪਣੀ ਸਾਦੇ ਵਿਆਹ 'ਤੇ ਖੁਸ਼ੀ ਪ੍ਰਗਟ ਕੀਤੀ ਗਈ। ਇਸ ਮੌਕੇ ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਹੋਏ ਲਾੜੇ ਸੰਦੀਪ ਸਿੰਘ ਅਤੇ ਹਰਵਿੰਦਰ ਕੌਰ ਨੇ ਕਿਹਾ ਕਿ ਅੱਜ ਤੋਂ ਚਾਲੀ ਸਾਲ ਪਹਿਲਾਂ ਇਸੇ ਤਰ੍ਹਾਂ ਸਾਦੇ ਢੰਗ ਨਾਲ ਵਿਆਹ ਹੁੰਦੇ ਸਨ, ਜੋ ਅੱਜ ਵੀ ਹੋਣੇ ਚਾਹੀਦੇ ਹਨ। ਅੱਜ ਲੋਕ ਦਿਖਾਵਾਬਾਜ਼ੀ ਕਰਨ ਲਈ ਵਿਆਹ ਸਮਾਗਮਾਂ 'ਤੇ ਲੱਖਾਂ ਕਰੋੜਾਂ ਰੁਪਏ ਦੀ ਫਜ਼ੂਲ ਖਰਚੀ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਅੱਜ ਵਿਆਹ ਕਰਵਾਉਣ ਮੈਂ ਅਤੇ ਮੇਰੇ ਪਿਤਾ ਦੋ ਮੋਟਰਸਾਈਕਲਾਂ 'ਤੇ ਗਏ ਸੀ। ਜਿਸ ਦੀ ਸਾਨੂੰ ਪੂਰੀ ਖ਼ੁਸ਼ੀ ਹੈ।
ਵਿਆਹ ਸਮਾਗਮ ਮੌਕੇ ਰੱਖੇ ਗਏ ਸੋਸ਼ਲ ਡਿਸਟੈਂਸ ਕਰਕੇ ਬਰਨਾਲਾ ਪੁਲਿਸ ਵੱਲੋਂ ਇਸ ਦੀ ਪ੍ਰਸੰਸਾ ਕੀਤੀ ਗਈ ਹੈ। ਇਸ ਮੌਕੇ ਲਾੜੇ ਦੇ ਪਿਤਾ ਅਵਤਾਰ ਸਿੰਘ ਨੇ ਕਿਹਾ ਕਿ ਉਸ ਨੂੰ ਆਪਣੇ ਪੁੱਤਰ ਦੇ ਸਾਦੇ ਢੰਗ ਨਾਲ ਕੀਤੇ ਗਏ ਵਿਆਹ ਦੀ ਖੁਸ਼ੀ ਹੈ। ਇਸ ਵਿਆਹ ਮੌਕੇ ਕੋਰੋਨਾ ਤੋਂ ਬਚਾਅ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਸਮਾਜਿਕ ਫਾਸਲੇ ਦਾ ਵਿਸ਼ੇਸ਼ ਧਿਆਨ ਰੱਖਿਆ ਗਿਆ। ਲੜਕੀ ਵਾਲੇ ਦੇ ਘਰ ਜਾ ਕੇ ਖਾਣਾ ਵੀ ਨਹੀਂ ਖਾਧਾ ਅਤੇ ਇੱਕ ਪੈਸੇ ਭਰ ਦਾ ਦਾਜ ਵੀ ਨਹੀਂ ਲਿਆ ਗਿਆ।
ਇਸ ਮੌਕੇ ਬਰਨਾਲਾ ਪੁਲਿਸ ਵੱਲੋਂ ਵੀ ਇਸ ਸਾਦੇ ਢੰਗ ਨਾਲ ਸਮਾਜਿਕ ਫਾਸਲੇ ਦਾ ਵਿਸ਼ੇਸ਼ ਧਿਆਨ ਰੱਖ ਕੇ ਕਰਵਾਏ ਗਏ ਵਿਆਹ ਦੀ ਖੂਬ ਪ੍ਰਸੰਸ਼ਾ ਕੀਤੀ ਗਈ। ਬਰਨਾਲਾ ਪੁਲਿਸ ਦੇ ਏਐੱਸਆਈ ਮਹਿੰਦਰ ਸਿੰਘ ਨੇ ਕਿਹਾ ਕਿ ਇਸ ਤਰ੍ਹਾਂ ਸਾਦੇ ਢੰਗ ਨਾਲ ਵਿਆਹ ਕਰਵਾਉਣਾ ਇੱਕ ਚੰਗੀ ਰਵਾਇਤ ਹੈ, ਜਿਸ ਨੂੰ ਸਾਰੇ ਸਮਾਜ ਨੂੰ ਪੜਾਉਣਾ ਚਾਹੀਦਾ ਹੈ।