ਬਰਨਾਲਾ: ਕੋਰੋਨਾ ਵਾਇਰਸ ਕਾਰਨ ਲਗਾਏ ਗਏ ਕਰਫ਼ਿਊ ਦੌਰਾਨ ਪੁਲਿਸ ਮੁਲਾਜ਼ਮ ਲਗਾਤਾਰ ਦਿਨ ਰਾਤ ਆਪਣੀ ਡਿਊਟੀ ਸੜਕਾਂ ਕਿਨਾਰੇ ਨਿਭਾ ਰਹੇ ਹਨ। ਇਨ੍ਹਾਂ ਪੁਲਿਸ ਮੁਲਾਜ਼ਮਾਂ ਦੀ ਪ੍ਰਧਾਨ ਮੰਤਰੀ, ਮੁੱਖ ਮੰਤਰੀ ਤੋਂ ਲੈ ਕੇ ਹਰ ਆਮ ਵਿਅਕਤੀ ਵਲੋਂ ਸ਼ਾਲਾਘਾ ਕੀਤੀ ਜਾ ਰਹੀ ਹੈ।
ਬਰਨਾਲਾ ਵਿਖੇ ਵੀ ਐਸਐਸਪੀ ਸੰਦੀਪ ਗੋਇਲ ਵਲੋਂ ਲਗਾਤਾਰ ਡਿਊਟੀ ਕਰ ਰਹੇ ਪੁਲਿਸ ਮੁਲਾਜ਼ਮਾਂ ਦਾ ਵੱਖ-ਵੱਖ ਤਰੀਕਿਆਂ ਨਾਲ ਹੌਂਸਲਾ ਵਧਾਇਆ ਜਾ ਰਿਹਾ ਹੈ। ਇਸ ਤਹਿਤ ਅੱਜ ਐਸਐਸਪੀ ਬਰਨਾਲਾ ਵਲੋਂ ਸ਼ਹਿਰ ਵਿੱਚ ਡਿਊਟੀ ਉੱਤੇ ਤਾਇਨਾਤ ਪੁਲਿਸ ਮੁਲਾਜ਼ਮਾਂ ਨਾਲ ਬੈਠ ਕੇ ਖਾਣਾ ਖਾਣ ਦਾ ਪ੍ਰੋਗਰਾਮ ਬਣਾਇਆ ਗਿਆ।
ਐਸਐਸਪੀ ਸੰਦੀਪ ਗੋਇਲ ਨੇ ਕਿਹਾ ਕਿ ਇਹ ਮੁਲਾਜ਼ਮ ਦਿਨ ਰਾਤ ਡਿਊਟੀ ਕਰਕੇ ਲੋਕਾਂ ਨੂੰ ਇਸ ਭਿਆਨਕ ਵਾਇਰਸ ਤੋਂ ਬਚਾਉਣ ਲਈ ਯਤਨ ਕਰ ਰਹੇ ਹਨ। ਮੁਲਾਜ਼ਮਾਂ ਨਾਲ ਬੈਠ ਕੇ ਖਾਣਾ ਖਾਣ ਦਾ ਮਕਸਦ ਇਹ ਹੈ ਕਿ ਅਸੀਂ ਇਨ੍ਹਾਂ ਮੁਲਾਜ਼ਮਾਂ ਦੇ ਹਰ ਪੱਖ ਤੋਂ ਨਾਲ ਹਾਂ ਤੇ ਇਸ ਤਰ੍ਹਾਂ ਨਾਲ ਪੁਲਿਸ ਮੁਲਾਜ਼ਮਾਂ ਦਾ ਮਨੋਬਲ ਹੋਰ ਵੱਧਦਾ ਹੈ।
ਇਸ ਮੌਕੇ ਗੱਲਬਾਤ ਕਰਦਿਆਂ ਐਸਐਸਪੀ ਸੰਦੀਪ ਗੋਇਲ ਨੇ ਕਿਹਾ ਕਿ ਕੋਰੋਨਾ ਵਾਇਰਸ ਦੀ ਲੜਾਈ ਵਿੱਚ ਫਰੰਟ ਲਾਈਨ ਦੇ ਯੋਧੇ ਡਾਕਟਰ, ਪੁਲਿਸ ਮੁਲਾਜ਼ਮ ਅਤੇ ਸਫ਼ਾਈ ਕਰਮਚਾਰੀ ਹਨ। ਪੁਲਿਸ ਮੁਲਾਜ਼ਮਾਂ ਨਾਲ ਬੈਠ ਕੇ ਖਾਣਾ ਖਾਣ ਦਾ ਮਕਸਦ ਇਨ੍ਹਾਂ ਮੁਲਾਜ਼ਮਾਂ ਦਾ ਹੌਂਸਲਾ ਵਧਾਉਣਾ ਹੈ।