ਬਰਨਾਲਾ: ਜਦੋਂ ਬੱਚੇ ਕਾਮਯਾਬ ਹੁੰਦੇ ਨੇ ਤਾਂ ਸਭ ਤੋਂ ਜਿਆਦਾ ਖੁਸ਼ ਮਾਪੇ ਹੁੰਦੇ ਹਨ। ਅਜਿਹੀ ਹੀ ਖੁਸ਼ੀ ਬਰਨਾਲਾ ਦੀ ਕਿਰਨਦੀਪ ਕੌਰ ਨੇ ਜੱਜ ਬਣ ਕੇ ਆਪਣੇ ਮਾਪਿਆਂ ਨੂੰ ਦਿੱਤੀ ਹੈ। ਉਸਦੀ ਇਸ ਕਾਮਯਾਬੀ ਨਾਲ ਉਸਦੇ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਹੈ। ਕਿਰਨਦੀਪ ਕੌਰ ਦੀ ਇਸ ਕਾਮਯਾਬੀ ਪਿੱਛੇ ਉਸਦੇ ਪਿਤਾ ਦਾ ਵੱਡਾ ਸੰਘਰਸ਼ ਰਿਹਾ ਹੈ। ਉਸਦੇ ਪਿਤਾ ਇੱਕ ਸਰਕਾਰੀ ਰੋਡਵੇਜ਼ ਦੇ ਡਰਾਈਵਰ ਹਨ। ਜਿਹਨਾਂ ਨੇ 16 ਸਾਲ ਟੈਕਸੀ ਚਲਾ ਕੇ ਘਰ ਚਲਾਇਆ ਅਤੇ ਲੰਬੇ ਸਮੇਂ ਤੋਂ ਡਰਾਈਵਰੀ ਦੀ ਸੰਘਰਸ਼ੀ ਨੌਕਰੀ ਕਰ ਰਹੇ ਹਨ। ਕਿਰਨਦੀਪ ਆਪਣੀ ਇਸ ਪ੍ਰਾਪਤੀ ਦਾ ਸਿਹਰਾ ਮਾਪਿਆਂ ਖਾਸ ਕਰ ਆਪਣੇ ਪਿਤਾ ਸਿਰ ਬੰਨ੍ਹ ਰਹੀ ਹੈ।
ਸੁਪਨਾ ਜੱਜ ਬਨਣ ਦਾ: ਇਸ ਮੌਕੇ ਕਿਰਨਦੀਪ ਕੌਰ ਨੇ ਕਿਹਾ ਕਿ ਅੱਜ ਦਾ ਦਿਨ ਉਸ ਲਈ ਬਹੁਤ ਖੁਸ਼ੀ ਵਾਲਾ ਹੈ ਅਤੇ ਉਸ ਕੋਲ ਖੁਸ਼ੀ ਜ਼ਾਹਿਰ ਕਰਨ ਲਈ ਸ਼ਬਦ ਨਹੀਂ ਹਨ। ਕਿਰਨ ਨੇ ਆਖਿਆ ਕਿ ਜੁਡੀਸ਼ੀਅਲ ਅਫ਼ਸਰ ਬਨਣ ਦਾ ਬਚਪਨ ਤੋਂ ਸੁਪਨਾ ਸੀ ਅਤੇ ਅੱਜ ਮੇਰੇ ਮਾਪਿਆਂ ਨੂੰ ਮਾਣ ਮਹਿਸੂਸ ਕਰਵਾ ਕੇ ਬਹੁਤ ਖੁਸ਼ੀ ਹੋ ਰਹੀ ਹੈ। ਉਸਨੇ ਦੱਸਿਆ ਕਿ ਉਸਨੇ ਚੰਡੀਗੜ੍ਹ ਤੋਂ ਆਪਣੀ ਬੀਏ ਐਲਐਲਬੀ ਦੀ ਪੜ੍ਹਾਈ ਕੀਤੀ ਸੀ। ਪੰਜਾਬ ਯੂਨੀਵਰਸਿਟੀ ਤੋਂ ਉਹ ਟਾਪਰ ਵੀ ਰਹਿ ਚੁੱਕੀ ਹੈ। ਉਸਨੇ ਕਿਹਾ ਕਿ ਮੇਰੇ ਅਧਿਆਪਕਾਂ ਨੂੰ ਵੀ ਮੇਰੇ ਉਪਰ ਬਹੁਤ ਵਿਸ਼ਵਾਸ਼ ਸੀ ਕਿ ਮੈਂ ਜੱਜ ਜ਼ਰੂਰ ਬਣਾਂਗੀ। ਮੈਂ 2021 ਵਿੱਚ ਆਪਣੀ ਕੋਚਿੰਗ ਸ਼ੁਰੂ ਕੀਤੀ ਸੀ। ਲਗਾਤਾਰ ਆਪਣਾ ਮੁਕਾਮ ਹਾਸਲ ਕਰਨ ਲਈ ਮਿਹਨਤ ਕੀਤੀ। ਮੇਰੀ ਇਸ ਕਾਮਯਾਬੀ ਵਿੱਚ ਮੇਰੇ ਮਾਪਿਆਂ ਦਾ ਬਹੁਤ ਵੱਡਾ ਰੋਲ ਰਿਹਾ ਹੈ।
ਉਹਨਾਂ ਕਿਹਾ ਕਿ ਜਦੋਂ ਕੱਲ੍ਹ ਸ਼ਾਮ ਨੂੰ ਪੇਪਰ ਦਾ ਨਤੀਜਾ ਆਇਆ ਤਾਂ ਸਾਰੇ ਪਰਿਵਾਰ ਵਿੱਚ ਤਿਉਹਾਰ ਵਰਗਾ ਮਾਹੌਲ ਸੀ। ਉਹਨਾਂ ਕਿਹਾ ਕਿ ਛੋਟੇ ਹੁੰਦੇ ਹੀ ਉਸਦਾ ਸੁਪਨਾ ਜੱਜ ਬਨਣ ਦਾ ਸੀ। ਉਸਨੇ ਜੱਜ ਬਨਣ ਲਈ ਆਪਣਾ ਸਭ ਕੁੱਝ ਲਗਾ ਦਿੱਤਾ। ਉਹਨਾਂ ਕਿਹਾ ਕਿ ਮੈਂ ਨੌਕਰੀ ਕਰਨ ਦੇ ਨਾਲ ਨਾਲ ਆਪਣਾ ਪੇਪਰ ਦਿੱਤਾ ਸੀ ਅਤੇ ਪਹਿਲੀ ਵਾਰ ਵਿੱਚ ਹੀ ਪੇਪਰ ਪਾਸ ਹੋ ਗਿਆ। ਕਿਰਨ ਨੇ ਕਿਹਾ ਕਿ ਮੇਰਾ ਪੜ੍ਹਾਈ ਉਪਰ ਫ਼ੋਕਸ ਬਹੁਤ ਰਿਹਾ ਅਤੇ ਇਹੀ ਮੇਰੀ ਕਾਮਯਾਬੀ ਦਾ ਕਾਰਨ ਬਣਿਆ। ਉਹਨਾਂ ਕਿਹਾ ਕਿ ਮੇਰੇ ਪਾਪਾ ਰੋਡਵੇਜ਼ ਦੇ ਡਰਾਇਵਰ ਸਨ ਤੇ ਉਹਨਾਂ ਨੂੰ ਦੇਖ-ਦੇਖ ਇਹ ਸੋਚਿਆ ਸੀ ਕਿ ਮੈਂ ਜਿੰਦਗੀ ਵਿੱਚ ਵਨ ਕਲਾਸ ਅਫਸਰ ਬਨਣਾ ਹੈ ਅਤੇ ਅੱਜ ਮੈਂ ਇਹ ਮੁਕਾਮ ਹਾਸਲ ਕੀਤਾ ਹੈ।
ਮਾਪਿਆਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ: ਇਸ ਮੌਕੇ ਜੱਜ ਬਣੀ ਲੜਕੀ ਦੇ ਪਿਤਾ ਹਰਪਾਲ ਸਿੰਘ ਨੇ ਕਿਹਾ ਕਿ ਮੈਂ ਆਪਣੇ ਸਕੂਲ ਟਾਈਮ ਤੋਂ ਬਾਅਦ 16 ਸਾਲ ਲਗਾਤਾਰ ਟੈਕਸੀ ਚਲਾ ਕੇ ਆਪਣਾ ਪਰਿਵਾਰ ਪਾਲਿਆ। ਇਸ ਉਪਰੰਤ ਪੰਜਾਬ ਰੋਡਵੇਜ਼ ਵਿੱਚ 1998 ਵਿੱਚ ਦੀ ਨੌਕਰੀ ਮਿਲੀ। ਜਿੰਦਗੀ ਵਿੱਚ ਬਹੁਤ ਮਿਹਨਤ ਕਰਕੇ ਬੱਚਿਆਂ ਨੂੰ ਪੜ੍ਹਾਇਆ ਦਿੱਤੀ। ਅੱਜ ਵੀ ਉਹ ਰੋਡਵੇਜ਼ ਵਿੱਚ ਨੌਕਰੀ ਕਰ ਰਹੇ ਹਨ। ਉਹਨਾਂ ਕਿਹਾ ਕਿ ਅੱਜ ਬਹੁਤ ਖੁਸ਼ੀ ਹੈ ਕਿ ਮੇਰੀ ਬੇਟੀ ਜੱਜ ਬਣੀ ਹੈ। ਮੇਰੇ ਦੋਵੇਂ ਬੱਚੇ ਹੀ ਬਹੁਤ ਹੁਸ਼ਿਆਰ ਅਤੇ ਲਾਇਕ ਨਿਕਲੇ ਹਨ। ਮੇਰਾ ਬੇਟਾ ਵੀ ਪਟਵਾਰੀ ਹੈ ਅਤੇ ਹੁਣ ਮੇਰੀ ਬੇਟੀ ਜੱਜ ਬਣੀ ਹੈ। ੳੱੁਥੇ ਜੱਜ ਬਣੀ ਲੜਕੀ ਦੀ ਮਾਂ ਨੇ ਕਿਹਾ ਕਿ ਉਹਨਾਂ ਦੀ ਬੇਟੀ ਨਰਸਰੀ ਕਲਾਸ ਤੋਂ ਹੁਸ਼ਿਆਰ ਸੀ। ਇਸਦਾ ਛੋਟੇ ਹੁੰਦੇ ਤੋਂ ਹੀ ਜੱਜ ਬਨਣ ਦਾ ਸੁਪਨਾ ਸੀ, ਜੋ ਅੱਜ ਸਾਕਾਰ ਹੋਇਆ ਹੈ।ਉਹਨਾਂ ਕਿਹਾ ਕਿ ਮੇਰੀ ਬੇਟੀ ਪੜ੍ਹਾਈ ਦੇ ਨਾਲ ਨਾਲ ਘਰ ਦੇ ਕੰਮ ਵਿੱਚ ਸਾਥ ਦਿੰਦੀ ਰਹੀ ਹੈ।